ਪੰਜਾਬ

ਅਮਰੀਕ ਸਿੰਘ ਨਾਲ ਰੂਬਰੂ ਅਤੇ ਸਨਮਾਨ ਸਮਾਰੋਹ

ਅੰਮ੍ਰਿਤਸਰ : 5 ਅਗਸਤ (ਮਧੂਸਾਰ ਬਿਊਰੋ)
ਅੰਮ੍ਰਿਤਸਰ ਦੇ ਅਦਬੀ ਹਲਕਿਆਂ ਅੰਦਰ 70ਵਿਆਂ ‘ਚ ਸਰਗਰਮ ਰਹੇ ਕਹਾਣੀਕਾਰ ਅਤੇ ਆਲੋਚਕ ਅਮਰੀਕ ਸਿੰਘ ਬੰਮਰਾ ਦਾ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਰੂਬਰੂ ਅਤੇ ਸਨਮਾਨ ਸਮਾਰੋਹ ਕੀਤਾ ਗਿਆ।

ਇਸ ਮੌਕੇ ਅਮਰੀਕ ਸਿੰਘ ਬੰਮਰਾ ਨੇ ਅੰਮ੍ਰਿਤਸਰ ਨਾਲ ਜੁੜੀਆਂ ਯਾਦਾਂ ਨੂੰ ਆਪਣੇ ਜੀਵਨ ਦਾ ਹਾਸਲ ਕਿਹਾ। ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਨੇ ਇਸ ਮੌਕੇ ਹਾਜ਼ਰ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸੰਬੋਧਨ ਹੁੰਦਿਆਂ ਅਮਰੀਕ ਸਿੰਘ ਬੰਮਰਾ ਦੀਆਂ ਸਾਹਿਤ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਭਰਵੀਂ ਉਸਤਿਤ ਕੀਤੀ ਅਤੇ ਉਸ ਦੀਆਂ ਅੰਮ੍ਰਿਤਸਰ ਨਾਲ ਸਬੰਧਤ ਪੁਰਾਣੀਆਂ ਯਾਦਾਂ ਨੂੰ ਨਵੇਂ ਸਾਹਿਤਕਾਰਾਂ ਲਈ ਊਰਜਾ ਦੱਸਿਆ। ਕੇਵਲ ਧਾਲੀਵਾਲ ਨੇ ਇਸ ਗੱਲ ‘ਤੇ ਚਿੰਤਾ ਪ੍ਰਗਟ ਕੀਤੀ ਕਿ ਅੱਜ ਨਵੇਂ ਸਾਹਿਤਕਾਰ ਪਰਾਣੇ ਸਾਹਿਤਕਾਰਾਂ ਦੇ ਤਜ਼ਰਬਿਆਂ ਤੋਂ ਸਿੱਖਣ ਨੂੰ ਜ਼ਰੂਰੀ ਨਹੀਂ ਸਮਝ ਰਹੇ, ਜਦ ਕਿ ਪੁਰਾਣੇ ਲੇਖਕਾਂ ਦਾ ਜੀਵਨ ਤਜ਼ਰਬਾ ਸਾਹਿਤਕ ਖੇਤਰ ਦੇ ਨਵੇਂ ਪਾਂਧੀਆਂ ਲਈ ਮਾਰਗ ਦਰਸ਼ਨ ਹੈ।
ਨਾਟਕਕਾਰ ਜਗਦੀਸ਼ ਸਚਦੇਵਾ ਨੇ ਅਜਿਹੀਆਂ ਮਿਲਣੀਆਂ ਨੂੰ ਸਾਹਿਤਕ ਸਕੂਲ ਦਾ ਦਰਜਾ ਦਿੱਤਾ ਹੈ ਅਤੇ ਸੰਗਮਰਣ ਦੀ ਸਾਰਥਿਕਤਾ ਦੱਸਦਿਆਂ ਇਸ ਨੂੰ ਵਿਰਾਸਤ ਦਾ ਮੁਹਾਂਦਰਾ ਕਿਹਾ। ਪ੍ਰਸਿੱਧ ਲੇਖਕ ਤੇ ਚਿੰਤਕ ਦਿਲਜੀਤ ਸਿੰਘ ‘ਬੇਦੀ’ ਨੇ ਅਮਰੀਕ ਸਿੰਘ ਬੰਮਰਾ ਨਾਲ ਬਿਤਾਏ ਪਲਾਂ ਦੀ ਯਾਦ ਨੂੰ ਆਪਣੇ ਸਾਹਿਤਕ ਸਫ਼ਰ ਦਾ ਸਰਮਾਇਆ ਦੱਸਿਆ ਅਤੇ 70ਵਿਆਂ ਅਤੇ ਅੱਜ ਦੇ ਸਾਹਿਤਕ ਮਾਹੌਲ ਵਿਚ ਵਾਪਰੀਆਂ ਤਬਦੀਲੀਆਂ ਦਾ ਖੁਲਾਸਾ ਕੀਤਾ।
ਇਸ ਮੌਕੇ ਸ. ਹਰਭਜਨ ਸਿੰਘ ਖੇਮਕਰਨੀ, ਸ. ਅਮਰਜੀਤ ਸਿੰਘ ਭਾਟੀਆ ਸੰਪਾਦਕ ਦਲੇਰ ਖਾਲਸਾ, ਸ. ਸਰਬਜੀਤ ਸਿੰਘ ਸੰਧੂ ਸੰਪਾਦਕ ਸੰਭਾਵਨਾ, ਸ਼ਾਇਰ ਮਲਵਿੰਦਰ, ਕਹਾਣੀਕਾਰ ਦੀਪ ਦਵਿੰਦਰ, ਸ. ਮਨਮੋਹਨ ਸਿੰਘ ਢਿੱਲੋਂ, ਸ. ਇੰਦਰਜੀਤ ਸਿੰਘ ਸਹਾਰਨਪੁਰੀ, ਸ. ਜਸਵੰਤ ਸਿੰਘ ਜੱਸ ਆਦਿ ਸਾਹਿਤਕਾਰ ਹਾਜ਼ਰ ਸਨ।

Leave a Reply

Your email address will not be published. Required fields are marked *