ਆਮ ਲੋਕਾਂ ਨਾਲ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ ‘ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼
ਇਕੋ ਵਿਅਕਤੀ ਨਾਲ 49 ਲੱਖ ਦੀ ਠੱਗੀ ਦੇ ਦੋਸ਼ ‘ਚ ਤਿੰਨ ਵਿਅਕਤੀ ਗ੍ਰਿਫ਼ਤਾਰ
ਪਟਿਆਲਾ, 20 ਅਗਸਤ (ਮਧੂਸਾਰ ਬਿਊਰੋ) ਆਮ ਲੋਕਾਂ ਨਾਲ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ ‘ਤੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇਕੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਟਿਆਲਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ।
ਜਾਣਕਾਰੀ ਦਿੰਦਿਆ ਐਸ.ਪੀ. ਇੰਨਵੈਸਟੀਗੇਸ਼ਨ ਸ੍ਰੀ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਆਨ-ਲਾਈਨ ਠੱਗੀ ਕਰਨ ਵਾਲਿਆਂ ਖਿਲਾਫ਼ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿੱਢੀ ਮੁਹਿੰਮ ਤਹਿਤ ਡੀ.ਐਸ.ਪੀ-1 ਸ੍ਰੀ ਯੋਗੇਸ਼ ਕੁਮਾਰ ਦੀ ਨਿਗਰਾਨੀ ਹੇਠ ਥਾਣਾ ਡਵੀਜਨ ਨੰਬਰ-2 ਦੀ ਪੁਲਿਸ ਟੀਮ ਨੇ ਫਰਜ਼ੀ ਬੀਮਾ ਪਾਲਿਸੀ ਦੇ ਨਾਮ ‘ਤੇ ਲੱਖਾ ਸਿੰਘ ਵਾਸੀ ਪਿੰਡ ਬੰਨਭੋਰੀ ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਨਾਲ ਹੋਈ 49 ਲੱਖ 25 ਹਜ਼ਾਰ 212 ਰੁਪਏ ਦੀ ਠੱਗੀ ਦੇ ਕੇਸ਼ ਵਿਚ ਬੀਮਾ ਪਾਲਿਸੀ ਦੇ ਨਾਮ ‘ਤੇ ਠੱਗੀ ਮਾਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਵਿਚੋਂ ਦੋਸ਼ੀ ਗਗਨ ਸੱਚਦੇਵਾ ਪੁੱਤਰ ਕਸ਼ਮੀਰ ਸਿੰਘ ਵਾਸੀ ਅੰਬਾਲਾ ਕੈਂਟ ਹਰਿਆਣਾ ਅਤੇ ਅਮਿਤ ਕੁਮਾਰ ਪੁੱਤਰ ਰਾਮ ਨਿਵਾਸ ਵਾਸੀ ਪਿੰਡ ਪਨੇਹੜਾ ਥਾਣਾ ਕੋਟ ਪੁਤਲੀ ਜ਼ਿਲ੍ਹਾ ਜੈਪੁਰ ਰਾਜਸਥਾਨ ਨੂੰ ਅਦਾਲਤ ‘ਚ ਪੇਸ਼ ਕਰਕੇ ਅੱਠ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਦਿਪੇਸ਼ ਗੋਇਲ ਵਾਸੀ ਚੰਡੀਗੜ ਨੂੰ ਅਦਾਲਤ ਵਿਚ ਪੇਸ਼ ਕਰਕੇ ਅੱਜ ਰਿਮਾਂਡ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਇਨ੍ਹਾਂ ਮੰਨਿਆ ਹੈ ਕਿ ਠੱਗੀ ਮਾਰਨ ਲਈ ਇਹ ਆਮ ਲੋਕਾਂ ਦੀ ਜਾਣਕਾਰੀ ਸਾਬਕਾ ਬੀਮਾ ਏਜੰਟਾਂ ਤੋਂ ਪ੍ਰਾਪਤ ਕਰਕੇ ਉਨ੍ਹਾਂ ਲੋਕਾਂ ਨੂੰ ਫੋਨ ਕਰਕੇ ਆਪਣੇ ਝਾਂਸੇ ਵਿਚ ਫਸਾਉਂਦੇ ਸਨ।
ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਐਸ.ਪੀ. ਇੰਨਵੈਸਟੀਗੇਸ਼ਨ ਸ੍ਰੀ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ Âਸ ਸਬੰਧੀ ਇੱਕ ਮੁਕੱਦਮਾ ਥਾਣਾ ਕੋਤਵਾਲੀ ਪਟਿਆਲਾ ਵਿਖੇ ਦਰਜ਼ ਕਰਕੇ ਡੂੰਘਾਈ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਇਸ ਮੁਕੱਦਮਾ ਦੇ ਦੋਸ਼ੀ ਗਗਨ ਸੱਚਦੇਵਾ ਪੁੱਤਰ ਕਸ਼ਮੀਰ ਸਿੰਘ ਵਾਸੀ ਅੰਬਾਲਾ ਕੈਂਟ ਹਰਿਆਣਾ ਨੂੰ ਅੰਬਾਲਾ (ਹਰਿਆਣਾ), ਅਮਿਤ ਕੁਮਾਰ ਪੁੱਤਰ ਰਾਮ ਨਿਵਾਸ ਵਾਸੀ ਪਿੰਡ ਪਨੇਹੜਾ ਥਾਣਾ ਕੋਟ ਪੁਤਲੀ ਜਿਲ਼੍ਹਾ ਜੈਪੁਰ ਰਾਜਸਥਾਨ ਨੂੰ ਪਹਾੜਗੰਜ ਦਿੱਲੀ ਅਤੇ ਦਿਪੇਸ਼ ਗੋਇਲ ਵਾਸੀ ਚੰਡੀਗੜ ਨੂੰ ਮਨੀਮਾਜਰਾ ਚੰਡੀਗੜ੍ਹ ਤੋ ਗ੍ਰਿਫਤਾਰ ਕੀਤਾ ਗਿਆ ਹੈ।
ਐਸ.ਪੀ. ਨੇ ਦੱਸਿਆ ਕਿ ਦੋਸ਼ੀ ਗਗਨ ਸੱਚਦੇਵਾ ਅਤੇ ਅਮਿਤ ਕੁਮਾਰ ਨੂੰ ਪੇਸ਼ ਅਦਾਲਤ ਕਰਕੇ ਅੱਠ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੋਇਆ ਹੈ ਅਤੇ ਤੀਸਰੇ ਦੋਸ਼ੀ ਦੀਪੇਸ਼ ਗੋਇਲ ਵਾਸੀ ਚੰਡੀਗੜ੍ਹ ਨੂੰ ਅੱਜ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਕਾਲੇ ਕਾਰੋਬਾਰ ਵਿੱਚ ਲੱਗੇ ਹੋਏ ਹੋਰ ਵਿਅਕਤੀਆਂ ਅਤੇ ਠੱਗੇ ਗਏ ਹੋਰ ਵਿਅਕਤੀਆਂ ਬਾਰੇ ਹੋਰ ਜਾਣਕਾਰੀ ਹੋਣ ਦੀ ਉਮੀਦ ਹੈ।

