ਪਿੰਡ ਅਰਨੋ ਪੰਚਾਇਤੀ ਜਮੀਨ ਦੇ ਕਾਸ਼ਤਕਾਰ ਅਤੇ ਸਰਕਾਰ ਆਮੋ ਸਾਹਮਣੇ
ਜਥੇਬੰਦੀਆਂ ਤੇ ਕਾਸ਼ਤਕਾਰਾਂ ਨੇ ਰੋਸ ਮਾਰਚ ਕਰਕੇ ਏਡੀਸੀ ਨੂੰ ਦਿੱਤਾ ਮੰਗ ਪੱਤਰ
ਪਾਤੜਾਂ ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਤਹਿਤ ਪੰਚਾਇਤ ਵਿਭਾਗ ਨੇ 17 ਮਈ ਨੂੰ 576 ਏਕੜ ਜ਼ਮੀਨ ਵਿੱਚੋਂ 50 ਵਿਅਕਤੀਆਂ ਤੋਂ 141 ਏਕੜ 6 ਕਨਾਲਾਂ 11 ਮਰਲੇ ਜ਼ਮੀਨ ਛੁਡਾਉਣ ਦੇ ਨੋਟਿਸ ਜਾਰੀ ਕੀਤੇ ਹਨ । ਵਿਭਾਗ ਦੀ ਕਾਰਵਾਈ ਵਿਰੁੱਧ ਕਾਸ਼ਤਕਾਰਾਂ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਝੰਡੇ ਹੇਠ ਇਕੱਠੇ ਹੋ ਕੇ ਜ਼ਮੀਨ ਨਾ ਛੱਡਣ ਦੇ ਕੀਤੇ ਐਲਾਨ ਤਹਿਤ ਅੱਜ ਪਿੰਡ ਅਰਨੋ ਤੋਂ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਟਰੈਕਟਰਾਂ ਟਰਾਲੀਆਂ ਤੇ ਮੋਟਰਸਾਈਕਲਾਂ ਰਾਹੀਂ ਵੱਖ-ਵੱਖ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਐੱਸਡੀਐੱਮ ਪਾਤੜਾਂ ਦੇ ਦਫ਼ਤਰ ਪੁੱਜਾ ਜਿੱਥੇ ਕਾਸ਼ਤਕਾਰਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ 9 ਮੈਂਬਰੀ ਵਫ਼ਦ ਨੇ ਏਡੀਸੀ ਵਿਕਾਸ ਈਸ਼ਾ ਸਿੰਗਲ ਨੂੰ ਮੰਗ ਪੱਤਰ ਸੌਂਪਿਆ ਗਿਆ।
ਜ਼ਮੀਨ ‘ਤੇ ਕਾਬਜ਼ ਸੁਖਵਿੰਦਰ ਸਿੰਘ, ਹਰਨੇਕ ਸਿੰਘ, ਮਹਿੰਦਰ ਸਿੰਘ ਸਰਪੰਚ ਰਾਜ ਕੌਰ ਸਰਪੰਚ ਹਰਦੀਪ ਕੌਰ, ਸਾਬਕਾ ਸਰਪੰਚ ਬਘੇਲ ਸਿੰਘ, ਜਸਬੀਰ ਸਿੰਘ ਅਮਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਜ਼ਮੀਨ ਨੂੰ ਉਨ੍ਹਾਂ ਦੇ ਪੁਰਖਿਆਂ ਨੇ ਸਰਕਾਰ ਦੀ ਜੰਗਲ ਤੋੜੋ ਮੁਹਿੰਮ ਤਹਿਤ ਜੰਗਲ ਪੁੱਟ ਕੇ ਆਬਾਦ ਕੀਤਾ ਸੀ। ਜ਼ਮੀਨ ਦੀ ਮਾਲਕੀ ਨੂੰ ਲੈ ਕੇ ਚੱਲਦੇ ਕੇਸਾਂ ਵਿੱਚ ਉਨ੍ਹਾਂ ਵੱਲੋਂ ਮੁਰੱਬੇਬੰਦੀ ਦਾ ਰਿਕਾਰਡ ਪੇਸ਼ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ 199 ਏਕੜ ਉੱਤੇ ਕਾਸ਼ਤ ਕਰਦੇ ਕਿਸਾਨਾਂ ਨੂੰ ਡੀਡੀਪੀਓ ਵੱਲੋਂ 1997 ਵਿੱਚ ਤੇ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਵੱਲੋਂ 2013 ‘ਚ ਮਾਲਕੀ ਹੱਕ ਦਿੱਤੇ ਜਾਣ ਉਪਰੰਤ ਗ੍ਰਾਮ ਪੰਚਾਇਤ ਵੱਲੋਂ ਹਾਈ ਕੋਰਟ ਵਿੱਚ ਪਹੁੰਚ ਕੀਤੀ ਗਈ ਸੀ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਕਮੇਟੀ ਮੈਂਬਰ ਸਤਵੰਤ ਸਿੰਘ ਵਜੀਦਪੁਰ, ਹਰਭਜਨ ਸਿੰਘ ਧਹੂੜ, ਦਲਜੀਤ ਸਿੰਘ ਸ਼ਾਬਾਜ਼ਪੁਰ, ਸਾਹਿਬ ਸਿੰਘ ਦੁਤਾਲ, ਸੁਖਦੇਵ ਸਿੰਘ ਹਰਿਆਊ ਨੇ ਕਿਹਾ ਕਿ ਪੰਚਾਇਤ ਵਿਭਾਗ ਵਲੋਂ ਉਕਤ ਜ਼ਮੀਨ ਪੰਚਾਇਤ ਦੀ ਹੋਣ ਦਾ ਦਾਅਵਾ ਕੀਤਾ ਜਾ ਰਿਹਾਹੈ ਪਰ ਅਰਨੋ ਦੀਆਂ 7 ਪੰਚਾਇਤਾਂ ਵਿੱਚੋਂ 6 ਪੰਚਾਇਤਾਂ ਨੇ ਕਾਸ਼ਤਕਾਰਾਂ ਦੇ ਹੱਕ ਵਿੱਚ ਲਿਖ ਕੇ ਦਿੱਤਾ ਹੈ ।

