ਪਟਿਆਲਾ ਦਿਹਾਤੀ ‘ਚ ਹਰਪਾਲ ਕਾਂਗਰਸੀ ਨੇ ਠੋਕੀ ਦਾਅਵੇਦਾਰੀ
ਕਾਂਗਰਸ ‘ਚ ਉਮੀਦਵਾਰੀ ਨੂੰ ਲੈ ਕੇ ਦਾਅਵੇਦਾਰੀਆਂ ਜ਼ੋਰਾਂ ‘ਤੇ
ਪਟਿਆਲਾ : ਮਧੂਸਾਰ ਬਿਊਰੋ
ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ‘ਚ ਕਾਂਗਰਸ ਦੇ ਵੱਖ-ਵੱਖ ਉਮੀਦਵਾਰਾਂ ਨੇ ਆਪੋ-ਆਪਣੀ ਦਾਅਵੇਦਾਰੀ ਜਿਤਾਉਣੀ ਸ਼ੁਰੂ ਕਰ ਦਿੱਤੀ ਹੈ, ਉਥੇ ਸ਼ਾਹੀ ਸ਼ਹਿਰ ਪਟਿਆਲਾ ਵਿਚ ਕਾਂਗਰਸੀਆਂ ਵੱਲੋਂ ਵੀ ਉਮੀਦਵਾਰੀ ਵਜੋਂ ਦਾਅਵੇਦਾਰੀ ਦੇ ਠੋਕ ਵਜਾ ਕੇ ਦਾਅਵੇ ਕੀਤੇ ਜਾਣ ਲੱਗ ਪਏ ਹਨ।
ਪਟਿਆਲਾ ਦਿਹਾਤੀ ਤੋਂ ਕਾਂਗਰਸੀ ਵਿਧਾਇਕ ਬ੍ਰਹਮ ਮਹਿੰਦਰਾ ਨੇ ਸੀਟ ਜਿੱਤ ਕੇ ਕਾਂਗਰਸੀ ਦੀ ਝੋਲੀ ਪਾਈ ਸੀ, ਪ੍ਰੰਤੂ ਲੰਮੇ ਸਮੇਂ ਤੋਂ ਕਾਂਗਰਸ ਦੇ ਹੱਥ ਰਾਜ ਸੱਤਾ ਨਾ ਲੱਗਣ ਕਾਰਨ ਦਿਹਾਤੀ ਹਲਕੇ ਦੇ ਸਿਆਸੀ ਸਮੀਕਰਣ ਬਦਲਣੇ ਸ਼ੁਰੂ ਹੋ ਗਏ ਹਨ।
ਅਗਾਮੀ ਵਿਧਾਨ ਸਭਾ ਚੋਣਾਂ ‘ਚ ਜਿਥੇ ਕਾਂਗਰਸੀ ਵਿਧਾਇਕ ਬ੍ਰਹਮ ਮਹਿੰਦਰਾ ਦਿਹਾਤੀ ਖੇਤਰ ਤੋਂ ਮੁੜ ਚੋਣ ਲੜਨ ਲਈ ਪੱਬਾਂ ਭਾਰ ਹੋ ਰਹੇ ਹਨ, ਉਥੇ ਦੂਜੇ ਪਾਸੇ ਕਾਂਗਰਸੀ ਆਗੂ ਕੇ.ਕੇ. ਸ਼ਰਮਾ ਵੱਲੋਂ ਵੀ ਪਟਿਆਲਾ ਦਿਹਾਤੀ ਤੋਂ ਸੀਟ ਲੜਨ ਦੀ ਇੱਛਾ ਜਿਤਾਏ ਜਾਣ ਤੋਂ ਬਾਅਦ ਕਾਂਗਰਸ ‘ਚ ਭੂਚਾਲ ਆ ਗਿਆ ਹੈ।
ਪਟਿਆਲਾ ਦਿਹਾਤੀ ਖੇਤਰ ‘ਚ ਜਿਥੇ ਬ੍ਰਹਮ ਮਹਿੰਦਰਾ ਅਤੇ ਕੇ.ਕੇ. ਸ਼ਰਮਾ ਆਹਮੋ ਸਾਹਮਣੇ ਖੜੇ ਨਜ਼ਰ ਆ ਰਹੇ ਸਨ, ਉਥੇ ਐਨ.ਐਸ.ਯੂ.ਆਈ. ਪੰਜਾਬ ਦੇ ਸਾਬਕਾ ਪ੍ਰਧਾਨ ਹਰਪਾਲ ਕਾਂਗਰਸੀ ਨੇ ਪਟਿਆਲਾ ਦਿਹਾਤੀ ਖੇਤਰ ਵਿਚ ਕਾਂਗਰਸੀ ਉਮੀਦਵਾਰੀ ਵਜੋਂ ਦਾਅਵੇਦਾਰੀ ਜਿਤਾ ਕੇ ਕਾਂਗਰਸ ਦੇ ਚਾਰੇ ਖਾਨੇ ਚਿੱਤ ਕਰਨ ਦਾ ਮਨ ਬਣਾ ਲਿਆ ਹੈ।
ਹਰਪਾਲ ਪ੍ਰਧਾਨ ਨੇ ਦਿਹਾਤੀ ਖੇਤਰ ਵਿਚ ਦਾਅਵੇਦਾਰੀ ਜਿਤਾਉਂਦਿਆਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਯੂਥ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਰਵਾਇਤ ਤੋਰੀ ਸੀ, ਜਿਸ ਨੂੰ ਅਕਾਲੀ ਦਲ ਅਤੇ ਆਪ ਪਾਰਟੀ ਵੱਲੋਂ ਅਡਾਪਟ ਕਰ ਲਿਆ ਗਿਆ, ਪ੍ਰੰਤੂ ਅੱਜ ਪੰਜਾਬ ਤੇ ਪਟਿਆਲਾ ਦਾ ਬਹੁਤ ਵੱਡੇ ਪੱਧਰ ‘ਤੇ ਯੂਥ ਨੌਜਵਾਨ ਕਾਂਗਰਸ ਨਾਲ ਜੁੜ ਕੇ 2017 ਵਿਚ ਕਾਂਗਰਸ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ।
ਉਨ੍ਹਾਂ ਕਿਹਾ ਕਿ ਪਿੰਡ ਪੱਧਰ ‘ਤੇ ਅਕਾਲੀ ਦਲ ਅਤੇ ਆਪ ਪਾਰਟੀ ਆਪਣਾ ਆਧਾਰ ਗੁਆ ਚੁੱਕੀ ਹੈ, ਜਿਨਾਂ ਦਾ ਵੋਟ ਬੈਂਕ 0 ਫੀਸਦੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਖੇਤਰ ਵਿਚ ਕਾਂਗਰਸ ਦਾ ਵੱਡਾ ਵੋਟ ਬੈਂਕ ਹੈ, ਜਿਸ ਦੇ ਆਧਾਰ ‘ਤੇ ਪਿੰਡ ‘ਚ ਬੈਠਾ ਯੂਥ ਕਾਂਗਰਸੀ ਨੌਜਵਾਨ ਅੱਜ ਯੂਥ ਉਮੀਦਵਾਰ ਨੂੰ ਪਟਿਆਲਾ ਦਿਹਾਤੀ ਖੇਤਰ ਵਿਚ ਵੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦਾਅਵੇਦਾਰੀ ਜਿਤਾਉਣ ਦਾ ਹੱਕ ਲੋਕਤੰਤਰ ਦਾ ਹਿੱਸਾ। ਉਨ੍ਹਾਂ ਕਿਹਾ ਕਿ ਦਿਹਾਤੀ ਖੇਤਰ ਵਿਚ ਲੰਮਾ ਸਮੇਂ ਤੋਂ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਅਤੇ ਪਿੰਡਾਂ ‘ਚ ਬੈਠੇ ਲੋਕ ਅੱਜ ਕਾਂਗਰਸ ਦੀ ਸਰਕਾਰ ਨੂੰ ਸੱਤਾ ਵਿਚ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਪਾਰਟੀ ਵੱਲੋਂ ਮੈਨੂੰ ਦਿਹਾਤੀ ਖੇਤਰ ਵਿਚ ਉਮੀਦਵਾਰ ਬਣਾ ਉਤਾਰਿਆ ਜਾਂਦਾ ਹੈ ਤਾਂ ਪਟਿਆਲਾ ਦਿਹਾਤੀ ਖੇਤਰ ਵਿਚ ਜਿੱਤ ਦਾ ਪਰਚੰਮ ਲਹਿਰਾ ਕੇ ਕਾਂਗਰਸ ਦੀ ਝੋਲੀ ਸੀਟ ਪਾਈ ਜਾਵੇਗੀ।

