ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ ਵਰਕਜ ਵੈਲਫੇਅਰ ਬੋਰਡ ਅਧੀਨ ਉਸਾਰੀ ਕਿਰਤੀਆਂ ਦੀ ਭਲਾਈ ਸਕੀਮਾਂ ਪਾਸ ਕੀਤੀਆਂ
ਮੋਰਿੰਡਾ, 13 ਜੂਨ (ਮਧੂਸਾਰ ਬਿਊਰੋ) : ਸਬ-ਡਵੀਜ਼ਨਲ ਮੈਜਿਸਟ੍ਰੇਟ ਮੋਰਿੰਡਾ ਸ਼੍ਰੀ ਸੁਖਪਾਲ ਸਿੰਘ ਪੀ.ਸੀ.ਐੱਸ ਦੀ ਪ੍ਰਧਾਨਗੀ ਹੇਠ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ ਵਰਕਜ ਵੈਲਫੇਅਰ ਬੋਰਡ ਅਧੀਨ ਮੋਰਿੰਡਾ ਦੀ ਸਬ ਡਵੀਜ਼ਨ ਪੱਧਰੀ ਕਮੇਟੀ ਦੀ ਉਸਾਰੀ ਕਿਰਤੀਆਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਐਸ.ਡੀ.ਐਮ ਮੋਰਿੰਡਾ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ੍ਰੀ ਪ੍ਰਦੀਪ ਚੌਧਰੀ ਕਿਰਤ ਤੇ ਸੁਲਾਹ ਅਫ਼ਸਰ, ਸ੍ਰੀਮਤੀ ਹਰਪ੍ਰੀਤ ਕੋਰ ਕਿਰਤ ਇੰਸਪੈਕਟਰ, ਸ਼੍ਰੀ ਕਰਨ ਮਹਿਤਾ ਡੀ.ਪੀ.ਆਰ.ਓ., ਅਤੇ ਗਠਿੱਤ ਕਮੇਟੀ ਦੇ ਮੈਂਬਰਾਂ ਵਲੋਂ ਤਹਿਸੀਲ ਮੋਰਿੰਡਾ ਦੇ ਰਜਿਸਟਰ ਉਸਾਰੀ ਕਿਰਤੀਆਂ ਦੀਆਂ ਕੁੱਲ 82 ਅਰਜੀਆਂ (ਵਜੀਫਾ, ਸ਼ਗਨ, ਐਕਸਗ੍ਰੇਸ਼ੀਆਂ, ਦਾਹ-ਸੰਸਕਾਰ, ਬਾਲੜੀ ਆਦਿ ) ਜਿਨਾਂ ਦੀ ਬਣਦੀ ਕੁੱਲ 15,38,387/- ਰੁਪਏ ਦੀ ਰਕਮ ਪਾਸ ਕੀਤੀ ਗਈ ਹੈ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਮੋਰਿੰਡਾ ਵਲੋ ਕਮੇਟੀ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਗਈ ਕਿ ਉਸਾਰੀ ਕਿਰਤੀਆਂ ਨੂੰ ਵੱਧ ਤੋਂ ਵੱਧ ਰਜਿਸਟਰ ਕਰਵਾਇਆ ਜਾਵੇ ਅਤੇ ਬੋਰਡ ਵੱਲੋਂ ਚਲਾਈ ਜਾ ਰਹੀ ਸਕੀਮਾਂ ਦਾ ਲਾਭ ਦਵਾਇਆ ਜਾਵੇ। ਇਸ ਲਈ ਸਾਰੇ ਵਿਭਾਗਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਕੈਂਪ ਲਗਾਉਣ ਦੇ ਦਿਸ਼ਾ ਨਿਰੇਸ਼ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਵੱਖ-ਵੱਖ ਉਸਾਰੀ ਕਿਰਤੀਆਂ ਜਿਵੇਂ ਰਾਜ ਮਿਸਤਰੀ, ਇੱਟਾ ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟ੍ਰੀਸ਼ਨ, ਤਕਨੀਕੀ/ਕਲੈਰੀਕਲ ਕੰਮ ਆਦਿ ਕਰਨ ਵਾਲਾ ਅਤੇ ਕਿਸੇ ਸਰਕਾਰੀ, ਅਰਧ ਸਕਰਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਇਮਾਰਤਾਂ, ਸੜਕਾਂ, ਨਹਿਰਾਂ, ਬਿਜਲੀ ਦੇ ਉਤਪਾਦਨ ਜਾਂ ਵੰਡ ਟੈਲੀਫੋਨ, ਤਾਰ, ਰੇਡੀਓ, ਰੇਲ ਹਵਾਈ ਅੱਡੇ ਆਦਿ ਵਿਖੇ ਉਸਾਰੀ, ਮੁਰੰਮਤ, ਰੱਖ-ਰਖਾਵ ਜਾਂ ਤੋੜ ਫੋੜ ਦੇ ਕੰਮ ਲਈ ਕੁਸ਼ਲ/ਅਰਧ ਕੁਸ਼ਲ, ਕਾਰੀਗਰ ਜਾਂ ਸੁਪਰਵਾਈਜਰ ਦੇ ਤੌਰ ਤੇ ਤਨਖਾਹ ਜਾਂ ਮਿਹਨਤਾਨਾ ਲੈ ਕੇ ਕੰਮ ਕਰਨ ਵਾਲਾ ਵਿਅਕਤੀ ਉਸਾਰੀ ਕਿਰਤੀ ਅਖਵਾਉਂਦਾ ਹੈ ਅਤੇ ਬੋਰਡ ਨਾਲ ਰਜਿਸਟਰ ਹੋਣ ਉਪਰੰਤ ਉਪਰੋਕਤ ਸਕੀਮਾਂ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਵਾਰ ਬੋਰਡ ਪਾਸ ਬਤੌਰ ਲਾਭਪਾਤਰੀ ਰਜਿਸਟਰਡ ਹੋਣ ਉਪਰੰਤ ਪੰਜੀਕ੍ਰਿਤ ਉਸਾਰੀ ਕਿਰਤੀ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਵਜੀਫਾ ਸਕੀਮ, ਲੜਕੀ ਦੀ ਸ਼ਾਦੀ ਲਈ ਸ਼ਗਨ ਸਕੀਮ, ਪ੍ਰਸੂਤਾ ਸਕੀਮ, ਬਾਲੜੀ ਤੋਹਫਾ ਸਕੀਮ, ਛੁੱਟੀ ਦੌਰਾਨ ਯਾਤਰਾ ਸਕੀਮ ਅਤੇ ਪੈਨਸ਼ਨ ਸਕੀਮ ਦਾ ਲਾਭ ਲੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਕਿਰਤੀ ਦੀ ਕੰਮ ਕਰਨ ਸਮੇਂ ਅਚਾਨਕ ਮੌਤ ਹੋ ਜਾਂਦਾ ਹੈ ਤਾਂ ਇਸ ਦਾ ਮੁਆਵਜ਼ਾ ਵੀ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ।

