ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ 1500 ਰੁਪਏ ਪ੍ਰਤੀ ਏਕੜ ਰਾਸ਼ੀ – ਮੁੱਖ ਖੇਤੀਬਾੜੀ ਅਫ਼ਸਰ
ਰੂਪਨਗਰ, 13 ਜੂਨ: (ਮਧੂਸਾਰ ਬਿਊਰੋ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵੱਲੋ ਕਿਸਾਨਾਂ ਨੂੰ ਪਾਣੀ, ਬਿਜਲੀ ਅਤੇ ਲੇਬਰ ਦੀ ਬੱਚਤ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਨੂੰ ਸਹੀ ਰੱਖਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਬਾਰੇ ਜਾਗਰੂਕ ਕੀਤੀ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਸੰਗਤਪੁਰਾ ਬਲਾਕ ਰੂਪਨਗਰ ਵਿਖੇ ਮਨਪ੍ਰੀਤ ਸਿੰਘ ਦੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕੁਦਰਤੀ ਸੋਮੇ ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰੋਤਸਾਹਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਕਿ ਵੱਧ ਤੋਂ ਵੱਧ ਕਿਸਾਨ ਕੱਦੂ ਵਾਲੇ ਝੋਨੇ ਹੇਠੋਂ ਰਕਬਾ ਘਟਾਕੇ ਇਸ ਤਕਨੀਕ ਹੇਠ ਲਿਆਉਣ, ਇਸ ਤਰ੍ਹਾਂ ਕਰਨ ਨਾਲ ਜਿੱਥੇ ਪਾਣੀ, ਬਿਜਲੀ ਅਤੇ ਲੇਬਰ ਦੀ ਬੱਚਤ ਹੋਵੇਗੀ, ਉੱਥੇ ਹੀ ਵਾਤਾਵਰਣ ਅਤੇ ਜ਼ਮੀਨ ਦੀ ਸਿਹਤ ਵੀ ਸਹੀ ਰਹੇਗੀ।
ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਲਗਾਤਾਰ ਕੱਦੂ ਕਰਨ ਨਾਲ ਜ਼ਮੀਨ ਉਪਰ ਇਕ ਬਹੁਤ ਸਖਤ ਸੀਮੈਂਟ ਵਰਗੀ ਪੜ੍ਹਤ ਬਣ ਜਾਂਦੀ ਹੈ ਜਿਸ ਨੂੰ ਸੋਡੀਅਮ ਪੜ੍ਹਤ ਆਖਦੇ ਹਨ, ਇਹੀ ਸਖਤ ਪੜ੍ਹਤ ਬਾਰਿਸ਼ਾਂ ਅਤੇ ਸਿੰਚਾਈ ਵਾਲੇ ਪਾਣੀ ਨੂੰ ਕਿਸੇ ਵੀ ਹਾਲਤ ਵਿੱਚ ਥੱਲੇ ਜਾਣ ਹੀ ਨਹੀਂ ਦਿੰਦੀ, ਜਿਸ ਕਰਕੇ ਜ਼ਮੀਨੀ ਪਾਣੀ ਲਗਾਤਾਰ ਘਟਦਾ ਜਾ ਰਿਹਾ ਹੈ। ਕੱਦੂ ਕਰਕੇ ਲੁਆਏ ਝੋਨੇ ਵਿੱਚ ਖੜਾ ਪਾਣੀ ਵਾਸ਼ਪੀਕਰਨ ਰਾਹੀਂ ਖਤਰਨਾਕ ਗੈਸਾਂ ਬਣ ਕੇ ਮੌਸਮ ਨੂੰ ਗੰਦਲਾ ਕਰਦਾ ਹੈ। ਇਸ ਲਈ ਵਾਤਾਵਰਣ ਨੂੰ ਸਾਫ ਰੱਖਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਬਾਰਿਸ਼ਾਂ ਦੇ ਪਾਣੀਆਂ ਦੀ ਹਾਰਵੇਸਟਿੰਗ ਅਤੇ ਮਿਆਰੀ ਫਸਲ ਦਾ ਵੱਧ ਝਾੜ ਲੈਣ ਵਾਸਤੇ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਾਸਤੇ ਕੱਦੂ ਕਰਕੇ ਝੋਨਾ ਲਾਉਣ ਤੇ ਗੁਰੇਜ਼ ਕਰਨਾ ਚਾਹੀਦਾ ਹੈ। ਇੰਜੀ. ਜੁਝਾਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਪ੍ਰੋਤਸਾਹਨ ਰਾਸ਼ੀ ਲੈਣ ਲਈ ਆਪਣੇ ਬਲਾਕ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਕਿਸਾਨ ਕੁਲਵਿੰਦਰ ਸਿੰਘ, ਦਰਸ਼ਨ ਸਿੰਘ, ਹਰਪ੍ਰੀਤ ਸਿੰਘ, ਤਾਰਾ ਸਿੰਘ, ਜਗਵਿੰਦਰ ਸਿੰਘ ਅਤੇ ਵਿਭਾਗ ਦੇ ਬਲਵਿੰਦਰ ਕੁਮਾਰ ਏ.ਈ.ੳ, ਹਰਸਵਰਾਜ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।

