ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ
ਆਧਾਰ ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਪ੍ਰੋਗਰਾਮ 29 ਅਕਤੂਬਰ ਤੋਂ 28 ਨਵੰਬਰ ਤੱਕ
ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਬੀ.ਐਲ.ਓਜ਼. ਵੱਲੋਂ 9,10 ਤੇ 23,24 ਨਵੰਬਰ ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ
ਰੂਪਨਗਰ, 29 ਅਕਤੂਬਰ: (ਮਧੂਸਾਰ ਬਿਊਰੋ) ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01 ਜਨਵਰੀ 2025 ਤੇ ਆਧਾਰ ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦੇ ਜਾਰੀ ਕੀਤੇ ਸ਼ਡਿਊਲ ਅਨੁਸਾਰ ਅੱਜ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਸਬੰਧੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਦੀਆਂ ਹਦਾਇਤਾਂ ਅਨੁਸਾਰ ਚੋਣ ਤਹਿਸੀਲਦਾਰ ਸ. ਪਲਵਿੰਦਰ ਸਿੰਘ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਚੋਣ ਤਹਿਸੀਲਦਾਰ ਸ. ਪਲਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਯੋਗ ਵਿਅਕਤੀ ਜਿਸ ਦੀ ਉਮਰ 01 ਜਨਵਰੀ 2025 ਨੂੰ 18 ਸਾਲ ਜਾਂ ਉਸ ਤੋਂ ਵੱਧ ਹੈ, ਉਹ ਮਿਤੀ 29 ਅਕਤੂਬਰ 2024 ਤੋਂ 28 ਨਵੰਬਰ 2024 ਤੱਕ ਆਪਣੇ ਫਾਰਮ https://voters.eci.gov.in/ ਤੇ ਆਨ ਲਾਈਨ ਅਪਲਾਈ ਕਰ ਸਕਦਾ ਹੈ ਜਾਂ ਮੋਬਾਇਲ ਤੇ ਵੋਟਰ ਹੈਲਪਲਾਈਨ ਐਪ ਰਾਹੀ ਜਾਂ ਫਿਰ ਆਫਲਾਈਨ ਆਪਣੇ ਸਬੰਧਤ ਬੀ.ਐਲ.ਓਜ਼ ਨੂੰ ਵੀ ਫਾਰਮ ਨੰ. 6 ਭਰਕੇ ਜਮ੍ਹਾ ਕਰਵਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਪੈਂਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ਤੇ ਮਿਤੀ 09 ਨਵੰਬਰ 2024 (ਦਿਨ ਸ਼ਨੀਵਾਰ), 10 ਨਵੰਬਰ 2024 (ਦਿਨ ਐਤਵਾਰ), ਮਿਤੀ 23 ਨਵੰਬਰ 2024 (ਦਿਨ ਸ਼ਨੀਵਾਰ) ਅਤੇ 24 ਨਵੰਬਰ 2024 (ਦਿਨ ਐਤਵਾਰ) ਨੂੰ ਬੀ.ਐਲ.ਓਜ ਵੱਲੋਂ ਸਪੈਸ਼ਲ ਕੈਂਪ ਸਵੇਰੇ 10 ਵਜੇ ਤੋਂ 5 ਵਜੇ ਤੱਕ ਲਗਾਏ ਜਾਣਗੇ, ਜਿਸ ਵਿੱਚ ਉਨ੍ਹਾਂ ਵੱਲੋਂ ਫਾਰਮ ਨੰ. 6 (ਨਵੀਂ ਵੋਟ), ਫਾਰਮ ਨੰ. 7 (ਵੋਟ ਕੱਟਣ ਸਬੰਧੀ) ਫਾਰਮ ਨੰ. 8 (ਵੋਟਰ ਦੇ ਵੇਰਵਿਆਂ ਵਿੱਚ ਦਰੁੱਸਤੀ/ਰਿਹਾਇਸ਼ ਵਿੱਚ ਤਬਦੀਲੀ/ਡੁਬਲੀਕੇਟ ਵੋਟਰ ਕਾਰਡ/ ਸ਼ਮਣ ਵੋਟਰ ਮਾਰਕ ਕਰਨ ਸਬੰਧੀ) ਫਾਰਮ ਪ੍ਰਾਪਤ ਕੀਤੇ ਜਾਣਗੇ। ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਆਮ ਨਾਗਰਿਕ ਘਰ ਬੈਠੇ ਆਨਲਾਈਨ ਫਾਰਮ ਭਰਨ ਲਈ ਵੈਬਸਾਈਟ www.voters.eci.gov.in ਜਾਂ ਦੱਸੀ ਗਈ ਵੋਟਰ ਹੈਲਪਲਾਈਨ ਐਪ ਤੇ ਜਾ ਕੇ ਵਿਅਕਤੀ ਖੁਦ ਆਪਣਾ ਫਾਰਮ ਅਪਲਾਈ ਕਰ ਸਕਦਾ ਹੈ। ਵੋਟਾਂ ਬਣਾਉਣ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਜ਼ਿਲ੍ਹੇ ਦੇ ਟੋਲ ਫਰੀ ਨੰ. 1950 ਤੇ ਦਫ਼ਤਰੀ ਸਮੇਂ 9 ਤੋਂ 5 ਵਜੇ ਤੱਕ ਕਾਲ ਕਰਕੇ ਪੁੱਛ ਗਿੱਛ ਕੀਤੀ ਜਾ ਸਕਦੀ ਹੈ। ਸ. ਪਲਵਿੰਦਰ ਸਿੰਘ ਨੇ ਦੱਸਿਆ ਕਿ ਆਮ ਜਨਤਾ ਲਈ ਫੋਟੋ ਵੋਟਰ ਸੂਚੀ ਹਰੇਕ ਪੋਲਿੰਗ ਬੂਥ ਤੇ ਸਬੰਧਤ ਪੋਲਿੰਗ ਸਟੇਸ਼ਨ ਦੇ ਬੀ.ਐਲ.ਓਜ਼, ਈ.ਆਰ.ਓਜ਼ ਤੇ ਜਿਲ੍ਹਾ ਚੋਣ ਅਫਸਰ ਦੇ ਦਫ਼ਤਰ ਵਿੱਚ ਵੇਖਣ ਲਈ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ ਇਹ ਵੋਟਰ ਸੂਚੀ www.ceopunjab.nic.in ਤੇ ਵੀ ਵੇਖਣ ਲਈ ਉਪਲੱਬਧ ਹੋਵੇਗੀ। ਇਸ ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਤੋਂ ਸ.ਚਰਨਜੀਤ ਸਿੰਘ ਘਈ, ਬੀ.ਜੇ.ਪੀ ਤੋਂ ਸ. ਜਰਨੈਲ ਸਿੰਘ ਭਾਊਵਾਲ, ਆਮ ਆਦਮੀ ਪਾਰਟੀ ਤੋਂ ਸ਼੍ਰੀ ਸੰਦੀਪ ਜੋਸ਼ੀ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸ. ਭੁਪਿੰਦਰ ਸਿੰਘ ਤੋਂ ਇਲਾਵਾ ਕਲਰਕ ਸ. ਮਨਦੀਪ ਸਿੰਘ ਤੇ ਕਲਰਕ ਸ. ਹਰਪਾਲ ਸਿੰਘ ਕਲਰਕ ਹਾਜਰ ਸਨ।

