ਇਤਿਹਾਸ ਦੀ ਸਾਖੀ ਦਿਲਜੀਤ ਸਿੰਘ ਬੇਦੀ ਦੀ ਕਿਤਾਬ “ਸਿੱਖ ਧਰਮ ਦੀਆਂ ਮਹਾਨ ਇਸਤਰੀਆਂ” ਡਾ. ਜਸਬੀਰ ਸਿੰਘ ਸਰਨਾ ਜੰਮੂ ਕਸ਼ਮੀਰ
(ਮਧੂਸਾਰ ਬਿਊਰੋ)
ਸ. ਦਿਲਜੀਤ ਸਿੰਘ ਬੇਦੀ ਦੀ ਕਿਤਾਬ ਸਿੱਖ ਧਰਮ ਦੀਆਂ ਮਹਾਨ ਇਸਤਰੀਆਂ (ਪੰਨੇ ੨੭੨) ਸਿੱਖ ਧਰਮ ਵਿਚ ਮਹਿਲਾਵਾਂ ਦੀ ਮਹੱਤਤਾ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਇੱਕ ਵਿਚਾਰਸ਼ੀਲ ਅਤੇ ਰਚਨਾਤਮਕ ਅਧਿਐਨ ਹੈ। ਇਸ ਕਿਤਾਬ ਵਿਚ ਸਿੱਖ ਇਤਿਹਾਸ ਦੀਆਂ ਉਹਨਾਂ ਪ੍ਰਮੁੱਖ ਮਹਿਲਾਵਾਂ ਦੇ ਜੀਵਨ ਅਤੇ ਸੰਘਰਸ਼ ਨੂੰ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਨੇ ਧਰਮ, ਸੰਸਕ੍ਰਿਤੀ ਅਤੇ ਸਮਾਜਿਕ ਨੈਤਿਕਤਾਵਾਂ ਵਿਚ ਪਿਆਰ, ਸੇਵਾ,ਬਹਾਦਰੀ ਅਤੇ ਸੱਚਾਈ ਦੇ ਮਾਪਦੰਡ ਸਥਾਪਿਤ ਕੀਤੇ।
ਪੰਜਾਬੀ ਸਾਹਿਤ ਦੇ ਆਲਮ ਵਿੱਚ ਸਰਦਾਰ ਦਿਲਜੀਤ ਸਿੰਘ ਬੇਦੀ ਇਕ ਵਿਸ਼ੇਸ਼ਤਾਵਾਂ ਭਰੀ ਅਤੇ ਮਹੱਤਵਪੂਰਣ ਸ਼ਖ਼ਸੀਅਤ ਮੰਨੀ ਜਾਂਦੀ ਹੈ। ਉਹਨਾਂ ਨੇ ਧਾਰਮਿਕ ਸਾਹਿਤ ਦੇ ਖੇਤਰ ਵਿੱਚ ਲੰਬੀ ਸੇਵਾ ਕਰਦੇ ਹੋਏ ਲੇਖਨ ਅਤੇ ਸੰਪਾਦਨਾ ਵਿੱਚ ਵਿਸ਼ੇਸ਼ ਪ੍ਰਗਤੀ ਕੀਤੀ ਹੈ। ਉਹਨਾਂ ਦੀ ਪੱਤਰਕਾਰੀ ਦੇ ਨਾਲ ਜੁੜੀ ਯਾਤਰਾ ਦੇ ਸੰਕੇਤ ਸਮੂਹ ਪੰਜਾਬੀ ਸਾਹਿਤ ਦੇ ਪਾਠਕਾਂ ਲਈ ਪ੍ਰੇਰਣਾਦਾਇਕ ਹਨ। ਉਹਨਾਂ ਨੇ ਪੰਜ ਤੋਂ ਵੱਧ ਮੌਲਿਕ ਰਚਨਾਵਾਂ ਲਿਖਣ ਦੇ ਨਾਲ-ਨਾਲ ਕਰੀਬ ਵੀਹ ਪ੍ਰਮੁੱਖ ਕਿਤਾਬਾਂ ਦੀ ਸੰਪਾਦਨਾ ਵੀ ਕੀਤੀ ਹੈ। ਧਾਰਮਿਕ ਗ੍ਰੰਥਾਂ ਦੀ ਸੰਪਾਦਨਾ ਵਿੱਚ ਉਹਨਾਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ, ਜੋ ਇਸ ਖੇਤਰ ਵਿੱਚ ਉਹਨਾਂ ਦੀ ਖਾਸ ਪਹਿਚਾਣ ਦਾ ਸਬੂਤ ਹੈ। ਬੇਦੀ ਦੀ ਸਹਿਤਕ ਯਾਤਰਾ ਵਿੱਚ ਨਵੇਂ ਵਿਸ਼ਿਆਂ ਅਤੇ ਪ੍ਰਸੰਗਾਂ ਨਾਲ ਗੂੜੀ ਲਗਨ ਹੈ। ਇਸ ਕਾਰਨ, ਪੰਜਾਬੀ ਸਾਹਿਤ ਦੇ ਪਾਠਕ ਉਹਨਾਂ ਨੂੰ ਇੱਕ ਮਹੱਤਵਪੂਰਨ ਲੇਖਕ ਅਤੇ ਸੰਪਾਦਕ ਵਜੋਂ ਜਾਣਦੇ ਹਨ। ਬੇਦੀ ਪਰਿਵਾਰ ਦੇ ਹਰੇਕ ਮੈਂਬਰ ਦਾ ਲੇਖਨ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ, ਜਿਸਨੂੰ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਸਨਮਾਨਯੋਗ ਥਾਂ ਮਿਲੀ ਹੈ।
ਇਸ ਕਿਤਾਬ ਵਿੱਚ, ਲੇਖਕ ਨੇ ਸਿੱਖ ਧਰਮ ਦੀਆਂ ਪ੍ਰਮੁੱਖ ਮਹਿਲਾਵਾਂ ਦੇ ਜੀਵਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਚਾਰ ਖੰਡਾਂ ਵਿਚ ਵੰਡਿਆ ਹੈ। ਪਹਿਲਾ ਖੰਡ ਸਿੱਖ ਧਰਮ ਦੀ ਸਥਾਪਨਾ ਦੇ ਦੌਰਾਨ ਮਹਿਲਾਵਾਂ ਦੇ ਕਿਰਦਾਰ ਨੂੰ ਵਰਨਣ ਕੀਤਾ ਹੈ। ਦੂਜਾ ਅਤੇ ਤੀਜਾ ਖੰਡ ਗੁਰੂ ਘਰ ਦੇ ਸਿੱਖ ਇਤਿਹਾਸ ਦੇ ਮਹਾਨ ਮਹਿਲਾ ਯੋਧਿਆਂ ਅਤੇ ਸੰਤ ਮਹਿਲਾਵਾਂ ਬਾਰੇ ਜਾਣਕਾਰੀ ਦਿੰਦੇ ਹਨ। ਆਖਰੀ ਖੰਡ ਵਿਚ, ਅਖਾੜਿਆਂ ਅਤੇ ਸੰਪ੍ਰਦਾਵਾਂ ਦੀ ਸਥਾਪਨਾ ਕਰਦਿਆਂ ਇਸਤਰੀਆਂ ਦੀ ਨੈਤਿਕਤਾ ਅਤੇ ਪ੍ਰੇਰਨਾ ਬਾਰੇ ਚਰਚਾ ਕੀਤੀ ਗਈ ਹੈ। ਸਿਰਕੱਢ ਲੇਖਕਾਂ ਜਿਵੇਂ ਡਾ ਰਤਨ ਸਿੰਘ ਜੱਗੀ, ਭਾਈ ਨਿਰਮਲ ਸਿੰਘ ਖਾਲਸਾ, ਡਾ ਜਸਬੀਰ ਸਿੰਘ ਸਰਨਾ, ਡਾ ਅਮਰਜੀਤ ਕੌਰ ਇੱਬਣ ਕਲਾਂ, ਡਾ ਕੁਲਵੰਤ ਕੌਰ, ਡਾ ਜਸਪਾਲ ਸਿੰਘ, ਡਾ ਰਾਜਵੰਤ ਕੌਰ ਪੰਜਾਬੀ, ਦਿਲਜੀਤ ਸਿੰਘ ਬੇਦੀ, ਡਾ ਹਰਸ਼ਿੰਦਰ ਕੌਰ, ਪ੍ਰਿੰ ਜਸਵਿੰਦਰ ਕੌਰ ਮਾਹਲ, ਡਾ ਗੁਰਨਾਮ ਕੌਰ ਗਿੱਲ, ਡਾ ਕੁਲਦੀਪ ਕੌਰ, ਹਰਸਿਮਰਨ ਕੌਰ, ਡਾ ਇਕਬਾਲ ਸਿੰਘ ਗਵਰਨਰ, ਪ੍ਰੋ ਜਸਵਿੰਦਰ ਕੌਰ ਢਿੱਲੋਂ, ਡਾ ਮਨਵਿੰਦਰ ਸਿੰਘ, ਕਿਰਨ ਬੇਦੀ, ਡਾ ਸਰਬਜੀਤ ਕੌਰ ਸੰਧਾਵਾਲੀਆ, ਪੰਮੀ ਬਾਈ, ਸਤਵਿੰਦਰ ਸਿੰਘ ਫੂਲਪੁਰ, ਪਰਮਜੀਤ ਕੌਰ ਸਰਹਿੰਦ, ਰਣਜੀਤ ਕੌਰ ਪੰਨਵਾਂ ਆਦਿ ਵਲੋਂ ਤਕਰੀਬਨ 40 ਲੇਖ ਇਸ ਪੁਸਤਕ ਵਿੱਚ ਸ਼ਾਮਲ ਹਨ। ਸਾਰੇ ਕਲਮਕਾਰਾਂ ਨੇ ਖੋਜ ਭਰਪੂਰ ਲੇਖਾਂ ਰਾਹੀਂ ਆਪਣਾ ਯੋਗਦਾਨ ਪਾ ਕੇ ਮਹਤਵਪੂਰਨ ਭੂਮਿਕਾ ਨਿਭਾਈ ਹੈ।
ਇਸ ਕਿਤਾਬ ਵਿਚ ਪ੍ਰਮੁੱਖ ਮਹਿਲਾਵਾਂ ਵਿੱਚ ਮਾਤਾ ਖੀਵੀ, ਮਾਤਾ ਸੁਲੱਖਣੀ, ਮਾਤਾ ਸਾਹਿਬ ਕੌਰ, ਮਾਈ ਭਾਗੋ ਅਤੇ ਮਾਤਾ ਜੀਤੋ ਜੀ ਵਰਗੀਆਂ ਮਹਾਨ ਬੀਬੀਆਂ ਨੂੰ ਸਨਮਾਨ ਅਤੇ ਵਿਸਥਾਰ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੇ ਜੀਵਨ ਦੇ ਅਨੁਭਵਾਂ ਨੂੰ ਰੂਬਰੂ ਕਰਵਾਉਂਦਿਆਂ, ਲੇਖਕਾਂ ਨੇ ਦਿਖਾਇਆ ਹੈ ਕਿ ਕਿਵੇਂ ਉਹ ਆਪਣੇ ਸਮੇਂ ਵਿਚ ਧਰਮ ਦੀ ਸੇਵਾ ਅਤੇ ਬਚਾਅ ਲਈ ਅਡੋਲ ਰਹੀਆਂ । ਮਾਈ ਭਾਗੋ ਨੂੰ ਸਿੱਖ ਇਤਿਹਾਸ ਵਿੱਚ ਇੱਕ ਬਹਾਦਰ ਨਿਰਭੈਅ ਇਸਤਰੀ ਦੇ ਤੌਰ `ਤੇ ਚਿੱਤਰਿਤ ਕੀਤਾ ਗਿਆ ਹੈ, ਜਿਸ ਨੇ ਚਾਲੀ ਮੁਕਤਿਆਂ ਨੂੰ ਵਾਪਸ ਲੜਾਈ ਵਿੱਚ ਜਾਣ ਲਈ ਪ੍ਰੇਰਿਆ। ਇਸੇ ਤਰ੍ਹਾਂ, ਮਾਤਾ ਖੀਵੀ ਦੀ ਸੇਵਾ ਅਤੇ ਲੰਗਰ ਪ੍ਰਥਾ ਨੂੰ, ਉਹਨਾਂ ਦੀ ਬੇਮਿਸਾਲ ਭੂਮਿਕਾ ਨੂੰ ਸਨਮਾਨ ਮਿਲਦਾ ਹੈ।
ਦਿਲਜੀਤ ਸਿੰਘ ਬੇਦੀ ਦੀ ਸੰਪਾਦਨਾ ਸੰਖੇਪ, ਪਰ ਗੰਭੀਰ ਹੈ। ਇਨ੍ਹਾਂ ਲੇਖਾਂ ਵਿੱਚ ਸਿੱਖ ਧਰਮ ਦੇ ਗੁਰੂ ਘਰ ਅਤੇ ਸੰਪ੍ਰਦਾਵਾਂ ਦੀਆਂ ਮਹਿਲਾਵਾਂ ਦੇ ਕਿਰਦਾਰਾਂ ਨੂੰ ਇੱਕ ਅਧਿਆਤਮਿਕ ਰੰਗ ਵਿੱਚ ਪੇਸ਼ ਕੀਤਾ ਗਿਆ ਹੈ । ਕਿਤਾਬ ਵਿੱਚ ਆਏ ਖੋਜ ਭਰਪੂਰ ਅਤੇ ਮਹਿਲਾਵਾਂ ਦੇ ਕਿਰਦਾਰਾਂ ਨੂੰ ਬਹੁਤ ਸਪੱਸ਼ਟਤਾ ਅਤੇ ਆਦਰ ਨਾਲ ਅੰਕਿਤ ਕੀਤਾ ਗਿਆ ਹੈ। ਬੇਦੀ ਸਾਹਿਬ ਦਾ ਸੰਪਾਦਨਾ ਅਧਿਐਨ ਇਤਿਹਾਸਕ ਤੱਥਾਂ ਦੇ ਨਾਲ ਨਾਲ ਸੱਭਿਆਚਾਰਕ ਪੱਖ ਤੇ ਧਾਰਮਿਕ ਤੱਤਾਂ ਦਾ ਮਿਲਾਪ ਹੈ, ਜੋ ਪਾਠਕਾਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਦਿੰਦਾ ਹੈ। ਸਿੱਖ ਧਰਮ ਦੀਆਂ ਮਹਾਨ ਇਸਤਰੀਆਂ, ਸਿੱਖ ਧਰਮ ਅਤੇ ਇਸਤਰੀ ਸ਼ਕਤੀ ਵਿਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਲਈ ਮਹੱਤਵਪੂਰਨ ਕਿਤਾਬ ਹੈ। ਇਹ ਮਾਤਾਵਾਂ, ਭੈਣਾਂ ਅਤੇ ਧੀਆਂ ਨੂੰ ਪ੍ਰੇਰਨਾ ਦਿੰਦੀ ਹੈ ਕਿ ਉਹਨਾਂ ਦਾ ਸਿੱਖ ਧਰਮ ਦੇ ਪ੍ਰਸੰਗ ਵਿੱਚ ਮਹੱਤਵਪੂਰਨ ਭੂਮਿਕਾ ਕਿਵੇਂ ਨਿਭਾਉਂਣੀ ਚਾਹੀਦੀ ਹੈ। ਕਿਤਾਬ, ਇਕ ਪਾਸੇ ਸਿੱਖ ਇਸਤਰੀ ਇਤਿਹਾਸ ਨੂੰ ਅਸਲ ਰੂਪ ਵਿੱਚ ਗੌਰਵਤਾ ਨਾਲ ਸਥਾਪਤ ਕਰਦੀ ਹੈ, ਦੂਜੇ ਪਾਸੇ ਇਹ ਇਸਤਰੀ ਗੋਰਵ ਅਤੇ ਸਮਾਜਿਕ ਜਾਗਰੂਕਤਾ ਲਈ ਇਹ ਮਾਣਮੱਤਾ ਇਹ ਮਾਣਮੱਤਾ ਮਹਾਨ ਕਾਰਜ ਹੈ। ਸਿੱਖ ਧਰਮ ਦੀਆਂ ਮਹਾਨ ਇਸਤਰੀਆਂ ਉਹਨਾਂ ਸਿੱਖ ਮਹਿਲਾਵਾਂ ਦੀ ਯਾਦਗਾਰੀ ਮਹਿਕਦਾ ਰੰਗ-ਬਿਰੰਗੇ ਫੁੱਲਾਂ ਦਾ ਅਜਿਹਾ ਗੁਲਦਸਤਾ ਹੈ, ਜੋ ਆਪਣੇ ਸਮੇਂ ਦੇ ਬਾਵਜੂਦ ਸਿੱਖ ਧਰਮ ਅਤੇ ਸਮਾਜ ਵਿੱਚ ਪਿਆਰ, ਸੇਵਾ, ਬਹਾਦਰੀ ਅਤੇ ਸੱਚਾਈ ਦੀ ਪ੍ਰਕਾਸ਼ ਪੁੰਜ ਬਣੀਆਂ।ਇਸ ਕਿਤਾਬ ਦੀ ਆਮਦ ਤੇ ਮੈਂ ਦਿਲਜੀਤ ਸਿੰਘ ਬੇਦੀ ਨੂੰ ਸਤਿਕਾਰ ਸਹਿਤ ਮੁਬਾਰਕਬਾਦ ਦੇਂਦਾ ਹਾਂ।

