ਪਟਿਆਲਾ

ਰਾਸ਼ਟਰੀ ਪਸ਼ੂ-ਧਨ ਮਿਸ਼ਨ ਸਕੀਮ ਅਧੀਨ ਪਸ਼ੂਆਂ ਦੇ ਬੀਮੇ ਦੀ ਰਾਸ਼ੀ ਤੇ 70 ਪ੍ਰਤੀਸ਼ਤ ਤੱਕ ਸਬਸਿਡੀ ਉਪਲਬੱਧ : ਡਿਪਟੀ ਡਾਇਰੈਕਟਰ

ਪਸ਼ੂ ਧਾਰਕ ਮੱਝਾਂ ਤੇ ਗਾਵਾਂ ਦਾ ਬੀਮਾ ਜ਼ਰੂਰ ਕਰਵਾਉਣ

ਪਟਿਆਲਾ, 7 ਜੂਨ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਚਰਨਜੀਤ ਸਿੰਘ ਨੇ ਦੱਸਿਆ ਕਿ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਮੂੰਹ ਖੁਰ, ਲੰਪੀ ਸਕਿਨ, ਗਲਘੋਟੂ ਆਦਿ ਕਾਰਨ ਕਈ ਵਾਰ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ਮੌਤਾਂ ਨਾਲ ਛੋਟੇ ਅਤੇ ਦਰਮਿਆਨੇ ਡੇਅਰੀ ਫਾਰਮਰਾਂ ਦਾ ਆਰਥਿਕ ਨੁਕਸਾਨ ਹੋ ਜਾਂਦਾ ਹੈ, ਭਾਵੇਂ ਕਿ ਇਨ੍ਹਾਂ ਬਿਮਾਰੀਆਂ ਦੇ ਰੋਕਥਾਮ ਲਈ ਸਰਕਾਰ ਵੱਲੋਂ ਪਸ਼ੂਆਂ ਦਾ ਸਮੇਂ ਸਮੇਂ ’ਤੇ ਟੀਕਾਕਰਨ ਕੀਤਾ ਜਾਂਦਾ ਹੈ ਪਰ ਫਿਰ ਵੀ ਸਰਕਾਰ ਵੱਲੋਂ ਪਸ਼ੂ-ਧਨ ਦੇ ਵਿੱਤੀ ਨੁਕਸਾਨ ਨੂੰ ਘੱਟ ਕਰਨ ਲਈ ਬੀਮੇ ਦੀ ਰਾਸ਼ੀ ਤੇ ਸਬਸਿਡੀ ਦੀ ਸਹੂਲਤ ਵੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਆਰਥਿਕ ਨੁਕਸਾਨ ਨੂੰ ਘੱਟ ਕਰਨ ਲਈ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਰਾਸ਼ਟਰੀ ਪਸ਼ੂ-ਧਨ ਮਿਸ਼ਨ ਸਕੀਮ ਅਧੀਨ ਪਸ਼ੂਆਂ (ਮੱਝਾਂ ਅਤੇ ਗਾਵਾਂ) ਦੇ ਬੀਮੇ ਦੀ ਰਾਸ਼ੀ ਤੇ ਅਨੁਸੂਚਿਤ ਜਾਤੀ ਲਾਭਪਾਤਰੀਆਂ ਨੂੰ 70 ਪ੍ਰਤੀਸ਼ਤ ਸਬਸਿਡੀ ਅਤੇ ਜਨਰਲ ਜਾਤੀ ਲਾਭਪਾਤਰੀਆਂ ਨੂੰ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ।

ਇਹ ਸਕੀਮ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੀ ਸਾਂਝੀ ਸਕੀਮ ਹੈ। ਇਹ ਸਕੀਮ ਪ੍ਰਤੀ ਪਰਿਵਾਰ 1 ਤੋਂ 5 ਪਸ਼ੂਆਂ ਤੱਕ ਹੀ ਉਪਲਬਧ ਹੈ ਜਿਸ ਵਿੱਚ ਪਸ਼ੂ ਦੀ ਕੀਮਤ 70 ਹਜ਼ਾਰ ਰੁਪਏ ਨਿਰਧਾਰਿਤ ਕੀਤੀ ਗਈ ਹੈ। ਇਸ ਸਕੀਮ ਅਧੀਨ ਇੱਕ ਸਾਲ ਦਾ ਬੀਮਾ ਐਸ.ਸੀ ਅਤੇ ਐਸ.ਟੀ ਲਾਭਪਾਤਰੀਆਂ ਦੇ ਪਸ਼ੂਆਂ ਦਾ 672 ਰੁਪਏ ਵਿੱਚ ਅਤੇ ਜਨਰਲ ਲਾਭਪਾਤਰੀਆਂ ਦੇ ਪਸ਼ੂਆਂ ਦਾ 1120 ਰੁਪਏ ਵਿੱਚ ਕੀਤਾ ਜਾ ਰਿਹਾ ਹੈ। ਇਸ ਰਾਸ਼ੀ ਵਿੱਚ ਜਨਰਲ ਵਰਗ ਲਈ 50 ਪ੍ਰਤੀਸ਼ਤ ਅਤੇ ਐਸ.ਸੀ ਅਤੇ ਐਸ.ਟੀ ਵਰਗ ਲਈ 70 ਪ੍ਰਤੀਸ਼ਤ ਸਬਸਿਡੀ ਕੱਟ ਕੇ ਦੁੱਧ ਉਤਪਾਦਕ ਵੱਲੋਂ ਇਹ ਰਾਸ਼ੀ ਦਿੱਤੀ ਜਾਣੀ ਹੈ । ਇਸ ਸਕੀਮ ਦਾ ਲਾਭ ਕੋਈ ਵੀ ਦੁੱਧ ਉਤਪਾਦਕ ਜਿਸ ਨੇ ਬੈਂਕ ਤੋਂ ਡੇਅਰੀ ਕਰਜ਼ਾ ਲਿਆ ਹੈ ਜਾਂ ਨਹੀਂ ਲਿਆ ਹੈ, ਕੇਸੀਸੀ ਸਕੀਮ ਲਈ ਹੈ ਜਾਂ ਨਹੀਂ ਲਈ ਹੈ, ਸਕੀਮ ਦਾ ਲਾਭ ਲੈ ਸਕਦਾ ਹੈ। ਇਸ ਤੋਂ ਇਲਾਵਾ ਸਿੱਧੇ ਤੌਰ ਤੇ ਡੇਅਰੀ ਕਿੱਤਾ ਕਰਨ ਵਾਲੇ ਵੀ ਕਿਸਾਨ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਦੁੱਧ ਉਤਪਾਦਕਾਂ ਨੂੰ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ ਲਈ ਅਪੀਲ ਕੀਤੀ ਜਾਂਦੀ ਹੈ। ਬੀਮਾ ਕਰਵਾਉਣ ਲਈ ਫ਼ੋਨ ਨੰ. 87278-86230 ਅਤੇ 91154-50171 ਨਾਲ ਸੰਪਰਕ ਕਰ ਲਿਆ ਜਾਵੇ।

Leave a Reply

Your email address will not be published. Required fields are marked *