ਦਸਮੇਸ਼ ਖਾਲਸਾ ਕਾਲਜ, ਜ਼ੀਰਕਪੁਰ ਵਿਖੇ ਐੱਨ. ਐੱਸ. ਐੱਸ ਵਿਭਾਗ ਵੱਲੋਂ ਟ੍ਰੈਫ਼ਿਕ ਨਿਯਮਾਂ ਅਤੇ ਮੁੱਢਲੀ ਸਹਾਇਤਾ ਬਾਰੇ ਵਿਸ਼ੇਸ਼ ਲੈਕਚਰ ਆਯੋਜਿਤ
ਜ਼ੀਰਕਪੁਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਦਸਮੇਸ਼ ਖਾਲਸਾ ਕਾਲਜ ਜ਼ੀਰਕਪੁਰ ਵਿਖੇ ਇੰਜੀ. ਸੁਖਮਿੰਦਰ ਸਿੰਘ (ਵਿੱਦਿਆ ਸਕੱਤਰ ) ਦੇ ਦਿਸ਼ਾ -ਨਿਰਦੇਸ਼ਾਂ ਹੇਠ, ਡਾ. ਕਰਮਬੀਰ ਸਿੰਘ (ਪ੍ਰਿੰਸੀਪਲ ) ਦੀ ਅਗਵਾਈ ਹੇਠ ਅਤੇ ਡਾ. ਕਿਰਨਪਾਲ ਕੌਰ ਦੀ ਦੇਖ-ਰੇਖ ਅਧੀਨ ਐੱਨ. ਐੱਸ. ਐੱਸ ਵਿਭਾਗ ਵੱਲੋਂ ਟ੍ਰੈਫ਼ਿਕ ਨਿਯਮਾਂ ਬਾਰੇ ਸ੍ਰੀ ਜਨਕ ਰਾਜ, (ਏ. ਐੱਸ. ਆਈ, ਟ੍ਰੈਫ਼ਿਕ ਪੁਲਿਸ, ਮੁਹਾਲੀ) ਦਾ ਅਤੇ ਮੁੱਢਲੀ ਸਹਾਇਤਾ ਬਾਰੇ ਸ੍ਰੀ ਸੰਦੀਪ, ਲੈਕਚਰਾਰ ਤੇ ਟਰੇਨਰ (ਰੈੱਡ ਕਰਾਸ, ਮੁਹਾਲੀ )ਦਾ ਵਿਸ਼ੇਸ਼ ਲੈਕਚਰ ਆਯੋਜਿਤ ਕਰਵਾਇਆ ਗਿਆ | ਸ੍ਰੀ ਜਨਕ ਰਾਜ ਨੇ ਮਹੱਤਵਪੂਰਨ ਟ੍ਰੈਫ਼ਿਕ ਨਿਯਮਾਂ ਬਾਰੇ ਅਤੇ ਨਿਯਮਾਂ ਦੀ ਉਲੰਘਣਾ ਕਾਰਨ ਹੋਣ ਵਾਲੇ ਜੁਰਮਾਨੇ ਤੇ ਨੁਕਸਾਨ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ | ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਡਰਾਇਵਿੰਗ ਲਾਇਸੈਂਸ ਤੋਂ ਬਿਨਾਂ ਅਤੇ ਨਸ਼ੇ ਦੀ ਹਾਲਤ ਵਿਚ ਵਾਹਨ ਨਾ ਚਲਾਉਣ ਜਾਂ ਹੁਲੜ੍ਹਬਾਜ਼ੀ ਨਾ ਕਰਨ ਲਈ ਪ੍ਰੇਰਿਤ ਕੀਤਾ| ਉਹਨਾਂ ਕਿਹਾ ਕਿ ਸਮੇਂ ਦਾ ਸਦਉਪਯੋਗ ਕਰਦਿਆਂ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਧਾਰਨ ਕਰਕੇ ਇੱਕ ਚੰਗਾ ਨਾਗਰਿਕ ਬਣਿਆ ਜਾ ਸਕਦਾ ਹੈ |
ਸ੍ਰੀ ਸੰਦੀਪ, (ਰੈੱਡ ਕਰਾਸ ਵਿਭਾਗ ) ਨੇ ਮੁੱਢਲੀ ਡਾਕਟਰੀ ਸਹਾਇਤਾ ਸਬੰਧੀ ਜ਼ਰੂਰੀ ਅਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਉਹਨਾਂ ਨੇ ਕਿਸੇ ਦੁਰਘਟਨਾ ਦੌਰਾਨ ਜ਼ਖ਼ਮੀ ਵਿਅਕਤੀ ਦੀ ਸਹਾਇਤਾ ਕਰਨ ਅਤੇ ਇਸ ਸਮੇਂ ਧਿਆਨ ਰੱਖਣਯੋਗ ਗੱਲਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ | ਉਹਨਾਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਮੁੱਢਲੀ ਡਾਕਟਰੀ ਸਹਾਇਤਾ ਨਾਲ ਕਿਸੇ ਮਰੀਜ਼ ਜਾਂ ਜ਼ਖ਼ਮੀ ਦੀ ਕੀਮਤੀ ਜਾਨ ਕਿਵੇਂ ਬਚਾਈ ਜਾ ਸਕਦੀ ਹੈ | ਡਾ. ਕਿਰਨਪਾਲ ਕੌਰ ਨੇ ਸੱਭ ਦਾ ਧੰਨਵਾਦ ਕੀਤਾ ਅਤੇ ਐੱਨ.ਐੱਸ.ਐੱਸ ਦੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟ੍ਰੈਫ਼ਿਕ ਨਿਯਮਾਂ ਦੀ ਜਾਣਕਾਰੀ ਅਤੇ ਇਹਨਾਂ ਨਿਯਮਾਂ ਦਾ ਪਾਲਣ ਕਰਨਾ ਹਰ ਨਾਗਰਿਕ ਲਈ ਜ਼ਰੂਰੀ ਹੈ | ਉਹਨਾਂ ਨੇ ਵਲੰਟੀਅਰਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਾ ਗਿਆਨ ਪ੍ਰਾਪਤ ਕਰਕੇ ਲੋੜਵੰਦਾਂ ਦੀ ਹਰ ਸੰਭਵ ਮੱਦਦ ਕਰਨ ਲਈ ਪ੍ਰੇਰਿਤ ਕੀਤਾ |ਡਾ. ਕਰਮਬੀਰ ਸਿੰਘ ਨੇ ਐੱਨ.ਐੱਸ.ਐੱਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਹਨਾਂ ਗਤੀਵਿਧੀਆਂ ਤੋਂ ਲਾਭ ਪ੍ਰਾਪਤ ਕਰਨ ਤੇ ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਲਈ ਉਤਸ਼ਾਹਿਤ ਕੀਤਾ | ਕਾਲਜ ਪ੍ਰਿੰਸੀਪਲ ਅਤੇ ਐੱਨ. ਐੱਸ. ਐੱਸ ਦੀ ਸਮੁੱਚੀ ਟੀਮ ਵੱਲੋਂ ਮੁੱਖ ਬੁਲਾਰਿਆਂ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ |ਇਸ ਮੌਕੇ ਪ੍ਰੋ. ਪ੍ਰਭਜੀਤ ਸਿੰਘ, ਐੱਨ.ਐੱਸ.ਐੱਸ ਵਿਭਾਗ ਦੇ ਡਾ. ਸਿਮਰਪ੍ਰੀਤ, ਡਾ.ਰੁਪਿੰਦਰ ਕੌਰ ਅਤੇ ਮੈਡਮ ਕਰਮਬੀਰ ਕੌਰ ਵੀ ਹਾਜ਼ਰ ਸਨ |

