ਆਮ ਆਦਮੀ ਪਾਰਟੀ ਕਰ ਰਹੀ ਸੱਤਾ ਬਦਲੀ ਤੱਕ ਦੀ ਸਿਆਸਤ : ਡਾ. ਧਰਮਵੀਰ ਗਾਂਧੀ
ਖੇਤਰੀ ਪਾਰਟੀਆਂ ਨੇ ਵੀ ਪੰਜਾਬ ਦੇ ਹਿੱਤਾਂ ਨਾਲ ਦਗਾ ਕੀਤਾ
ਚੰਡੀਗੜ੍ਹ/ਪਟਿਆਲਾ : ਕੰਵਰ ਬੇਦੀ
ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦਰਦੀਆਂ ਨੂੰ ਇਕ ਸਾਂਝੇ ਪਲੇਟਫਾਰਮ ‘ਤੇ ਇਕੱਠੇ ਹੋ ਕੇ ਸੋਹਣੇ ਤੇ ਸਿਹਤਮੰਦ ਪੰਜਾਬ ਦੀ ਉਸਾਰੀ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਕੌਮੀ ਪਾਰਟੀਆਂ ਦੇ ਨਾਲ-ਨਾਲ ਖੇਤਰੀ ਪਾਰਟੀਆਂ ਨੇ ਵੀ ਪੰਜਾਬ ਦੇ ਹਿੱਤਾਂ ਨਾਲ ਦਗਾ ਕਮਾਇਆ ਹੈ ਅਤੇ ਪੰਜਾਬ ਕਿਸਾਨੀ ਸੰਕਟ, ਨਸ਼ਿਆਂ, ਸਿਹਤ, ਸਿੱਖਿਆ, ਸਨਅਤ, ਸ਼ਹਿਰੀਕਰਨ ਅਤੇ ਹਰ ਖੇਤਰ ਵਿਚ ਪੰਜਾਬ ਦੇ ਭਵਿੱਖ ਨੂੰ ਅਨਿਸ਼ਚਿਤਤਾ ਦੇ ਆਲਮ ਵਿਚ ਧੱਕ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ‘ਤੇ ਪੰਜਾਬ ਦੇ ਲੋਕਾਂ ਨੇ ਅਥਾਹ ਭਰੋਸਾ ਜਿਤਾਇਆ ਸੀ, ਪਰ ਥੋੜ੍ਹੇ ਸਮੇਂ ਵਿਚ ਇਸ ਪਾਰਟੀ ਨੇ ਵੀ ਆਪਣੀ ਸਿਆਸਤ ਨੂੰ ਸੱਤਾ ਬਦਲੀ ਤੱਕ ਸੀਮਤ ਕਰਕੇ ਪੰਜਾਬ ਅੰਦਰ ਗੈਰ ਸਿਆਸੀਕਰਨ ਦੀ ਸਾਜਿਸ਼ ਤਹਿਤ ਪੰਜਾਬ ਦੇ ਮਸਲਿਆਂ ਨੂੰ ਅਣਗੌਲਿਆ ਕਰਕੇ ਨਵੀਂ ਆਸ ਦੀ ਕਿਰਨ ‘ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੀਆਂ ਸਮੱਸਿਆਵਾਂ ਮੂੰਹ ਅੱਡੀ ਖੜੀਆਂ ਹਨ ਅਤੇ ਦੂਜੇ ਪਾਸੇ ਲੋਕ ਬੇਬਵਸ ਹੋਏ ਹਰ ਤਿਣਕੇ ਤੋਂ ਸਹਾਰਾ ਭਾਲ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਪੰਜਾਬ ਦੇ ਹਿੱਤਾਂ ਨੂੰ ਪਰਣਾਈ ਹੋਈ ਇਕ ਅਸਰਦਾਰ ਖੇਤਰੀ ਧਿਰ ਉਸਾਰਨ ਦੀ ਜ਼ਰੂਰਤ ਹੈ, ਜੋ ਬਰਾਬਰੀ, ਜਮਹੂਰੀ ਅਤੇ ਸੰਘੀ (ਫੈਡਰਲ) ਅਸੂਲਾਂ ਦੀ ਧੜੱਲੇ ਨਾਲ ਪੈਰਵਾਈ ਕਰ ਸਕੇ। ਸਿਰਫ ਇਸੇ ਤਰੀਕੇ ਨਾਲ ਹੀ ਪੰਜਾਬ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਤਰਕ ਸੰਗਤ ਢੰਗ ਨਾਲ ਸੰਬੋਧਤ ਹੋਣ ਅਤੇ ਉਨ੍ਹਾਂ ਦੇ ਹੱਲ ਕਰਨ ਲਈ ਆਧਾਰ ਤਿਆਰ ਕੀਤਾ ਜਾ ਸਕਦਾ ਹੈ।
ਡਾ. ਗਾਂਧੀ ਨੇ ਪੰਜਾਬ ਦੇ ਸਾਰੇ ਹਿਤੈਸ਼ੀ ਵਿਅਕਤੀਆਂ, ਸਿਆਸੀ ਗਰੁੱਪਾਂ, ਜਥੇਬੰਦੀਆਂ, ਬੁੱਧੀਜੀਵੀਆਂ, ਵਕੀਲਾਂ, ਅਧਿਆਪਕਾਂ, ਲੇਖਕਾਂ, ਕਲਾਕਾਰਾਂ, ਯਾਨੀ ਹਰ ਪੰਜਾਬ ਦਰਦੀ ਨੂੰ ਅਪੀਲ ਕਰਦਾ ਹਾਂ ਕਿ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ, ਇਕ ਸਾਂਝੇ ਮੰਚ ਦੇ ਝੇਂਡ ਹੇਠ ਇਕੱਠੇ ਹੋ ਕੇ ਇਤਿਹਾਸ ਦੇ ਇਸ ਨਾਜ਼ੁਕ ਮੌਕੇ ‘ਤੇ ਐਸੀ ਦਖਲਅੰਦਾਜ਼ੀ ਕਰਨ ਦਾ ਉਪਰਾਲਾ ਕਰੀਏ, ਜਿਸ ਨਾਲ ਇਕ ਇੱਕੀਵੀਂ ਸਦੀ ਦੇ ਹਾਣ ਦੇ ਇਕ ਸੋਹਣੇ ਤੇ ਸਿਹਤਮੰਦ ਪੰਜਾਬ ਦੀ ਉਸਾਰੀ ਕਰ ਸਕੀਏ।

