ਅਕਾਲੀ ਦਲ ‘ਪੰਥ ਭਾਵੇਂ ਮਰੇ ਜਾਂ ਉਜੜੇ ਮੇਰਾ ਲਾਣਾ ਜ਼ਿਊਂਦਾ ਤੇ ਵਸਦਾ ਰਹੇ’ ਦੇ ਸਿਧਾਂਤ ‘ਤੇ ਚੱਲ ਰਿਹਾ : ਪ੍ਰਗਟ ਸਿੰਘ
ਪਾਰਟੀ ਪ੍ਰਧਾਨ ‘ਤੇ ਅਕਾਲੀ ਦਲ ਦੇ ਮੂਲ ਉਦੇਸ਼ਾਂ ਨੂੰ ਮੁੱਢੋਂ ਵਿਸਾਰਨ ਦਾ ਦੋਸ਼
ਜਲੰਧਰ 5 ਅਗਸਤ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਅੱਤਲ ਕੀਤੇ ਗਏ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਖ਼ਤ ਲਿਖ ਕੇ ਭੜਾਸ ਕੱਢਦਿਆਂ ਦੋਸ਼ ਲਗਾਇਆ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਮੂਲ ਉਦੇਸ਼ਾਂ ਨੂੰ ਮੁੱਢੋਂ ਹੀ ਵਿਸਾਰਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਲਈ ਸੱਚ ਅਤੇ ਨਿਮਰਤਾ ਦਾ ਵਰਤਾਰਾ ਬਹੁਤ ਦੂਰ ਦੀ ਵਸਤੂ ਹੈ। ਪਿਛਲੇ ਸਾਲਾਂ ਵਿੱਚ ਅਕਾਲੀ ਦਲ ਦਾ ਮੁਢਲਾ ਢਾਂਚਾ ਲੜਖੜਾਇਆਂ ਹੀ ਨਹੀਂ ਸਗੋਂ ਸਰਕਾਰ ਦੀ ਮਾੜੀ ਕਾਰਗੁਜਾਰੀ ਵੀ ਸਭ ਦੇ ਸਾਹਮਣੇ ਹੈ। ਨਸ਼ੇ, ਭ੍ਰਿਸ਼ਟਾਚਾਰ, ਲੈਂਡ ਅਤੇ ਸੈਂਡ ਮਾਫੀਆ, ਬੇਰੁਜ਼ਗਾਰੀ, ਭਾਈ ਭਤੀਜਾਵਾਦ ਦੇ ਕਲੰਕ ਪੰਜਾਬ ਦੇ ਮੱਥੇ ਤੇ ਡੂੰਘੇ ਅਤੇ ਪੱਕੇ ਹੋ ਰਹੇ ਹਨ, ਜਿਨਾਂ ਦੀ ਕਿਸੇ ਨੂੰ ਚਿੰਤਾ ਨਹੀਂ। ਇਹੀ ਕਾਰਨ ਹੈ ਕਿ ਜਲੰਧਰ ਨਗਰ ਨਿਗਮ ਵਿੱਚ ਵੱਡੀ ਪੱਧਰ ਤੇ ਫੈਲੇ ਭ੍ਰਿਸ਼ਟਾਚਾਰ ਨੂੰ ਮੇਰੇ ਵਲੋਂ ਵਾਰ-ਵਾਰ ਉਠਾਉਣ ਦੇ ਬਾਵਜੂਦ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮੈਨੂੰ ਪੰਜਾਬ ਅਸੈਂਬਲੀ ‘ਚ ਲੋਕਤੰਤਰ ਦੀ ਮੂਲ ਭਾਵਨਾ ਨਾਲ ਭੇਜਿਆ, ਜੇਕਰ ਮੁੱਦਿਆਂ ਨੂੰ ਉਠਾਉਣਾ ਗੈਰ ਸੰਵਿਧਾਨਕ ਹੈ ਤਾਂ ਮੈਂ ਬਿਮਾਰ ਮਾਨਸਿਕਤਾ ਵਾਲਾ ਪੱਖਪਾਤੀ ਫੈਸਲਾ ਪ੍ਰਵਾਨ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਅਕਾਲੀ ਦਲ 25 ਸਾਲ ਰਾਜ ਕਰਨ ਦੇ ਸੁਪਨੇ ਦੇਖ ਰਿਹਾ ਹੈ ਇਹ ਸੁਪਨਾ ਰਾਜ ਨਹੀਂ ਸੇਵਾ ਦੇ ਨਾਅਰੇ ਦੀ ਜ਼ਮੀਨੀ ਹਕੀਕਤ ਨਹੀਂ ਬਣ ਸਕਦੇ।
ਉਨ੍ਹਾਂ ਦੋਸ਼ ਲਗਾਇਆ ਕਿ ਪਾਰਟੀ ਪ੍ਰਧਾਨ ਦੁਆਲੇ ਅਜਿਹੇ ਲੋਕਾਂ ਦਾ ਜਮਘਟਾ ਹੈ ਜਿਹੜੇ ਆਪਣੀਆਂ ਰਾਜਨੀਤਕ ਲਾਲਸਾਵਾਂ, ਲੋੜਾਂ ਅਤੇ ਥੋੜਾਂ ਦੀ ਪੂਰਤੀ ਲਈ ਰੀੜ ਦੀ ਹੱਡੀ ਤੋਂ ਬਿਨਾਂ ਵਿਚਰ ਰਹੇ ਹਨ ਅਤੇ ਉਨਾਂ ਨੇ ਅੱਖਾਂ ਅਤੇ ਕੰਨਾਂ ਤੇ ਹੱਥ ਰੱਖ ਕੇ ਜੀਭ ਉਪਰ ਚੁੱਪ ਦਾ ਜਿੰਦਰਾ ਮਾਰਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਨੇ ਤਹਾਡੀ ਬੇਮਿਸਾਲ ਰਾਜਨੀਤੀ ਦੇ ਗੁਰ ਨਹੀਂ ਸਿੱਖੇ। ਘੱਟੋ ਘੱਟ ਜੇ ਉਹ ਤੁਹਾਡੇ ਨਿਮਰਤਾ ਭਰਪੂਰ ਵਰਤਾਓ ਦੇ ਗੁੱਝੇ ਭੇਦ ਨੂੰ ਹੀ ਅਪਣਾ ਲੈਂਦੇ ਤਾਂ ਪੰਜਾਬ ਅਤੇ ਪਾਰਟੀ ਦੋਵੇਂ ਵੱਡੇ ਸੰਤਾਪ ਤੋਂ ਬੱਚ ਸਕਦੇ ਸਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਸਦਾ “ਮੈਂ ਮਰਾ ਪੰਥ ਜੀਵੇ ਅਤੇ ਪੰਥ ਵਸੇ ਮੈਂ ਉਜੜਾਂ“ ਦੇ ਸਿਧਾਂਤਾਂ ਤੇ ਚਲਦਾ ਰਿਹਾ ਹੈ। ਅਜਿਹੀ ਭਾਵਨਾ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਅਕਾਲੀ ਦਲ ਦੇ ਮੁੱਖੀ ਦੀ ਰਹੀ ਹੈ। ਪਰ ਹੁਣ ਇਸ ਨੂੰ ਪੁਠਾ ਗੇੜਾ ਦੇ ਕੇ “ਪੰਥ ਭਾਵੇਂ ਮਰੇ ਜਾਂ ਉਜੜੇ ਮੇਰਾ ਲਾਣਾ ਜ਼ਿਊਂਦਾ ਤੇ ਵਸਦਾ ਰਹੇ”, ਦੇ ਸਿਧਾਂਤ ਤੇ ਚਲ ਪਿਆ ਹੈ। ਤੁਹਾਡੇ ਸਰਪ੍ਰਸਤ ਰਹਿੰਦਿਆਂ ਕੁਰਬਾਨੀਆਂ ਅਤੇ ਸ਼ਹੀਦੀਆਂ ਵਾਲਾ ਅਕਾਲੀ ਦਲ ਰੇਤ ਦੇ ਕਿਣਕਿਆ ਵਾਂਗ ਕਿਰਦਾ ਕਿਰਦਾ ਕਿਰ ਜਾਵੇਗਾ ਅਤੇ ਇਤਿਹਾਸ ਤੁਹਾਡੇ ਤੋਂ ਜੁਆਬ ਮੰਗੇਗਾ।

