ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਮਹਾਨ ਗੁਰਮਤਿ ਸਮਾਗਮ ਅੱਜ
ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਵਿਸ਼ੇਸ਼ ਵਿਦਵਾਨ ਹਾਜ਼ਰੀ ਭਰਨਗੇ
ਅੰਮ੍ਰਿਤਸਰ :- 2 ਸਤੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਗੁਰਦੁਆਰਾ ਬਾਬਾ ਭੁਜੰਗ ਸਿੰਘ ਜੀ ਸ਼ਹੀਦ ਚੈਰੀਟੇਬਲ ਟਰੱਸਟ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵੱਲੋਂ ਪੰਜ ਤਖ਼ਤਾਂ ਦੇ ਦਰਸ਼ਨਾਂ ਲਈ ਚੱਲੀ ਧਾਰਮਿਕ ਰੇਲ ਯਾਤਰਾ ਸਬੰਧੀ ਕੱਲ੍ਹ ਤਿੰਨ ਸਤੰਬਰ ਦੀ ਰਾਤ ਨੂੰ ਗੁ: ਅਕਾਲੀ ਬਾਬਾ ਫੂਲਾ ਸਿੰਘ, ਗੁ: ਮੱਲ ਅਖਾੜਾ ਸਾਹਿਬ ਪਾ:ਛੇਵੀਂ ਵਿਖੇ ਵਿਸ਼ੇਸ਼ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਅਯੋਜਿਤ ਕੀਤੇ ਜਾਣਗੇ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਤਿੰਨ ਸਤੰਬਰ ਨੂੰ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਹੋਣ ਵਾਲੇ ਸਮਾਗਮ ਦੀ ਰੂਪ ਰੇਖਾ ਦਸਦਿਆ ਕਿਹਾ ਕਿ 3 ਸਤੰਬਰ ਨੂੰ ਭਾਈ ਕਿਸ਼ੋਰ ਸਿੰਘ ਜੀ ਹਜ਼ੂਰੀ ਰਾਗੀ ਤਖ਼ਤ ਸ੍ਰੀ ਹਜ਼ੂਰ ਸਾਹਿਬ 6 ਵਜੇ ਸੋਦਰ ਚੌਂਕੀ ਅਤੇ ਰਹਿਰਾਸ ਸਾਹਿਬ ਦਾ ਪਾਠ ਕਰਨਗੇ। ਉਪਰੰਤ ਇਸ ਜਥੇ ਵੱਲੋਂ ਹੀ ਆਰਤੀ ਅਤੇ ਕੀਰਤਨ ਹੋਵੇਗਾ। ਬਾਅਦ ਵਿੱਚ ਸਿੰਘ ਸਾਹਿਬ ਭਾਈ ਗੁਰਮੀਤ ਸਿੰਘ ਸ੍ਰੀ ਹਜ਼ੂਰ ਸਾਹਿਬ ਕਥਾ ਕਰਨਗੇ ਅਤੇ ਭਾਈ ਤਨਵੀਰ ਸਿੰਘ ਗੁਰਮਤਿ ਵਿਚਾਰਾਂ ਦੁਆਰਾ ਸੰਗਤ ਨਾਲ ਸਾਂਝ ਪਾਉਣਗੇ।
ਸ. ਬੇਦੀ ਨੇ ਕਿਹਾ ਕਿ ਰਾਤ 8 ਵਜੇ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪਾਸ ਗੁਰੂ ਸਾਹਿਬਾਨ ਅਤੇ ਸਿੱਖ ਜਰਨੈਲਾਂ ਦੇ ਇਤਿਹਾਸਕ ਸ਼ਸਤਰ ਤੇ ਹੋਰ ਨਿਸ਼ਾਨਾਂ ਦੇ ਦਰਸ਼ਨ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਕਰਵਾਉਣਗੇ। ਉਪਰੰਤ ਆਤਿਸ਼ਬਾਜੀ ਹੋਵੇਗੀ। ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਅਤੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ ਦੀਆਂ ਇਮਾਰਤਾਂ ਖ਼ੂਬਸੂਰਤ ਰੋਸ਼ਨੀ ਨਾਲ ਰੁਸ਼ਨਾਈਆਂ ਗਈਆਂ ਹਨ। ਸਮਾਗਮ ਦੇ ਅੰਤਿਮ ਪੜਾ ਤੇ ਧਾਰਮਿਕ ਰੇਲ ਯਾਤਰਾ ਦੇ ਪ੍ਰਬੰਧਕ ਜਨ ਸ. ਰਵਿੰਦਰ ਸਿੰਘ ਬੁੰਗਈ ਪ੍ਰਧਾਨ, ਸ. ਰਵਿੰਦਰ ਸਿੰਘ ਕਪੂਰ ਸੁਪਰੀਡੈਂਟ ਹਜ਼ੂਰ ਸਾਹਿਬ, ਸਿੰਘ ਸਾਹਿਬ ਗਿ. ਗੁਰਮੀਤ ਸਿੰਘ, ਭਾਈ ਤਨਵੀਰ ਸਿੰਘ, ਸ. ਇੰਦਰਪਾਲ ਸਿੰਘ ਫੌਜੀ ਦਾ ਬੁੱਢਾ ਦਲ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

