ਅੱਜ ‘ਬੇਲ’ – ਕੱਲ੍ਹ ਜੇਲ ਵਿਚ ਹੋਵੇਗਾ ਕੇਜਰੀਵਾਲ : ਮਜੀਠੀਆ
ਮਜੀਠੀਆ ਨਾਲ ਇਕਮੁੱਠਤਾ ਪ੍ਰਗਟਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਅੰਮ੍ਰਿਤਸਰ ਪੁੱਜੇ
ਅੰਮ੍ਰਿਤਸਰ, 29 ਜੁਲਾਈ (ਮਧੂਸਾਰ ਬਿਊਰੋ)
ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਸਬਕ ਸਿਖਾਉਣ ਅਤੇ ਮੁਜ਼ਰਮ ਅਰਵਿੰਦ ਕੇਜਰੀਵਾਲ ਵਜੋਂ ਨਾਮਜ਼ਦ ਕਰਨ ਲਈ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਨ ਲਈ ਮਨੁੱਖੀ ਸਿਰਾਂ ਦਾ ਠਾਂਠਾ ਮਾਰਦਾ ਇਕੱਠ ਸਥਾਨਕ ਜ਼ਿਲ੍ਹਾ ਕਚਿਹਰੀਆਂ ਵਿਖੇ ਉਮੜਿਆ।
ਅੱਜ ਜਿੱਥੇ 20 ਹਜ਼ਾਰ ਤੋਂ ਵੀ ਜ਼ਿਆਦਾ ਨੌਜਵਾਨ ਅਚਾਨਕ ਜ਼ਿਲ੍ਹਾ ਕਚਿਹਰੀਆਂ ਅੰਦਰ ਅਤੇ ਬਾਹਰ ਇਕੱਠੇ ਹੋਏ ਉਥੇ ਅਨੇਕਾਂ ਹੋਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਆਵਾਜਾਈ ਜਾਮ ਹੋ ਜਾਣ ਕਾਰਨ ਫਸ ਕੇ ਰਹਿ ਗਏ, ਜਦੋਂ ਕਿ ਆਪ ਵੱਲੋਂ ਕੇਜਰੀਵਾਲ ਦੇ ਹੱਕ ਵਿਚ ਇਕੱਠੇ ਹੋਣ ਲਈ ਦਿੱਤੇ ਗਏ ਰਾਜ ਪੱਧਰੀ ਸੱਦੇ ਨੂੰ ਕੋਈ ਹੁੰਗਾਰਾ ਨਾ ਮਿਲਿਆ।
ਸ. ਮਜੀਠੀਆ, ਜੋ ਵੱਡੀ ਗਿਣਤੀ ਵਿਚ ਇਕੱਠੇ ਹੋਏ ਜੋਸ਼ੀਲੇ ਨੌਜਵਾਨਾਂ ਦੇ ਇਕੱਠ ਕਾਰਨ ਬੜੀ ਮੁਸ਼ਿਕਲ ਨਾਲ ਅਦਾਲਤ ਕੰਪਲੈਕਸ ਵਿਚ ਦਾਖਲ ਹੋਏ, ਨੇ ਵਧੀਕ ਮੁੱਖ ਨਿਆਂਕਿ ਮੈਜਿਸਟਰੇਟ ਦੀ ਅਦਾਲਤ ਵਿਚ ਹਾਜ਼ਰੀ ਲਗਾ ਕੇ ਮੁਜ਼ਰਮਾਨਾ ਮਾਣਹਾਨੀ ਦੋਸ਼ਾਂ ਤਹਿਤ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜੇ ਜਾਣ ਦਾ ਮੁੱਢ ਬੰਨਿਆ।
ਇਸ ਮੌਕੇ ਮੀਡੀਏ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੇ ਇਸ ਮਾਮਲੇ ਦੀ ਰੋਜ਼ਾਨਾ ਅਧਾਰ ‘ਤੇ ਸੁਣਵਾਈ ਦੀ ਅਰਜ਼ੀ ਦਾਖਲ ਕਰਨ ਤੋਂ ਨਾਂਹ ਕਰਕੇ ਆਪਣਾ ਦੋਸ਼ ਕਬੂਲ ਕਰ ਲਿਆ ਹੈ ਅਤੇ ਅੱਜ ਤੋਂ ਉਸਦੇ ਨਾਂਅ ਅੱਗੇ ਮੁਜ਼ਰਮ ਜੁੜ ਗਿਆ ਹੈ। ਉਨਾਂ ਕਿਹਾ ਕਿ ਇਹ ਮੇਰੀ ਅਤੇ ਮੇਰੇ ਪਰਿਵਾਰ ਦੀ ਹੀ ਨਹੀਂ, ਬਲਕਿ ਸਮੁੱਚੇ ਪੰਜਾਬੀ ਭਾਈਚਾਰੇ ਦੀ ਜਿੱਤ ਹੈ। ਉਨਾਂ ਕਿਹਾ ਕਿ ਪੰਜਾਬ ਦੇ ਸਵੈਮਾਣ ਨਾਲ ਜੁੜੇ ਇਸ ਅਹਿਮ ਮੁੱਦੇ ‘ਤੇ ਪੰਜਾਬੀ ਭਾਈਚਾਰੇ ਵੱਲੋਂ ਦਿੱਤੇ ਗਏ ਇਸ ਭਰਵੇਂ ਹੁੰਗਾਰੇ ਨੂੰ ਉਹ ਹਮੇਸ਼ਾਂ ਯਾਦ ਰੱਖਣਗੇ, ਕਿਉਂਕਿ ਸਮੁੱਚੇ ਭਾਈਚਾਰੇ ਨੇ ਇਸ ਨੂੰ ਆਪਣਾ ਨਿੱਜੀ ਮੁੱਦਾ ਬਣਾ ਕੇ ਹਮਾਇਤ ਕੀਤੀ ਹੈ। ਉਨਾਂ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਆਖਿਰਕਾਰ ਆਪਣੇ ਹੀ ਝੂਠ ਅਤੇ ਫਰੇਬ ਦੇ ਮੱਕੜ ਜਾਲ ਵਿਚ ਫਸ ਗਿਆ ਹੈ। ਸ. ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਇਸ ਮਾਮਲੇ ਵਿਚ ਜ਼ਮਾਨਤ ਲੈ ਕੇ ਕਾਨੂੰਨ ਦੇ ਸ਼ਿਕੰਜੇ ਵਿਚੋਂ ਨਹੀਂ ਨਿਕਲ ਸਕਦਾ, ਇਸ ਹੰਕਾਰੇ ਆਗੂ ਲਈ ਅੱਜ ‘ਬੇਲ’ ਤੇ ਕੱਲ ਜੇਲ੍ਹ ਦਾ ਮੁੱਦਾ ਹੈ, ਉਹ ਭੱਜ ਤਾਂ ਸਕਦਾ ਹੈ, ਪਰ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕੇਗਾ।
ਕੇਜਰੀਵਾਲ ਅਤੇ ਉਸਦੇ ਹਮਾਇਤੀਆਂ ਦੇ ਗਰੋਹ ਹੀ ਅਲੀ ਬਾਬਾ ਤੇ ਚਾਲੀ ਚੋਰਾਂ ਨਾਲ ਤੁਲਨਾ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਫੌਜਦਾਰੀ ਕੇਸਾਂ ਵਿਚ ਸ਼ਾਮਿਲ ਆਪ ਵਿਧਾਇਕਾਂ ਦੀ ਗਿਣਤੀ ਇਕ ਦਰਜਨ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਚਾਲੀ ਤੋਂ ਵੱਧ ਹੋ ਜਾਵੇਗੀ। ਉਨਾਂ ਕਿਹਾ ਕਿ ਕੇਜਰੀਵਾਲ ਅਜਿਹੇ ਗਿਰੋਹ ਦੀ ਰ ਅਗਵਾਈ ਕਰ ਰਿਹਾ ਹੈ, ਜਿਸਦੇ ਮੈਂਬਰ ਔਰਤਾਂ ਨਾਲ ਛੇੜਛਾੜ ਅਤੇ ਉਨਾਂ ਦੇ ਸੋਸ਼ਣ ਲਈ ਜ਼ਿੰਮੇਵਾਰ ਹਨ ਅਤੇ ਉਨਾਂ ਵੱਲੋਂ ਸੰਸਦ ਦੇ ਸੁਰੱਖਿਆ ਪ੍ਰਬੰਧਾਂ ਦੀ ਲਾਈਵ ਫੁਟੇਜ਼ ਜਾਰੀ ਕਰਨ ਵਾਲੇ ਆਪਣੇ ਸੰਸਦ ਮੈਂਬਰ ਭਗਵੰਤ ਮਾਨ ਦੀ ਦੇਸ਼ ਵਿਰੋਧੀ ਕਾਰਵਾਈ ਜਿਹੇ ਬੱਜਰ ਜ਼ੁਰਮਾਂ ਵਿਚ ਸ਼ਾਮਿਲ ਹਨ। ਉਨਾਂ ਕਿਹਾ ਕਿ ਉਹ ਆਪਣੇ ਸਾਥੀਆਂ ਦੀਆਂ ਸਾਰੀਆਂ ਅਜਿਹੀਆਂ ਕਰਤੂਤਾਂ ਦੀ ਹਮਾਇਤ ਕਰਦਾ ਹੈ, ਪਰੰਤੂ ਜਦੋਂ ਉਸਦੇ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਉਸਦੇ ਪ੍ਰਮੁੱਖ ਸਕੱਤਰ ਦੇ ਦਫਤਰ ਦੀ ਤਲਾਸ਼ੀ ਹੁੰਦੀ ਹੈ, ਤਾਂ ਉਹ ਚੀਕਾਂ ਮਾਰਨ ਲੱਗ ਜਾਂਦਾ ਹੈ। ਇਸੇ ਤਰਾਂ ਉਹ ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਦਾ ਤਾਂ ਹੈ, ਪਰ ਲਾਲੂ ਪ੍ਰਸ਼ਾਦ ਯਾਦਵ ਨੂੰ ਜੱਫੀਆਂ ਵੀ ਪਾਉਂਦਾ ਹੈ।
ਮੌਜੂਦਾ ਦਿੱਲੀ ਸਰਕਾਰ ਨੂੰ ਸਿਫ਼ਰ ਪ੍ਰਸ਼ਾਸਨ ਤੇ ਸੌ ਫੀਸਦੀ ਨੌਟੰਕੀ ਕਰਾਰ ਦਿੰਦੇ ਮਾਲ ਮੰਤਰੀ ਨੇ ਕਿਹਾ ਕਿ ਉਸ ਵੱਲੋਂ ਕੀਤੇ ਜਾਂਦੇ ਅਜਿਹੇ ਚੋਚਲਿਆਂ ਨੂੰ ਹੋਰ ਕੀ ਕਿਹਾ ਜਾ ਸਕਦਾ ਹੈ। ਉਨਾਂ ਕਿਹਾ ਕਿ ਪਹਿਲਾਂ ਉਹ ਮੁਕੇਸ਼ ਅੰਬਾਨੀ ਵਿਰੁੱਧ ਗੰਭੀਰ ਬਿਆਨਬਾਜ਼ੀ ਕਰਦਾ ਰਿਹਾ, ਫਿਰ ਯੂ. ਪੀ. ਏ. ਸਰਕਾਰ ਦੌਰਾਨ ਗਾਂਧੀ ਪਰਿਵਾਰ ਤੋਂ ਆਪਣੀ ਜਾਨ ਨੂੰ ਖ਼ਤਰਾ ਹੋਣ ਦੀ ਦੁਹਾਈ ਪਾਉਂਦਾ ਰਿਹਾ ਅਤੇ ਹੁਣ ਅਜਿਹੀ ਹੀ ਬੇਤੁਕੀ ਬਿਆਨਬਾਜ਼ੀ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਕਰ ਰਿਹਾ ਹੈ। ਅਸੀਲਅਤ ਇਹ ਹੈ ਕਿ ਉਸਦੀ ਆਪਣੀ ਹੀ ਪਾਰਟੀ ਦਾ ਵਿਧਾਇਕ ਉਸ ਨੂੰ ਧਮਕਾਉਣ ਦੇ ਇਲਜ਼ਾਮ ਲਗਾ ਰਿਹਾ ਹੈ। ਸ. ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਦੀ ਅਪਰਾਧਿਕ ਬਿਰਤੀ ਦਾ ਅੰਦਾਜ਼ਾ ਇਸ ਗੱਲੋਂ ਭਲੀਭਾਂਤ ਲੱਗ ਜਾਂਦਾ ਹੈ ਕਿ ਉਸ ਵੱਲੋਂ ਚੋਣ ਲੜਨ ਮੌਕੇ ਦਿੱਤੇ ਗਏ ਹਲਫਨਾਮੇ ਵਿਚ ਆਪਣੇ ਖਿਲਾਫ ਦਰਜਨ ਤੋਂ ਵੀ ਵੱਧ ਫੌਜਦਾਰੀ ਕੇਸ ਦਰਜ ਹੋਣ ਦੀ ਗੱਲ ਕਬੂਲ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਇਕ ਕੱਟੜ ਅਤੇ ਆਦਤਨ ਅਪਰਾਧੀ ਵੀ ਹੈ।
ਮਜੀਠੀਆ ਨੇ ਕਿਹਾ ਕਿ ਬਹਾਦਰ ਪੰਜਾਬੀ ਦਿੱਲੀ ਦੇ ਮੁੱਖ ਮੰਤਰੀ ਦੀਆਂ ਸਾਰੀਆਂ ਨੌਟੰਕੀਆਂ ਨੂੰ ਖਤਮ ਕਰ ਦੇਣਗੇ। ਉਨਾਂ ਕਿਹਾ ਕਿ ਇਹ ਵੀ ਜਾਪਦਾ ਹੈ ਕਿ ਕੇਜਰੀਵਾਲ ਦੀ ਆਰਜਕਤਾਵਾਦੀ ਪਹੁੰਚ ਨੂੰ ਕੁੱਝ ਵਿਦੇਸ਼ੀ ਤਾਕਤਾਂ ਦੀ ਸ਼ਹਿ ਪ੍ਰਾਪਤ ਹੈ, ਜੋ ਪੰਜਾਬ ਅੰਦਰ ਬੜੀ ਮੁਸ਼ਿਕਲ ਕਾਇਮ ਹੋਏ ਅਮਨ-ਸਾਂਤੀ ਦੇ ਮਾਹੌਲ ਨੂੰ ਭੰਗ ਕਰਨ ਲਈ ਹਰ ਹੀਲਾ ਵਰਤ ਰਹੀਆਂ ਹਨ। ਉਨਾਂ ਕਿਹਾ ਕਿ ਪੰਜਾਬੀ ਉਸਦੀ ਸਮੁੱਚੀ ਖੇਡ ਨੂੰ ਸਮਝਦੇ ਹਨ, ਕਿਉਂਕਿ ਉਹ ਉਸਦੀ ਦਿੱਲੀ ਵਿਚਲੀ ਕਾਰਗੁਜ਼ਾਰੀ ਅਤੇ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਨਿਰੰਤਰ ਪਾਲੇ ਬਦਲਣ ਦੀ ਸਿਆਸਤ ਨੂੰ ਪੂਰੀ ਤਰਾਂ ਸਮਝ ਚੁੱਕੇ ਹਨ। ਉਨਾਂ ਕਿਹਾ ਕਿ ਦਿੱਲੀ ਵਿਚ ਹਾਲੀਆ ਨਗਰ ਨਿਗਮ ਉਪ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹੋਈ ਦੁਰਗਤ ਕੇਜਰੀਵਾਲ ਦੀ ਹਰਮਨ ਪਿਆਰਤਾ ਦਾ ਤਾਜ਼ਾ ਨਮੂਨਾ ਹੈ। ਉਨਾਂ ਕਿਹਾ ਕਿ ਕੇਜਰੀਵਾਲ ਦੀ ਹਾਊਮੇ, ਤਾਨਾਸ਼ਾਹੀ ਰਵਈਆ, ਨਿਰੰਤਰ ਝੂਠ ਅਤੇ ਧੋਖਾਦੇਹੀ ਵਾਲੀ ਪਰਵਿਰਤੀ ਨੇ ਆਮ ਆਦਮੀ ਪਾਰਟੀ ਦੇ ਪ੍ਰਸ਼ਾਂਤ ਭੂਸ਼ਣ ਅਤੇ ਜੋਗਿੰਦਰ ਯਾਦਵ ਜਿਹੇ ਸੰਸਥਾਪਕ ਮੈਂਬਰਾਂ ਨੂੰ ਵੀ ਜਿੱਥੇ ਦਰ-ਕਿਨਾਰ ਕਰ ਦਿੱਤਾ ਹੈ, ਉਥੇ ਅੱਧੇ ਸੰਸਦ ਮੈਂਬਰ ਵੀ ਉਸ ਨਾਲੋਂ ਕਿਨਾਰਾ ਕਰ ਗਏ ਹਨ। ਉਸਨੇ ਤਾਂ ਆਪਣੇ ਗੁਰੂ ਅੰਨਾ ਹਜ਼ਾਰੇ ਨੂੰ ਵੀ ਆਪਣੇ ਸੌੜੇ ਸਿਆਸੀ ਹਿਤਾਂ ਲਈ ਨਹੀਂ ਬਖਸ਼ਿਆ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਹਾਲੀਆ ਘਟਨਾਵਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੇਜਰੀਵਾਲ ਇਸ ਸੰਵੇਦਨਸ਼ੀਲ ਸਰਹੱਦੀ ਸੂਬੇ ਅੰਦਰ ਅਰਾਜਕਤਾ ਫੈਲਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਉਨਾਂ ਕਿਹਾ ਕਿ ਕੋਈ ਵਿਅਕਤੀ ਉਸ ਤੋਂ ਪੰਜਾਬ ਜਾਂ ਪੰਜਾਬੀਆਂ ਦੇ ਭਲੇ ਦੀ ਆਸ ਕਿਵੇਂ ਰੱਖ ਸਕਦਾ ਹੈ, ਕਿਉਂਕਿ ਉਸਨੇ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਦੁਨੀਆਂ ਭਰ ਵਿਚ ਨਸ਼ੜੀਆਂ ਵਜੋਂ ਪ੍ਰਚਾਰਨ ਲਈ ਪੂਰੀ ਵਾਹ ਲਗਾ ਦਿੱਤੀ ਹੈ, ਉਥੇ ਐਸ ਵਾਈ ਐਲ ਨਹਿਰ ਦੇ ਮੁੱਦੇ ‘ਤੇ ਹਰਿਆਣਾ ਦਾ ਪੱਖ ਪੂਰਦੇ ਪੰਜਾਬ ਦੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ, ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿਲੋਂ, ਡਾ. ਦਲਜੀਤ ਸਿੰਘ ਚੀਮਾ ਅਤੇ ਸੋਹਣ ਸਿੰਘ ਠੰਡਲ (ਸਾਰੇ ਕੈਬਨਿਟ ਮੰਤਰੀ), ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਮੁੱਖ ਮੰਤਰੀ ਦੇ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸ. ਵਿਰਸਾ ਸਿੰਘ ਵਲਟੋਹਾ, ਸ. ਹਰਮੀਤ ਸਿੰਘ ਸੰਧੂ, ਸ. ਮਨਜੀਤ ਸਿੰਘ ਮੰਨਾ, ਸ. ਅਮਰਪਾਲ ਸਿੰਘ ਅਜਨਾਲਾ, ਬੀਬੀ ਮਹਿੰਦਰ ਕੌਰ ਜੋਸ਼, ਸ੍ਰੀ ਪਵਨ ਕੁਮਾਰ ਟੀਨੂੰ, ਸ੍ਰੀ ਦੇਸ਼ ਰਾਜ ਧੁੱਗਾ, ਗੁਰਬਚਨ ਸਿੰਘ ਬੱਬੇਹਾਲੀ (ਸਾਰੇ ਮੁੱਖ ਸੰਸਦੀ ਸਕੱਤਰ), ਬਲਜੀਤ ਸਿੰਘ ਜਲਾਲਉਸਮਾ, ਰਵਿੰਦਰ ਸਿੰਘ ਬ੍ਰਹਮਪੁਰਾ, ਮਨਪ੍ਰੀਤ ਸਿੰਘ ਇਯਾਲੀ, ਰਣਜੀਤ ਸਿੰਘ ਢਿਲੋਂ, (ਸਾਰੇ ਵਿਧਾਇਕ), ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਲੋਪੋਕੇ, ਸ੍ਰੀ ਨਵਦੀਪ ਸਿੰਘ ਗੋਲਡੀ, ਗੁਰਪ੍ਰਤਾਪ ਸਿੰਘ ਟਿੱਕਾ, ਯੂਥ ਅਕਾਲੀ ਦਲ ਦੇ ਸਾਰੇ ਜੋਨਲ ਪ੍ਰਧਾਨ, ਪੰਜਾਬ ਐਂਡ ਹਰਿਆਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜਨ ਬਰਾੜ ਅਤੇ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਵਕੀਲ ਅਤੇ ਸ੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਪਹੁੰਚੇ ਹੋਏ ਸਨ।

