ਪੰਜਾਬਪਟਿਆਲਾ

ਸਮਾਰਟ ਕਾਰਡ ਤਹਿਤ ਵੰਡੀ ਜਾ ਰਹੀ ਕਣਕ ਨੂੰ ਲੱਗ ਰਿਹਾ ਕੱਟ !

ਵਾਰਡ ਵਾਸੀਆਂ ਨੇ ਕਣਕ ਖੁਰਦ-ਬੁਰਦ ਕਰਨ ਦੇ ਲਗਾਏ ਦੋਸ਼
ਨਾਅਰੇਬਾਜ਼ੀ ਕਰਕੇ ਮਿਲੀਭੁਗਤ ਕਰਨ ਵਾਲਿਆਂ ਖਿਲਾਫ਼ ਮੰਗੀ ਕਾਰਵਾਈ

ਪਟਿਆਲਾ 4 ਜੂਨ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਸਮਾਰਟ ਕਾਰਡ ਤਹਿਤ ਗਰੀਬ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਸਹੂਲਤ ਤਹਿਤ ਵੰਡੀ ਜਾਣ ਵਾਲੀ ਕਣਕ ’ਚ ਵੱਡਾ ਘਪਲਾ ਸਾਹਮਣੇ ਆ ਰਿਹਾ ਹੈ। ਅਜਿਹਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜੱਦੀ ਸ਼ਹਿਰ ਦੇ ਵਾਰਡ ਨੰ: 60 ਵਿਚ ਉਸ ਸਮੇਂ ਸਾਹਮਣੇ ਆਇਆ ਜਦੋਂ ਵਾਰਡ ਵਾਸੀਆਂ ਨੂੰ ਦਿੱਤੀ ਜਾਣ ਵਾਲੀ ਕਣਕ ਹੀ ਘੱਟ ਤੋਲ ਕੇ ਵੰਡੀ ਜਾਣ ਲੱਗੀ। ਵਾਰਡ ਦੇ ਪਰਮਿੰਦਰ ਕੁਮਾਰ ਆਹੂਜਾ, ਫਰਹਾਨ, ਦੀਨਾਨਾਥ ਅਤੇ ਹੋਰ ਇਲਾਕੇ ਵਾਸੀਆਂ ਨੇ ਕਣਕ ਘੱਟ ਤੋਲ ਦਾ ਮਾਮਲਾ ਉਠਾਇਆ ਤਾਂ ਕਣਕ ਵੰਡਣ ਵਾਲਿਆਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਜਾਣਕਾਰੀ ਦਿੰਦਿਆਂ ਪਰਮਿੰਦਰ ਕੁਮਾਰ ਆਹੂਜਾ ਨੇ ਦੱਸਿਆ ਕਿ 50 ਮੇਰੇ ਪਰਿਵਾਰ ਮੈਂਬਰਾਂ ਮੁਤਾਬਕ 50 ਕਿਲੋ ਕਣਕ ਦੀ ਪਰਚੀ ਦਿੱਤੀ ਗਈ ਸੀ, ਜਦੋਂ ਕਣਕ ਨੂੰ ਕਿਸੇ ਹੋਰ ਚੱਕੀ ’ਤੇ ਤੁਲਵਾਇਆ ਗਿਆ ਤਾਂ ਕੱਟੇ ਵਿਚੋਂ 35 ਕਿਲੋ ਦੇ ਕਰੀਬ ਕਣਕ ਹੀ ਨਿਕਲੀ ਅਤੇ 15 ਕਿਲੋ ਕਣਕ ਘੱਟ ਪਾਈ ਗਈ। ਉਨ੍ਹਾਂ ਦੱਸਿਆ ਕਿ ਕਣਕ ਦੀ ਵੰਡ ਕਰਨ ਵਾਲੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਅਤੇ ਅਮਲੇ ਨੂੰ ਜਦੋਂ ਕਣਕ ਘੱਟ ਵੰਡਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਿਛੋਂ ਇੰਨੀ ਹੀ ਕਣਕ ਵੰਡਣ ਦੇ ਹੁਕਮ ਹਨ, ਜਿਸ ਦਾ ਉਹ ਤਸੱਲੀਪੂਰਵਕ ਜਵਾਬ ਨਹੀਂ ਦੇ ਸਕੇ।

ਪਰਮਿੰਦਰ ਕੁਮਾਰ ਆਹੂਜਾ ਨੇ ਵਾਰਡ ਨੰ: 60 ਦੇ ਰਹਿਣ ਵਾਲੇ ਬਿਜਲੀ ਬੋਰਡ ਦੇ ਕਰਮਚਾਰੀ ਦੇ ਘਰ ਕਣਕ ਵੰਡਣ ਦਾ ਮਾਮਲਾ ਵੀ ਉਠਾਇਆ ਅਤੇ ਵਾਰਡ ਦੇ ਕੌਂਸਲਰ ’ਤੇ ਵੀ ਦੋਸ਼ ਲਗਾਏ ਕਿ ਸਾਰਾ ਕੁਝ ਮਿਲੀਭੁਗਤ ਨਾਲ ਹੋ ਰਿਹਾ ਹੈ ਅਤੇ ਗਰੀਬ ਪਰਿਵਾਰਾਂ ਨੂੰ ਵੰਡੀ ਜਾਣ ਵਾਲੀ ਕਣਕ ਵਿਚ ਕੱਟ ਮਾਰਕੇ ਵੱਡਾ ਘਪਲਾ ਕੀਤਾ ਜਾ ਰਿਹਾ ਹੈ। ਵਾਰਡ ਵਾਸੀਆਂ ਨੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਵਿਚ ਇਹ ਸਾਰਾ ਧੱਕਾ ਗਰੀਬ ਪਰਿਵਾਰਾਂ ਨਾਲ ਹੋ ਰਿਹਾ ਹੈ, ਜਦਕਿ ਸਰਕਾਰ ਗਰੀਬ ਪਰਿਵਾਰਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰ ਰਹੀ ਹੈ। ਵਾਰਡ ਵਾਸੀਆਂ ਨੇ ਮੰਗ ਕੀਤੀ ਕਿ ਸਮਾਰਟ ਕਾਰਡ ਤਹਿਤ ਵੰਡੀ ਜਾਣ ਵਾਲੀ ਕਣਕ ਘਪਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੇ ਪ੍ਰਤੀ ਮੈਂਬਰ 10 ਕਿਲੋ ਕਣਕ ਦੇਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਆਖਿਰ ਫੇਰ ਮਿਲੀਭੁਗਤ ਨਾਲ ਘਪਲਾ ਕਰਨ ਵਾਲੇ ਅਜਿਹੇ ਲੋਕਾਂ ਖਿਲਾਫ਼ ਕਾਰਵਾਈ ਹੋਣੀ ਚਾਹਹੀਦੀ ਹੈ।

Leave a Reply

Your email address will not be published. Required fields are marked *