ਪੰਜਾਬ

ਬਾਦਲ ਸਹੁੰ ਚੁੱਕਣ ਕਿ ਉਨ੍ਹਾਂ ਐਸ.ਵਾਈ.ਐਲ ਵਾਸਤੇ ਭੌਂ ਪ੍ਰਾਪਤੀ ਦੇ ਆਦੇਸ਼ ਨਹੀਂ ਦਿੱਤੇ : ਕੈਪਟਨ ਅਮਰਿੰਦਰ

ਆਪ-ਅਕਾਲੀ ਦਲ ਖੇਡ ਰਹੇ ਹਨ ਫਿਕਸ ਮੈਚ
ਚੰਡੀਗੜ੍ਹ, 30 ਜੁਲਾਈ (ਮਧੂਸਾਰ ਬਿਊਰੋ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਸਹੁੰ ਚੁੱਕਣ ਦੀ ਚੁਣੌਤੀ ਦਿੱਤੀ ਹੈ ਕਿ ਉਨ੍ਹਾਂ ਦੀ ਸਰਕਾਰ ਨੇ 1978 ‘ਚ ਐਸ.ਵਾਈ.ਐਲ ਦੇ ਨਿਰਮਾਣ ਵਾਸਤੇ ਭੌਂ ਪ੍ਰਾਪਤੀ ਲਈ ਆਦੇਸ਼ ਨਹੀਂ ਦਿੱਤੇ ਸਨ।

ਕੈਪਟਨ ਅਮਰਿੰਦਰ ਨੇ ਬਾਦਲ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਆਪਣੇ ਨਜ਼ਦੀਕੀ ਮਿੱਤਰ ਰਹੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੇਵੀ ਲਾਲ ਦੇ ਸ਼ਬਦਾਂ ਨੂੰ ਗਲਤ ਸਾਬਤ ਕਰਨ, ਜਿਨ੍ਹਾਂ ਨੇ ਹਰਿਆਣਾ ਦੀ ਵਿਧਾਨ ਸਭਾ ‘ਚ ਉਨ੍ਹਾਂ ਦੇ ਸਬੰਧਾਂ ਬਾਰੇ ਕਿਹਾ ਸੀ ਅਤੇ ਐਸ.ਵਾਈ.ਐਲ ਦੇ ਨਿਰਮਾਣ ਦੀ ਦਿਸ਼ਾ ‘ਚ ਇਸਦੇ ਪ੍ਰਭਾਵ ਦਾ ਜ਼ਿਕਰ ਕੀਤਾ ਸੀ।
ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਦੀ ਵੀ ਗਲੀ ਦੇ ਗੁੰਡਿਆਂ ਵਾਂਗ ਵਤੀਰਾ ਅਪਣਾਉਂਦਿਆਂ ਇਕ ਦੂਜੇ ਨੂੰ ਗ੍ਰਿਫਤਾਰ ਕਰਨ ਦੀ ਧਮਕੀਆਂ ਦੇਣ ਅਤੇ ਸਿਆਸੀ ਬਿਆਨਬਾਜ਼ੀ ਨੂੰ ਅਜਿਹੇ ਨਿਚਲੇ ਪੱਧਰ ‘ਤੇ ਲਿਜਾਣ ਲਈ ਨਿੰਦਾ ਕੀਤੀ ਹੈ।
ਇਸ ਲੜੀ ਹੇਠ ਬਾਦਲ ਦੇ ਬਿਆਨ ਕਿ ਉਹ (ਕੈਪਟਨ ਅਮਰਿੰਦਰ) ਐਸ.ਵਾਈ.ਐਲ ‘ਤੇ ਗਲਤ ਜਾਣਕਾਰੀ ਫੈਲ੍ਹਾ ਰਹੇ ਹਨ, ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਇਕ ਵਾਰ ਫਿਰ ਤੋਂ ਜ਼ਿਕਰ ਕੀਤਾ ਹੈ ਕਿ ਬਾਦਲ ਨੇ ਹੀ 1978 ‘ਚ ਐਸ.ਵਾਈ.ਐਲ ਵਾਸਤੇ ਭੌਂ ਪ੍ਰਾਪਤੀ ਲਈ ਨੋਟੀਫਿਕੇਸ਼ਨ ਜ਼ਾਰੀ ਕੀਤਾ ਸੀ ਅਤੇ ਹੁਣ ਇਕ ਵਾਰ ਫਿਰ ਬਾਦਲ ਨੇ ਆਪਣੇ ਛੋਟੇ ਹਿੱਤਾਂ ਲਈ ਜਾਣਬੁਝ ਕੇ ਸੁਪਰੀਮ ਕੋਰਟ ‘ਚ ਐਸ.ਵਾਈ.ਐਲ ‘ਤੇ ਪੰਜਾਬ ਦੇ ਪੱਖ ਨੂੰ ਕਮਜ਼ੋਰ ਕੀਤਾ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਬਾਦਲ ਆਪਣੀਆਂ ਦਹਾਕੇ ਦੌਰਾਨ ਕੀਤੀਆਂ ਗਲਤੀਆਂ ਤੋਂ ਬੱਚਣਾ ਚਾਹੁੰਦੇ ਹਨ ਅਤੇ ਹੁਣ ਉਹ ਅਸਫੀਤਾ ਦੇਣ ਵਾਸਤੇ ਸੁਪਰੀਮ ਕੋਰਟ ਦੇ ਪੰਜਾਬ ਖਿਲਾਫ ਆਦੇਸ਼ ਨੂੰ ਇਕ ਬਹਾਨਾ ਬਣਾਉਣਗੇ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਇਸੇ ਕਾਰਨ ਉਨ੍ਹਾਂ ਦੀ ਸਰਕਾਰ ਨੇ ਸੂਬੇ ਦਾ ਕੇਸ ਕਮਜ਼ੋਰ ਕਰ ਕੀਤਾ ਹੈ ਤੇ ਸਹੀ ਤਰੀਕੇ ਨਾਲ ਸੂਬੇ ਦਾ ਪੱਖ ਨਹੀਂ ਰੱਖਿਆ ਗਿਆ।
ਫਿਕਸ ਮੈਚ ਖੇਡ ਰਹੇ ਨੇ ਆਪ, ਅਕਾਲੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਵੱਲੋਂ ਬੀਤੇ ਦਿਨ ਅੰਮ੍ਰਿਤਸਰ ਵਿਖੇ ਇਕ ਦੂਜੇ ਨੂੰ ਗ੍ਰਿਫਤਾਰ ਕਰਨ ਸਬੰਧੀ ਦਿੱਤੀਆਂ ਗਈਆਂ ਧਮਕੀਆਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ੍ਹਾਂ ਨੇ ਗੰਭੀਰ ਸਿਆਸੀ ਗੱਲਬਾਤ ਨੂੰ ਦੋ ਗਲੀ ਦੇ ਗੁੰਡਿਆਂ ਵਿਚਾਲੇ ਛੋਟੀ ਜਿਹੀ ਲੜਾਈ ਦਾ ਰੂਪ ਦੇ ਦਿੱਤਾ ਹੈ।
ਜਿਨ੍ਹਾਂ ਨੇ ਸ਼ੰਕਾ ਪ੍ਰਗਟਾਈ ਹੈ ਕਿ ਇਹ ਦੋਵੇਂ ਫਿਕਸ ਮੈਚ ਖੇਡ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਅਕਾਲੀਆਂ ਵੱਲੋਂ ਆਪ ਨੂੰ ਪ੍ਰਮੋਟ ਤੇ ਮਜ਼ਬੂਤ ਕਰਨ ਲਈ ਜਾਣਬੁਝ ਕੇ ਰੱਚੀ ਗਈ ਰਣਨੀਤੀ ਪ੍ਰਤੀਤ ਹੁੰਦੀ ਹੈ, ਜਿਨ੍ਹਾਂ ਨੂੰ ਗਲਤਫਹਿਮੀ ਹੈ ਕਿ ਇਸ ਨਾਲ ਕਾਂਗਰਸ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਮੀਦ ਰੱਖੀ ਬੈਠੇ ਹਨ ਕਿ ਮਜ਼ਬੂਤ ਆਪ ਕਾਂਗਰਸ ਨੂੰ ਨੁਕਸਾਨ ਪਹੁੰਚਾਏਗੀ, ਤਾਂ ਜੋ ਇਹ ਮੁੜ ਚੁਣੇ ਜਾਣ। ਇਹੋ ਕਾਰਨ ਹੈ ਕਿ ਇਹ ਆਪ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸੇ ਤਰ੍ਹਾਂ, ਕੇਜਰੀਵਾਲ ਤੇ ਮਜੀਠੀਆ ਵੱਲੋਂ ਇਕ ਦੂਜੇ ਨੂੰ ਗ੍ਰਿਫਤਾਰ ਕਰਨ ਸਬੰਧੀ ਦਿੱਤੀਆਂ ਗਈਆਂ ਧਮਕੀਆਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਦੋਵੇਂ ਗਲੀ ਦੇ ਗੁੰਡਿਆਂ ਦੀ ਤਰ੍ਹਾਂ ਵਿਹਾਰ ਕਰ ਰਹੇ ਸਨ। ਇਨ੍ਹਾਂ ਨੇ ਸਿਆਸੀ ਬਿਆਨਬਾਜੀ ਨੂੰ ਇਸ ਹੱਦ ਤੱਕ ਥੱਲੇ ਗਿਰਾ ਦਿੱਤਾ ਹੈ। ਇਸਦੇ ਤਹਿਤ, ਜਦੋਂ ਸੂਬੇ ਨੂੰ ਕਿਸਾਨਾਂ ਵੱਲੋਂ ਖੁਦਕੁਸ਼ੀਆਂ, ਨਸ਼ਿਆਂ, ਬੇਰੁਜ਼ਗਾਰੀ ਤੇ ਅਰਥ ਵਿਵਸਥਾ ਦੀ ਚਿੰਤਾ ਖਾਈ ਜਾ ਰਹੀ ਹੈ, ਇਹ ਗਲੀ ਦੇ ਗੁੰਡਿਆਂ ਵਾਂਗ ਇਕ ਦੂਜੇ ਨੂੰ ਗ੍ਰਿਫਤਾਰ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਮਜੀਠੀਆ ਨੇ ਵਿਅਕਤੀਗਤ ਤੌਰ ‘ਤੇ ਕੇਜਰੀਵਾਲ ਨੂੰ ਸੰਮਨ ਭੇਜਵਾਏ ਹਨ, ਇਸ ਤੋਂ ਸਾਫ ਇਸ਼ਾਰਾ ਮਿੱਲਦਾ ਹੈ ਕਿ ਆਪ ਲਈ ਸ਼ਰਮਨਾਕ ਹਾਲਾਤਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸਨੇ ਲਗਾਤਾਰ ਨਾਲਾਇਕੀਆਂ ਕਰਕੇ ਆਪਣੇ ਲਈ ਹਾਲਾਤ ਖ਼ਰਾਬ ਕਰ ਲਏ ਸਨ। ਇਹ ਸਪੱਸ਼ਟ ਤੌਰ ‘ਤੇ ਲੋਕਾਂ ਦਾ ਧਿਆਨ ਭਗਵੰਤ ਮਾਨ ਤੇ ਇਨ੍ਹਾਂ ਦੀ ਮੈਨਿਫੈਸਟੋ ਦੀ ਨਾਲਾਇਕੀ ਤੋਂ ਹਟਾਉਣ ਅਤੇ ਆਪ ਨੂੰ ਮੁੜ ਧਾਰਾ ‘ਚ ਲਿਆਉਣ ਲਈ ਕੀਤੀ ਗਈ ਸਹਾਇਤਾ ਹੈ। ਜਿਸ ਰਾਹੀਂ ਅਕਾਲੀ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Leave a Reply

Your email address will not be published. Required fields are marked *