ਭਾਜਪਾ ਦੇ 15 ਲੱਖ ਵਾਲੇ ਜੁਮਲੇ ਦਾ ਜਵਾਬ ਲੋਕ ਸਭਾ ਚੋਣਾਂ ਦੇ ਨਤੀਜੇ ਦੌਰਾਨ ਮਿਲੇਗਾ- ਡਾ ਬਲਬੀਰ
ਮੋਦੀ ਸਰਕਾਰ ਨੇ ਬੇਰੁਜ਼ਗਾਰੀ ਦੀ ਦਰ ਦੇ ਸਾਰੇ ਰਿਕਾਰਡ ਤੋੜੇ
ਪਟਿਆਲਾ 15 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਆਪ ਦੇ ਲੋਕ ਸਭਾ ਪਟਿਆਲਾ ਦੇ ਉਮੀਦਵਾਰ ਅਤੇ ਸਿਹਤ ਮੰਤਰੀ ਪੰਜਾਬ ਡਾ: ਬਲਬੀਰ ਨੇ ਵਿਧਾਇਕ ਗੁਰਲਾਲ ਘਨੌਰ ਨਾਲ ਘਨੌਰ ਹਲਕੇ ਦੇ ਵੱਖ ਪ੍ਰੋਗਰਾਮਾਂ ਵਿੱਚ ਲੋਕ ਮਿਲਣੀਆਂ ਕੀਤੀਆਂ। ਇਸ ਦੌਰਾਨ ਉਨਾਂ ਘਨੌਰ ਦੇ ਪਿੰਡ ਜੰਗ ਮੰਗੋਲੀ, ਨਨਹੇੜੀ, ਰਾਜਗੜ੍ਹ, ਬਪਰੌਰ, ਖੇੜੀ ਗੁਰਨਾ, ਘੜਾਮ ਕਲਾਂ, ਚਲਹੇੜੀ, ਨਨਹੇੜਾ, ਮਰਦਾਪੁਰ ਵਿੱਚ ਪਿੰਡ ਵਾਸੀਆਂ ਨੂੰ ਮਿਲਣ ਤੋਂ ਇਲਾਵਾ ਹੋਰ ਨੇੜਲੇ ਪਿੰਡਾਂ ਵਿੱਚਲੇ ਹੋਣ ਵਾਲੇ ਵਿਕਾਸ ਕਾਰਜਾਂ ਦਾ ਵੀ ਜਾਇਜਾ ਲਿਆ। ਮੰਚ ਤੋਂ ਸੰਬੋਧਨ ਕਰਦਿਆ ਡਾ ਬਲਬੀਰ ਨੇ ਕਿਹਾ ਕਿ ਭਾਜਪਾ ਕੇਂਦਰ ਵਿੱਚ ਅਗਲੀ ਸਰਕਾਰ ਨਹੀਂ ਬਣਾ ਸਕੇਗੀ। ਕਿਉਂਕਿ ਭਾਜਪਾ ਦਾ ਹਰ ਨਾਗਰਿਕ ਦੇ ਖਾਤੇ ਵਿੱਚ 15 ਲੱਖ ਪਾਉਣ ਵਾਲਾ ਜੁਮਲਾ ਲੋਕਾਂ ਦੇ ਹਜ਼ਮ ਨਹੀ ਆਇਆ। ਇਹ ਹੀ ਨਹੀ ਸਰਕਾਰੀ ਅਦਾਰਿਆਂ ਦਾ ਨਿਜੀਕਰਨ ਕਰਕੇ ਵੱਡੇ ਰਸੂਖਦਾਰਾਂ ਦੇ ਹੱਥੀ ਡੋਰ ਫੜਾ ਕੇ ਦੇਸ਼ ਦੇ ਖਜ਼ਾਨੇ ਨੂੰ ਲਗਾਇਆ ਵੱਡਾ ਚੂਨਾਂ ਵੀ ਲੋਕਾਂ ਦੀ ਅੱਖੋਂ ਪੋਰਖੇ ਨਹੀ ਹੈ। ਉਨਾਂ ਕਿਹਾ ਕਿ ਭਾਜਪਾ ਸਰਕਾਰ ਦੀ ਵੱਡੀ ਯੋਜਨਾ ਹੈ ਕਿ ਜਿਵੇਂ ਮੁੰਬਈ ਵਿੱਚ ਸ਼ਿਵ ਸੈਨਾ ਤੋੜੀ ਹੈ, ਉਸੇ ਤਰੀਕੇ ਨਾਲ ਉਹ ਪੰਜਾਬ ਵਿੱਚ ‘ਆਪ’ ਨੂੰ ਤੋੜਨਾ ਚਾਹੁੰਦੇ ਹਨ ਪਰ ਅਜਿਹਾ ਸੁਪਨਾਂ ਸ਼ਾਇਦ ਭਾਜਪਾ ਆਪਣੇ ਨਾਲ ਹੀ ਲੈ ਕੇ ਘਰ ਵਾਪਸੀ ਕਰੇਗੀ।
ਉਨਾ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਸਾਡੀਆਂ ਮਾਵਾਂ ਭੈਣਾਂ ਹਰ ਰੋਜ਼ ਮਹਿੰਗੇ ਹੋ ਰਹੇ ਗੈਸ ਸਿਲੰਡਰਾਂ ਅਤੇ ਰਾਸ਼ਨ ਤੋਂ ਪਰੇਸ਼ਾਨ ਹਨ। ਹਰ ਗ਼ਰੀਬ ਅਮੀਰ ਡੀਜ਼ਲ ਪੈਟਰੋਲ ਦੀਆਂ ਬੇਲਗ਼ਾਮ ਕੀਮਤਾਂ ਤੋਂ ਦੁਖੀ ਹੈ। ਆਮ ਵਪਾਰੀ ਕਾਰੋਬਾਰੀ ਅਤੇ ਛੋਟੇ ਦੁਕਾਨਦਾਰ ਪੱਖਪਾਤੀ ਤਰੀਕੇ ਨਾਲ ਲਾਗੂ ਜੀਐਸਟੀ ‘ਚ ਉਲਝੇ ਹੋਏ ਹਨ। ਵਪਾਰੀਆਂ ਕਾਰੋਬਾਰੀਆਂ ਦਾ ਵੱਡਾ ਹਿੱਸਾ ਅਜੇ ਤੱਕ ਨੋਟ ਬੰਦੀ ਦੀ ਮਾਰ ਤੋਂ ਉੱਠ ਨਹੀਂ ਸਕਿਆ। ਕਿਸਾਨ ਫ਼ਸਲਾਂ ਦੀ ਐਮਐਸਪੀ ਉੱਪਰ ਖ਼ਰੀਦ ਦੀ ਗਰੰਟੀ ਲਈ ਸੰਘਰਸ਼ ਕਰ ਰਹੇ ਹਨ ਅਤੇ ਮਜ਼ਦੂਰ ਵਰਗ ਦਮ ਤੋੜ ਰਹੀ ਮਨਰੇਗਾ ਯੋਜਨਾ ਨੂੰ ਬਚਾਉਣ ਲਈ ਲੜ ਰਿਹਾ ਹੈ। ਬੇਰੁਜ਼ਗਾਰੀ ਦੀ ਦਰ ਸਾਰੇ ਰਿਕਾਰਡ ਤੋੜ ਚੁੱਕੀ ਹੈ। ਇਹਨਾਂ ਸਾਰੀਆਂ ਮੁਸ਼ਕਲਾਂ ਲਈ ਕੇਂਦਰ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਡਾ ਬਲਬੀਰ ਨੇ ਪਟਿਆਲਾ ਦੇ ਲੋਕਾਂ ਨੂੰ ਚੋਣਾਂ ਵਿੱਚ ਸਾਥ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਪਾਰਲੀਮੈਂਟ ਵਿੱਚ ਸਾਰੇ ਵਰਗਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ। ਇਸ ਮੌਕੇ ਉਨਾਂ ਨਾਲ ਕਰਨਲ ਜੇ ਵੀ ਸਿੰਘ, ਗੁਰਤਾਜ ਸਿੰਘ ਸੰਧੂ ਪੀ ਏ, ਕੁਲਵੰਤ ਸਿੰਘ ਕੋਚ ਪੀ ਏ, ਜਰਨੈਲ ਸਿੰਘ ਮਨੂੰ ਸੰਯੁਕਤ ਸਕੱਤਰ ਪੰਜਾਬ, ਅਵਤਾਰ ਸਿੰਘ ਸੋਗਲਪੁਰ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ, ਅਸ਼ਵਨੀ ਕੁਮਾਰ ਬਲਾਕ ਪ੍ਰਧਾਨ, ਨਰ ਸਿੰਘ ਕਾਮੀ ਖੁਰਦ ਬਲਾਕ ਪ੍ਰਧਾਨ, ਹਰਚਰਨ ਸਿੰਘ ਸੋਂਦਾ ਬਲਾਕ ਪ੍ਰਧਾਨ, ਹਰਜੀਤ ਸਿੰਘ ਸਰਲਾ ਬਲਾਕ ਪ੍ਰਧਾਨ, ਲਖਵਿੰਦਰ ਗੁੱਜਰ ਬੜੋਲੀ ਗੁਜ਼ਰਾਂ, ਬਲਾਕ ਪ੍ਰਧਾਨ, ਕੈਪਟਨ ਦੀਦਾਰ ਸਿੰਘ ਅਜਰਾਵਰ ਬਲਾਕ ਪ੍ਰਧਾਨ, ਬਲਕਾਰ ਗੱਜੁਮਾਜਰਾ, ਗੁਲਜ਼ਾਰ ਵਿਰਕ, ਹੇਰੀ ਸਰਪੰਚ, ਜਸਵੀਦਰ ਸਿੰਘ ਸੇਰਗੜ, ਧਰਮਿੰਦਰ ਸਿੰਘ ਸਾਹਪੁਰ, ਸਤਨਾਮ ਸਿੰਘ ਢੀਡਸਾ, ਰਾਕੇਸ਼ ਕੁਮਾਰ ਬੱਗਾ, ਅਮਰਿੰਦਰ ਮਾਨ ਢੋਲਾਂ ਅਤੇ ਹੋਰ ਕਈ ਆਪ ਆਗੂ, ਵਾਲੰਟੀਅਰ ਤੇ ਪਿੰਡ ਵਾਸੀ ਮੌਜੂਦ ਰਹੇ।

