ਕਾਂਗਰਸ ਅਤੇ ਓ. ਬੀ. ਸੀ. ਸੈਲ ਨੇ ਲਾਇਆ ਮਹਿੰਗਾਈ ਦੇ ਖਿਲਾਫ ਧਰਨਾ
ਪਟਿਆਲਾ 7 ਅਗਸਤ (ਮਧੂਸਾਰ ਬਿਊਰੋ)
ਕੇਂਦਰ ਸਰਕਾਰ ਅਤੇ ਪੰਜਾਬ ਦੀ ਮੌਜੂਦਾ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਵੱਧ ਰਹੀ ਮਹਿੰਗਾਈ ਦੇ ਖਿਲਾਫ ਅੱਜ ਕਾਂਗਰਸ ਓ. ਬੀ. ਸੀ. ਸੈਲ ਪੰਜਾਬ ਦੇ ਸਕੱਤਰ ਉਧਮ ਸਿੰਘ ਕੰਬੋਜ ਅਤੇ ਹੋਰ ਕਾਂਗਰਸੀ ਅਹੁਦੇਦਾਰਾਂ ਨੇ ਸਾਂਝੇ ਤੌਰ ‘ਤੇ ਇਕ ਵਿਸ਼ਾਲ ਧਰਨਾ ਲਾਇਆ।
ਧਰਨੇ ਵਿਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ. ਕੇ. ਸ਼ਰਮਾ, ਪੰਜਾਬ ਅਰਬਨ ਡਿਵੈਲਪਮੈਂਟ ਸੈਲ ਦੇ ਚੇਅਰਮੈਨ ਸੰਜੀਵ ਸ਼ਰਮਾ ਬਿੱਟੂ, ਬਲਾਕ ਪ੍ਰਧਾਨ ਕੇ. ਕੇ. ਮਲਹੋਤਰਾ, ਬੀ. ਸੀ. ਸੈਲ ਦੇ ਚੇਅਰਮੈਨ ਰਾਜੇਸ਼ ਮੰਡੌਰਾ, ਅਸ਼ਵਨੀ ਕਪੂਰ ਮਿੱਕੀ ਅਤੇ ਹਰੀਸ਼ ਕਪੂਰ ਆਦਿ ਕਾਂਗਰਸੀ ਆਗੂ ਆਪਣੇ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਕੇਂਦਰ ਅਤੇ ਅਕਾਲੀ ਭਾਜਪਾ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੇ. ਕੇ. ਸ਼ਰਮਾ ਨੇ ਬੋਲਦਿਆਂ ਕਿਹਾ ਕਿ ਅੱਛੇ ਦਿਨਾਂ ਦੀ ਉਮੀਦ ਵਿਚ ਲੋਕਾਂ ਨੂੰ ਮਹਿੰਗਾਈ ਦੇ ਦਿਨ ਸੌਗਾਤ ਵਿਚ ਮਿਲੇ ਹਨ। ਦਾਲਾਂ, ਸਬਜ਼ੀਆਂ ਅਤੇ ਹੋਰ ਰੋਜ਼ਮਰਾ ਦੀਆਂ ਚੀਜ਼ਾਂ ਰਿਕਾਰਡ ਰੇਟ ‘ਤੇ ਪਹੁੰਚ ਗਈਆਂ ਹਨ, ਜਿਸ ਨਾਲ ਆਮ ਆਦਮੀ ਦਾ ਜਿਉਣਾ ਦੁਸ਼ਵਾਰ ਹੋ ਗਿਆ ਹੈ। ਆਮ ਅਤੇ ਗਰੀਬ ਵਿਅਕਤੀ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਹੋਇਆ ਪਿਆ ਹੈ ਪਰ ਮੌਜੂਦਾ ਕੇਂਦਰ ਅਤੇ ਅਕਾਲੀ ਭਾਜਪਾ ਸਰਕਾਰ ਸਿਰਫ ਤਮਾਸ਼ਾ ਦੇਖ ਰਹੀ ਹੈ। ਇਸ ਮੌਕੇ ਸੰਜੀਵ ਬਿੱਟੂ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਹੋਰ ਸਾਰੇ ਰਾਜਾਂ ਨਾਲੋਂ ਸਭ ਤੋਂ ਵੱਧ ਮਹਿੰਗੇ ਰੇਟਾਂ ‘ਤੇ ਵਿਕ ਰਿਹਾ ਹੈ, ਜਿਸ ਨਾਲ ਟਰਾਂਸਪੋਰਟ ਦੇ ਰੇਟਾਂ ਵਿਚ ਵੀ ਭਾਰੀ ਵਾਧਾ ਹੋਇਆ ਹੈ ਅਤੇ ਇਸ ਨਾਲ ਲੋੜੀਂਦੀਆਂ ਸਾਰੀਆਂ ਵਸਤਾਂ ਹੀ ਮਹਿੰਗੀਆਂ ਹੋ ਗਈਆਂ ਹਨ ਪਰ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਅਕਾਲੀ ਸਰਕਾਰ ਇਸ ਮਹਿੰਗਾਈ ਨੂੰ ਘਟਾਉਣ ਵੱਲ ਕੋਈ ਸਾਰਥਕ ਕਦਮ ਚੁੱਕ ਰਹੀ ਹੈ। ਇਸ ਮੌਕੇ ਉਧਮ ਕੰਬੋਜ ਅਤੇ ਰਾਜੇਸ਼ ਮੰਡੌਰਾ ਨੇ ਬੋਲਦਿਆਂ ਕਿਹਾ ਕਿ 10 ਸਾਲ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਵਿਚ ਕਦੇ ਵੀ ਆਮ ਆਦਮੀ ਨੂੰ ਇੰਨਾ ਔਖਾ ਨਹੀਂ ਹੋਣਾ ਪਿਆ, ਜਿੰਨਾ ਇਸ ਮੌਜੂਦਾ ਸਰਕਾਰ ਵਿਚ ਲੋਕ ਦੁਖੀ ਹੋ ਕੇ ਆਪਣਾ ਗੁਜ਼ਾਰਾ ਕਰਨ ਲਈ ਮਜਬੂਰ ਹੋਏ ਪਏ ਹਨ ਕਿਉਂਕਿ ਹਰ ਆਮ ਆਦਮੀ ਦੀ ਰਸੋਈ ਦਾ ਬਜਟ ਇਸ ਵੱਧਦੀ ਹੋਈ ਮਹਿੰਗਾਈ ਨੇ ਵਿਗਾੜ ਕੇ ਰੱਖ ਦਿੱਤਾ ਹੈ ਅਤੇ ਲੋਕ ਹੁਣ ਕਾਂਗਰਸ ਦੀ ਸਰਕਾਰ ਨੂੰ ਯਾਦ ਕਰਦੇ ਹੋਏ ਮੌਜੂਦਾ ਸਰਕਾਰ ਨੂੰ ਦਿਲੋਂ ਕੋਸ ਰਹੇ ਹਨ। ਇਸ ਮੌਕੇ ਮੁਕੇਸ਼ ਕੁਮਾਰ ਭੋਲਾ, ਸੋਹਨ ਸਿੰਘ ਆਰੇਵਾਲੇ, ਸੋਹਨ ਲਾਲ, ਕ੍ਰਿਸ਼ਨ ਕੁਮਾਰ ਬਾਬੂ, ਸਤਪਾਲ, ਰਾਜੇਸ਼ ਕੁਮਾਰ, ਪਵਨ ਜੈਕਬ, ਬਲਬੀਰ ਸਿੰਘ, ਸੰਤ ਕੌਰ, ਸੁਰਜੀਤ ਕੌਰ, ਮੋਨੂੰ ਨਾਨੀ, ਮੋਨੂੰ ਵਰਮਾ, ਰਾਜੂ ਅਤੇ ਜ਼ਿਲਾ ਕਾਂਗਰਸ ਦੇ ਮੀਡੀਆ ਇੰਚਾਰਜ ਜਸਵਿੰਦਰ ਜੁਲਕਾ ਆਦਿ ਕਾਂਗਰਸੀ ਅਹੁਦੇਦਾਰ ਵੱਡੀ ਗਿਣਤੀ ਵਿਚ ਮੌਕੇ ‘ਤੇ ਹਾਜ਼ਰ ਸਨ।

