ਰਿਆਤ-ਬਾਹਰਾ ਨੇ ਫਰੈਸ਼ਰਸ ਦੀ ਰੈਗਿੰਗ ਰੋਕਣ ਲਈ ਚੁੱਕੇ ਵਿਸ਼ੇਸ਼ ਕਦਮ
ਪਟਿਆਲਾ 26 ਅਗਸਤ (ਮਧੂਸਾਰ ਬਿਊਰੋ)
ਰਿਆਤ-ਬਾਹਰਾ ਗਰੁੱਪ ਆਫ ਇੰਸਟੀਚਿਊਟਸ ਵੱਲੋਂ ਆਪਣੇ ਵੱਖ-ਵੱਖ ਕੈਂਪਸਾਂ ਵਿੱਚ ਰੈਗਿੰਗ ‘ਤੇ ਮੁਕੰਮਲ ਤੌਰ ‘ਤੇ ਰੋਕ ਲਗਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ, ਜਿਸ ਵਿੱਚ ਰਿਆਤ-ਬਾਹਰਾ ਪਟਿਆਲਾ ਕੈਂਪਸ ਵੀ ਸ਼ਾਮਿਲ ਹੈ।
ਇਸ ਦਿਸ਼ਾ ਵੱਲ ਮਹੱਤਵਪੂਰਨ ਕਦਮ ਚੁੱਕਦੇ ਹੋਏ ਰੈਗਿੰਗ ਨੂੰ ਮੁਕੰਮਲ ਤੌਰ ‘ਤੇ ਰੋਕਣ ਲਈ ਇੰਸਟੀਚਿਊਟਸ ਦੇ ਸਾਰੇ ਕੈਂਪਸ ਦੇ ਹੋਸਟਲ ਰੂਮਸ ਅਤੇ ਕੋਰੀਡੋਰਸ ‘ਤੇ ਪੈਨੀ ਨਜ਼ਰ ਰੱਖਣ ਲਈ ਕਲੋਜ ਸਰਕਟ ਕੈਮਰੇ ਲਗਾਏ ਜਾ ਰਹੇ ਹਨ। ਇਸ ਸਬੰਧੀ ਰਿਆਤ-ਬਾਹਰਾ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਸ. ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਰੈਗਿੰਗ ‘ਤੇ ਪਾਬੰਦੀ ਲਈ ਸਾਰੇ ਕੈਂਪਸ ਦੇ ਸਾਰੇ ਕਾਲਜਾਂ ਵਿਚ ਨੋਟਿਸ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਫੈਕਲਟੀ ਮੈਂਬਰਾਂ ਅਤੇ ਹੋਸਟਲ ਦੇ ਅਧਿਕਾਰੀਆਂ ਨੇ ਮਿਲਕੇ ਗਰੁੱਪ ਦੇ ਵੱਖ-ਵੱਖ ਕੰਪਲੈਕਸਾਂ ਵਿਚ ਨਿਗਰਾਨੀ ਰੱਖਣ ਲਈ ਕਮੇਟੀ ਗਠਿਤ ਕੀਤੀ ਹੈ।
ਰਿਆਤ-ਬਾਹਰਾ ਪਟਿਆਲਾ ਕੈਂਪਸ ਦੇ ਡਾਇਰੈਕਟਰ ਡਾ. ਪਿਯੂਸ਼ ਵਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਉਨ੍ਹਾਂ ਦੇ ਮਾਪਿਆਂ ਨੂੰ ਵੀ ਇਸ ਸਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਾਲਜ ਵਿਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਲਈ ਟੈਲੀਫੋਨ ਨੰਬਰ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣ ਲਈ ਉਨ੍ਹਾਂ ਨੂੰ ਆਪਣੇ ਸੀਨੀਅਰ ਵਿਦਿਆਰਥੀਆਂ ਕੋਲ ਨਾ ਜਾਣਾ ਪਵੇ। ਡਾ. ਪਿਯੂਸ਼ ਵਰਮਾ ਨੇ ਨਵੇਂ ਵਿਦਿਅਰਥੀਆਂ ਨੂੰ ਰੈਗਿੰਗ ਵਿਰੁਧ ਲ਼ੜ੍ਹਨ ਲਈ ਉਨ੍ਹਾਂ ਦੇ ਕਰਤੱਵ ਬਾਰੇ ਦੱਸਿਆ। ਫ੍ਰੈਸ਼ਰਸ ਨੂੰ ਪੂਰਾ ਭਰੋਸਾ ਦਿੱਤਾ ਗਿਆ ਕਿ ਰੈਗਿੰਗ ਸਬੰਧੀ ਉਨ੍ਹਾਂ ਨੂੰ ਜੇਕਰ ਕੋਈ ਵੀ ਪ੍ਰੇਸ਼ਾਨੀ ਆਵੇ ਤਾਂ ਉਹ ਆਪਣੀ ਸ਼ਿਕਾਇਤ ਸਬੰਧਤ ਅਧਿਕਾਰੀਆਂ ਨੂੰ ਕਰ ਸਕਦੇ ਹਨ, ਜਿਸ ‘ਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਾਲਜ ਵਿਚ ਅਨੁਸ਼ਾਸਨ ਬਣਾਏ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਗਰੁੱਪ ਵਲੋਂ ਵਿਦਿਆਰਥੀਆਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦਾ ਉਹ ਪੂਰਾ ਫਾਇਦ ਉਠਾਉਣ।

