ਅੰਤਰ ਰਾਸ਼ਟਰੀ ਪਹਿਲਵਾਨ ਜਗਦੀਸ਼ ਭੋਲਾ ਨਸ਼ਾ ਤਸਕਰੀ ਕੇਸ ‘ਚੋਂ ਬਰੀ
ਚਹਿਲ ਤੇ ਮਨਿੰਦਰ ਸਿੰਘ ਬਿੱਟੂ ਔਲਖ ਵੀ ਬਰੀ
ਜਲੰਧਰ (ਮਧੂਸਾਰ ਬਿਊਰੋ)
ਪੰਜਾਬ ਪੁਲਿਸ ਦਾ ਬਰਖਾਸਤ ਡੀਐਸਪੀ ਤੇ ਅੰਤਰਰਾਸ਼ਟਰੀ ਪਹਿਲਵਾਨ ਜਗਦੀਸ਼ ਭੋਲਾ ਨਸ਼ਾ ਤਸਕਰੀ ਦੇ ਇੱਕ ਮਾਮਲੇ ‘ਚੋਂ ਬਰੀ ਹੋ ਗਿਆ ਹੈ। ਭੋਲਾ ਦੇ ਨਾਲ ਨਾਮਜ਼ਦ ਮੈਡੀਸਨ ਕਾਰੋਬਾਰੀ ਜਗਜੀਤ ਸਿੰਘ ਚਹਿਲ ਤੇ ਸਾਬਕਾ ਅਕਾਲੀ ਲੀਡਰ ਮਨਿੰਦਰ ਸਿੰਘ ਬਿੱਟੂ ਔਲਖ ਵੀ ਬਰੀ ਹੋ ਗਏ ਹਨ। ਜਦਕਿ ਮਾਮਲੇ ‘ਚ 2 ਹੋਰ ਮੁਲਜ਼ਮਾਂ ਨੂੰ ਦੋਸ਼ੀ 12-12 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਜਲੰਧਰ ਦੀ ਅਡੀਸ਼ਨਲ ਜਿਲ੍ਹਾ ਸ਼ੈਸ਼ਨਜ਼ ਕੋਰਟ ਨੇ ਸੁਣਾਇਆ ਹੈ।
ਅਦਾਲਤ ਨੇ ਇਸ ਮਾਮਲੇ ਦੀ ਪੂਰੀ ਸੁਣਵਾਈ ਤੋਂ ਬਾਅਦ ਅੱਜ ਅਹਿਮ ਫੈਸਲਾ ਸੁਣਾਇਆ ਹੈ। ਜਿਲ੍ਹਾ ਅਡੀਸ਼ਨਲ ਸ਼ੈਸ਼ਨਜ਼ ਜੱਜ ਸ਼ਾਮ ਲਾਲ ਨੇ ਭੋਲਾ, ਚਹਿਲ, ਔਲਖ ਤੇ 2 ਹੋਰਾਂ ਨੂੰ ਮਾਮਲੇ ‘ਚ ਬੇਕਸੂਰ ਮੰਨਿਆ ਹੈ। ਪਰ ਅੰਮ੍ਰਿਤਸਰ ਦੇ ਤਰਸੇਮ ਸਿੰਘ ਤੇ ਕਪੂਰਥਲਾ ਦੇ ਰਹਿਣ ਵਾਲੇ ਦਲਬੀਰ ਸਿੰਘ ਨੂੰ ਨਸ਼ਾ ਤਸਕਰੀ ਕਰਨ ਦਾ ਦੋਸ਼ੀ ਮੰਨਿਆ ਹੈ। ਅਦਾਲਤ ਨੇ ਇਹਨਾਂ ਦੋਨਾਂ ਦੋਸ਼ੀਆਂ ਨੂੰ 12-12 ਸਾਲ ਦੀ ਸਜ਼ਾ ਦੇ ਨਾਲ 1-1 ਲੱਖ ਰੁਪਿਆ ਜੁਰਮਾਨਾ ਵੀ ਕੀਤਾ ਹੈ।

