ਔਰਤਾਂ ਆਪਣਾ ਦ੍ਰਿਸ਼ਣੀਕੋਣ ਨਿੱਡਰ ਹੋ ਕੇ ਸਮਾਜ ਅੱਗੇ ਰੱਖਣ : ਰਾਜਪਾਲ ਦਰੋਪਦੀ ਮੁਰਮੂ
ਪੰਜਾਬੀ ‘ਵਰਸਿਟੀ ਵਿਖੇ ਡਾ. ਭੀਮ ਰਾਓ ਅੰਬੇਦਕਰ ਦੀ 125ਵੀਂ ਜਨਮ ਸ਼ਤਾਬਦੀ ਮੌਕੇ ਰਾਸ਼ਟਰੀ ਸੈਮੀਨਾਰ
ਡਾ. ਅੰਬੇਦਕਰ ਦੱਬੇ ਕੁੱਚਲੇ ਵਰਗਾਂ, ਮਹਿਲਾਵਾਂ ਅਤੇ ਗਰੀਬਾਂ ਦੇ ਮਸੀਹਾ ਸਨ : ਡਾ. ਜਸਪਾਲ ਸਿੰਘ
ਪਟਿਆਲਾ, 5 ਅਗਸਤ (ਕੰਵਰ ਬੇਦੀ)
ਭਾਵੇਂ ਇਸਤਰੀਆਂ ਨੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਮਰਦਾਂ ਨਾਲ ਮੌਢੇ ਨਾਲ ਮੌਢਾ ਜੋੜ ਕੇ ਉਚੇਰੀਆਂ ਮੱਲਾਂ ਮਾਰੀਆਂ ਹਨ ਪਰੰਤੂ ਅਜੇ ਵੀ ਇਸ ਦਿਸ਼ਾ ਵਿੱਚ ਬਹੁਤ ਕੁੱਝ ਕਰਨਾ ਬਾਕੀ ਹੈ।
ਪੰਜਾਬ ਸਰਕਾਰ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ 125ਵੀਂ ਜਨਮ ਸ਼ਤਾਬਦੀ ਮਨਾਉਣ ਲਈ ਆਯੋਜਿਤ ਕੀਤੇ ਜਾਣ ਵਾਲੇ ਵੱਖ ਵੱਖ ਸੈਮੀਨਾਰਾਂ ਦੇ ਅੰਤਰਗਤ ਪੰਜਾਬੀ ਯੂਨੀਵਰਸਿਟੀ ਵਿਖੇ ਆਯੋਜਿਤ ਪਹਿਲੇ ਰਾਸ਼ਟਰੀ ਸੈਮੀਨਾਰ ਵਿੱਚ ਇਹ ਆਮ ਸਹਿਮਤੀ ਬਣੀ। ਡਾ. ਭੀਮ ਰਾਓ ਅੰਬੇਦਰ-ਮਹਿਲਾ ਸਸ਼ਕੀਕਰਨ ਯੋਧਾ ਵਜੋਂ“ ਵਿਸ਼ੇ ਤੇ ਕਰਵਾਏ ਗਏ ਇਸ ਸੈਮੀਨਾਰ ਦਾ ਉਦਘਾਟਨੀ ਸਮਾਰੋਹ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਹੋਇਆ।
ਇਸ ਮੌਕੇ ਤੇ ਸ਼੍ਰੀਮਤੀ ਦਰੋਪਦੀ ਮੁਰਮੂ, ਰਾਜਪਾਲ, ਝਾਰਖੰਡ ਸਮਾਰੋਹ ਦੇ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਰਾਜਮਾਤਾ ਸੁਭਾਂਗਨੀ ਰਾਜੇ ਗਾਇਕਵਾੜ, ਚਾਂਸਲਰ, ਐਮ.ਐਸ. ਯੂਨੀਵਰਸਿਟੀ, ਵਡੋਦਰਾ(ਬੜੋਦਾ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਸਮਾਰੋਹ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਸੋਹਣ ਸਿੰਘ ਠੰਡਲ, ਬੀਬੀ ਜਗੀਰ ਕੌਰ, ਐਮ.ਐਲ.ਏ. ਅਤੇ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਸ੍ਰ. ਸੁਰਜੀਤ ਸਿੰਘ ਰੱਖੜਾ ਸਤਿਕਾਰਤ ਮਹਿਮਾਨਾਂ ਵਜੋਂ ਸਮਾਰੋਹ ਵਿੱਚ ਸ਼ਾਮਲ ਹੋਏ।
ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀਮਤੀ ਦਰੋਪਦੀ ਮੁਰਮੂ, ਰਾਜਪਾਲ, ਝਾਰਖੰਡ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਪੰਜਾਬ ਵਿੱਚ ਔਰਤਾਂ ਦੀ ਮੌਜੂਦਾ ਸਥਿਤੀ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਪਰੰਤੂ ਉਨ੍ਹਾਂ ਦੇ ਆਪਣੇ ਰਾਜ ਵਿੱਚ ਔਰਤਾਂ ਨੂੰ ਅਜੇ ਵੀ ਇੱਕ ਵਸਤੂ ਦੀ ਤਰ੍ਹਾਂ ਦੇਖਿਆ ਜਾਂਦਾ ਹੈ। ਬਾਲ ਲੜਕੀਆਂ ਦੀ ਤਸਕਰੀ, ਲੜਕੀਆਂ ਦਾ ਸਰੀਰਕ ਸੋਸ਼ਣ, ਅਨਪੜ੍ਹਤਾ, ਲੜਕੀਆਂ ਦੀ ਛੋਟੀ ਉਮਰ ਵਿੱਚ ਵਿਆਹ ਅਤੇ ਘਰੇਲੂ ਹਿੰਸਾ ਜਿਹੀਆਂ ਕੁਰੀਤੀਆਂ ਦਿਨ-ਬ-ਦਿਨ ਵੱਧ ਰਹੀਆਂ ਹਨ। ਔਰਤਾਂ ਨੂੰ “ਪਰਿਵਾਰ ਦਾ ਮੁਖੀ“ ਕਰਾਰ ਦਿੰਦਿਆਂ ਡਾ. ਮੁਰਮੂ ਨੇ ਔਰਤਾਂ ਨੂੰ ਆਪਣੇ ਦ੍ਰਿਸ਼ਟੀਕੋਣ ਨੂੰ ਨਿਡਰ ਹੋ ਕੇ ਸਮਾਜ ਅੱਗੇ ਰੱਖਣ ਦੀ ਸਲਾਹ ਦਿੱਤੀ ਤਾਂ ਜੋ ਉਹ ਸਿਰਫ ਦੇਖਣ-ਦਿਖਾਉਣ ਦੀ ਵਸਤੂ ਨਾ ਬਣ ਕੇ ਰਹਿ ਜਾਣ।
ਇਸ ਮੌਕੇ ਤੇ ਰਾਜਮਾਤਾ ਸੁਭਾਂਗਨੀ ਰਾਜੇ ਗਾਇਕਵਾੜ, ਚਾਂਸਲਰ, ਐਮ.ਐਸ. ਯੂਨੀਵਰਸਿਟੀ, ਵਡੋਦਰਾ(ਬੜੋਦਾ) ਨੇ ਕਿਹਾ ਕਿ ਮਹਿਲਾਵਾਂ ਨੂੰ ਆਪਣੇ ਉਤੇ ਰਾਜ ਕਰਨ ਦੀ ਜਾਚ ਆਉਣ ਚਾਹੀਦੀ ਹੈ ਨਾ ਕਿ ਮਰਦਾਂ ਦੁਆਰਾ ਉਨ੍ਹਾਂ ਤੇ ਰਾਜ ਕੀਤਾ ਜਾਵੇ। ਬੜੋਦਾ ਦੇ ਸਾਬਕਾ ਮਹਾਰਾਜਾ ਸਾਇਆਜੀ ਰਾਓ ਗਾਇਕਵਾੜ ਦੀ ਮਹਾਨ ਸਾਹਿਤਕ ਵਿਦਵਤਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਉਤੇ ਗਾਇਕਵਾੜ ਜੀ ਦਾ ਡੂੰਘਾ ਪ੍ਰਭਾਵ ਪਿਆ ਜਿਨ੍ਹਾਂ ਨੇ ਅੰਬੇਦਕਰ ਜੀ ਦੀ ਸਿੱਖਿਆ ਦੇ ਖੇਤਰ ਵਿੱਚ ਆਰਥਿਕ ਮਦਦ ਕੀਤੀ। ਰਾਜਮਾਤਾ ਨੇ ਸਮਾਜ ਦੇ ਉਨ੍ਹਾਂ ਵਰਗਾਂ ਨੂੰ ਜੋ ਨਾਰੀ ਜਾਤੀ ਨੂੰ ਮਾੜੀ ਸੋਚ ਨਾਲ ਦੇਖਦੇ ਹਨ, ਨੂੰ ਇਸ ਗੱਲ ਤੇ ਸੋਚਣ ਲਈ ਕਿਹਾ ਕਿ ਉਹ ਵੀ ਸਮਾਜ ਦਾ ਅਨਿਖੜਵਾਂ ਅੰਗ ਹਨ ਅਤੇ ਉਨ੍ਹਾਂ ਦਾ ਪੂਰਾ ਸਤਿਕਾਰ ਕਰਨਾ ਬਣਦਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਆਏ ਮਹਿਮਾਨਾਂ ਲਈ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਡਾ. ਅੰਬੇਦਕਰ ਦੱਬੇ ਕੁੱਚਲੇ ਵਰਗਾਂ, ਮਹਿਲਾਵਾਂ ਅਤੇ ਗਰੀਬਾਂ ਦੇ ਮਸੀਹਾ ਸਨ। ਉਨ੍ਹਾਂ ਅੱਗੇ ਕਿਹਾ ਕਿ ਡਾ. ਅੰਬੇਦਕਰ ਨੇ ਸੰਵਿਧਾਨ ਦੀ ਵਿਉਂਤਬੰਦੀ ਕਰਨ ਵੇਲੇ ਇਨ੍ਹਾਂ ਵਰਗਾਂ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕੀਤੇ। ਡਾ. ਜਸਪਾਲ ਸਿੰਘ ਨੇ ਹੋਰ ਕਿਹਾ ਕਿ ਜਿਸ ਤਰ੍ਹਾਂ ਗੁਰੂ ਸਾਹਿਬਾਨਾਂ ਨੇ ਜਾਤਪਾਤ ਅਤੇ ਊਚ-ਨੀਚ ਦੇ ਭੇਦਭਾਵ ਤੋਂ ਉਪਰ ਉੱਠਣ ਅਤੇ ਨਾਰੀ ਜਾਤੀ ਦਾ ਆਦਰ ਅਤੇ ਸਤਿਕਾਰ ਕਰਨ ਦੀ ਗੱਲ ਆਖੀ ਸੀ, ਡਾ. ਅੰਬੇਦਕਰ ਵੀ ਇਸੇ ਰਾਹੇ ਤੇ ਚੱਲੇ। ਉਨ੍ਹਾਂ ਕਿਹਾ ਕਿ ਇਹ ਕਹਿਣਾ ਸਾਰਥਕ ਹੋਵੇਗਾ ਕਿ ਡਾ. ਅੰਬੇਦਕਰ ਤੇ ਗੁਰੂ ਸਾਹਿਬਾਨਾਂ ਦੀਆਂ ਵਿਚਾਰਧਾਰਾਵਾਂ ਦਾ ਡੂੰਘਾ ਪ੍ਰਭਾਵ ਸੀ। ਡਾ. ਜਸਪਾਲ ਸਿੰਘ ਨੇ ਅੱਗੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਸਾਡੀ ਸੋਚ ਸਮੂਹਿਕ ਹੋਣੀ ਜਰੂਰੀ ਹੈ। ਉਨ੍ਹਾਂ ਹੋਰ ਕਿਹਾ ਕਿ ਜਦੋਂ ਤੱਕ ਨਾਰੀ ਵਰਗ ਅਤੇ ਪੱਛੜੇ ਵਰਗਾਂ ਨੂੰ ਵਿਕਾਸ ਦੀ ਮੁੱਖ ਧਾਰਾ ਵਿੱਚ ਨਹੀਂ ਲਿਆਇਆ ਜਾਂਦਾ, ਉਦੋਂ ਤੱਕ ਉਸ ਸਮਾਜ ਦਾ ਸਮੂਹਿਕ ਵਿਕਾਸ ਅਸੰਭਵ ਹੈ। ਇਸ ਮੌਕੇ ਤੇ ਡਾ. ਜਸਪਾਲ ਸਿੰਘ ਵਲੋਂ ਆਏ ਮਹਿਮਾਨਾਂ ਨੂੰ ਫੁੱਲਕਾਰੀ, ਪੁਸਤਕਾਂ ਦਾ ਸੈਂਟ ਅਤੇ ਇੱਕ ਪੇਟਿੰਗ ਦੇ ਕੇ ਸਨਮਾਨਿਤ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਭਾਰਤ ਦੀ ਇਤਿਹਾਸਕ ਤਰੱਕੀ ਦੇ ਪਰਿਪੇਖ ਵਿੱਚ ਡਾ. ਅੰਬੇਦਕਰ ਦੇ ਮਹਾਨ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਦੇਸ਼ ਦੇ ਵਿਕਾਸ ਦਾ ਅੰਦਾਜਾ਼ ਉਥੋਂ ਦੀਆਂ ਮਹਿਲਾਵਾਂ ਦੀ ਸਥਿਤੀ ਤੋਂ ਲੱਗਦਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਸੋਹਨ ਸਿੰਘ ਠੰਡਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਸਹਿਮਤ ਹੋ ਗਏ ਹਨ ਜਿਸ ਵਿੱਚ ਡਾ. ਅੰਬੇਦਕਰ ਦੀਆਂ ਜੀਵਨ ਪ੍ਰਾਪਤੀਆਂ ਤੇ ਵਿਚਾਰ ਚਰਚਾਵਾਂ ਕੀਤੀਆਂ ਜਾਣਗੀਆਂ।
ਇਸ ਮੌਕੇ ਤੇ ਸੈਮੀਨਾਰ ਦੇ ਮੁੱਖ ਪ੍ਰਬੰਧਕ ਸ਼੍ਰੀ ਇੰਦਰ ਇਕਬਾਲ ਸਿੰਘ ਅੱਟਵਾਲ ਅਤੇ ਕੋਆਰਡੀਨੇਟਰ ਡਾ. ਜਸਪਾਲ ਕੌਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸ਼੍ਰੀ ਰਾਜੇਸ਼ ਬਾਘਾ, ਚੇਅਰਮੈਨ, ਐਸ.ਸੀ. ਕਮਿਸ਼ਨ, ਪੰਜਾਬ ਸਰਕਾਰ ਨੇ ਆਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਸਾਂਝੇ ਕੀਤੇ।

