ਆਕਾਸ਼ਵਾਣੀ ਜਲੰਧਰ ਦੇ ਵਿਹੜੇ ‘ਚ ਆਜ਼ਾਦੀ ਦਿਹਾੜੇ ਦਾ ਤਿਉਹਾਰ ਪੂਰੇ ਉਤਸ਼ਾਹ, ਖੁਸ਼ੀ ਅਤੇ ਧੂਮ-ਧਾਮ ਨਾਲ ਮਨਾਇਆ ਗਿਆ
ਸੇਵਾਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਹਿਰਾਇਆ ਕੌਮੀ ਝੰਡਾ
ਗਿੱਧੇ ਅਤੇ ਭੰਗੜੇ ਦੀ ਖੂਬਸੂਰਤ ਪੇਸ਼ਕਾਰੀ ਨੇ ਲੋਕਾਂ ਦਾ ਧਿਆਨ ਖਿੱਚਿਆ
ਜਲੰਧਰ 16 ਅਗਸਤ (ਮਧੂਸਾਰ ਬਿਊਰੋ) ਆਕਾਸ਼ਵਾਣੀ ਜਲੰਧਰ ਦੇ ਵਿਹੜੇ ਵਿਚ ਆਜ਼ਾਦੀ ਦਿਵਸ ਸਮਾਗਮ ਪੂਰੇ ਉਤਸ਼ਾਹ, ਖੁਸ਼ੀਆਂ ਤੇ ਚਾਵਾਂ ਨਾਲ ਮਨਾਇਆ ਗਿਆI ਆਕਾਸ਼ਵਾਣੀ ਦੀ ਰਵਾਇਤ ਮੁਤਾਬਕ ਇਸ ਸਾਲ ਰਿਟਾਇਰ ਹੋਣ ਵਾਲੇ ਅਧਿਕਾਰਿਆਂ ਤੇ ਕਰਮਚਾਰੀਆਂ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਈ I ਇਨ੍ਹਾਂ ਵਿਚ ਡਿਪਟੀ ਡਾਇਰੈਕਟਰ ਸਮਾਚਾਰ ਤੇ ਖੇਤਰੀ ਸਮਾਚਾਰ ਯੂਨਿਟ ਦੇ ਮੁਖੀ ਸ਼ਿਸ਼ੂ ਸ਼ਰਮਾ ਸ਼ਾਂਤਲ, ਸੀਨੀਅਰ ਟੈਕਨੀਸ਼ੀਅਨ ਜਤਿੰਦਰ ਸਿੰਘ, ਅਨਾਊਂਸਰ ਪ੍ਰਵੇਸ਼ ਕੁਮਾਰ ਅਤੇ ਸਹਾਇਕ ਇੰਜੀਨਿਅਰ ਮਨਜਿੰਦਰਜੀਤ ਸਿੰਘ ਸ਼ਾਮਲ ਰਹੇI ਕੇਂਦਰ ਦੇ ਮੁਖੀ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰਿੰਗ ਰਣਜੀਤ ਮੀਣਾ ਵੀ ਇਸ ਮੌਕੇ ਮੌਜੂਦ ਰਹੇI ਝੰਡਾ ਲਹਿਰਾਉਣ ਮਗਰੋਂ ਪੰਜਾਬ ਪੁਲਿਸ ਦੀ ਇਕ ਟੁਕੜੀ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀI ਆਪਣੇ ਸੰਬੋਧਨ ਵਿਚ ਰਣਜੀਤ ਮੀਣਾ ਨੇ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ I
ਇਸ ਮੌਕੇ ਦੇਸ਼ ਭਗਤੀ ਦੇ ਗੀਤਾਂ ’ਤੇ ਆਧਾਰਤ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਸਾਰਿਆਂ ਦੀ ਖਿੱਚ ਦਾ ਕੇਂਦਰ ਬਣਿਆ ਜਦਕਿ ਗਿੱਧੇ ਤੇ ਭੰਗੜੇ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ I ਆਕਾਸ਼ਵਾਣੀ ਦੇ ਅਧਿਕਾਰਿਆਂ, ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ I ਰੰਗਾਰੰਗ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਕਲਾਕਾਰਾਂ ਨੂੰ ਕੇਂਦਰ ਮੁਖੀ ਰਣਜੀਤ ਮੀਣਾ, ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਅਨਿਲ ਕੁਮਾਰ ਸੰਧੂ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ I ਪ੍ਰੋਗਰਾਮ ਅਧਿਕਾਰੀ ਪ੍ਰਤਿਸ਼ਠਾ ਜੈਨ ਅਤੇ ਅਨਾਊਂਸਰ ਸੁਖਜੀਤ ਤੇ ਬੀਰ ਬਰਿੰਦਰ ਸਿੰਘ ਵੱਲੋਂ ਇਸ ਪ੍ਰੋਗਰਾਮ ਨੂੰ ਕਾਮਯਾਬੀ ਨਾਲ ਨੇਪਰੇ ਚਾੜਣ ਵਿਚ ਵਿਸ਼ੇਸ਼ ਯੋਗਦਾਨ ਰਿਹਾI

