ਉਪ ਮੁੱਖ ਮੰਤਰੀ ਦਫ਼ਤਰੋਂ ਆਈ ਚਿੱਠੀ ਕਿਤੇ ਜਾਅਲੀ ਤਾਂ ਨਹੀਂ ?
– ਚਾਰ ਲਾਈਨਾਂ ਦੀ ਚਿੱਠੀ ‘ਚ ਬੇਸ਼ੁਮਾਰ ਗਲਤੀਆਂ, ਆਈ.ਏ.ਐਸ. ਅਧਿਕਾਰੀ ਦੇ ਹਸਤਾਖਰ ਤੱਕ ਨਹੀਂ
– ਅੰਡਰ ਸੈਕਟਰੀ ਦੀ ਸਟੈਂਪ ਵੀ ਅਧੂਰੀ, ਜ਼ਿਲ੍ਹਾ ਮੋਹਾਲੀ ਦੀ ਥਾਂ ਲਿਖਿਆ ਜ਼ਿਲ੍ਹਾ ਖਰੜ
ਐੱਸ.ਏ.ਐੱਸ. ਨਗਰ (ਕੁਲਦੀਪ ਸਿੰਘ):
‘ਉਪ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਤੋਂ ਆਈ ਚਿੱਠੀ ਕਿਤੇ ਜਾਅਲੀ ਤਾਂ ਨਹੀਂ?’ ਜੀ ਹਾਂ, ਇਸ ਚਿੱਠੀ ਨੂੰ ਦੇਖ ਕੇ ਇਹ ਸਵਾਲ ਹਰ ਆਮ ਤੇ ਖਾਸ ਵਿਅਕਤੀ ਦੀ ਜ਼ੁਬਾਨ ‘ਤੇ ਆ ਰਿਹਾ ਹੈ। ਕਰੀਬ ਚਾਰ ਲਾਈਨਾਂ ਦੀ ਇਸ ਚਿੱਠੀ ਵਿੱਚ ਢੇਰ ਸਾਰੀਆਂ ਗਲਤੀਆਂ ਨਜ਼ਰ ਆ ਰਹੀਆਂ ਹਨ। ਇੱਥੋਂ ਤੱਕ ਕਿ ਚਿੱਠੀ ਭੇਜਣ ਵਾਲੇ ਆਈ.ਏ.ਐਸ. ਅਫ਼ਸਰ ਦੇ ਦਸਤਖ਼ਤ ਵੀ ਨਹੀਂ ਹਨ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਿੱਠੀ ਭੇਜਣ ਵਾਲੇ ਅਫ਼ਸਰ ਦੇ ਦਸਤਖ਼ਤਾਂ ਤੋਂ ਬਿਨਾ ਕੋਈ ਵੀ ਚਿੱਠੀ ਅਧੂਰੀ ਜਾਂ ਜਾਅਲੀ ਮੰਨੀ ਜਾਂਦੀ ਹੈ।
ਇਸ ਚਿੱਠੀ ਬਾਰੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਆਗੂ ਬਲਵਿੰਦਰ ਸਿੰਘ ਕੁੰਭੜਾ ਅਤੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ ਨੇ ਦੱਸਿਆ ਉਨ੍ਹਾਂ ਦੇ ਪਿੰਡ ਮਾਣਕਪੁਰ ਕੱਲਰ ਵਿੱਚ ਇੱਕ ਗਲੀ ਉਤੇ ਇੱਕ ਅਕਾਲੀ ਆਗੂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਨੂੰ ਪੰਚਾਇਤ ਵਿਭਾਗ ਅਤੇ ਡੀ.ਸੀ. ਮੋਹਾਲੀ ਨੂੰ ਵਾਰ ਵਾਰ ਸ਼ਿਕਾਇਤਾਂ ਭੇਜਣ ਦੇ ਬਾਵਜੂਦ ਕਬਜ਼ਾ ਨਹੀਂ ਹਟਾਇਆ ਗਿਆ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਉਪ ਮੁੱਖ ਮੰਤਰੀ ਪੰਜਾਬ ਦਫ਼ਤਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਕਾਰਵਾਈ ਕਰਵਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ 24 ਜੂਨ 2015 ਨੂੰ ਉਪ ਮੁੱਖ ਮੰਤਰੀ ਦਫ਼ਤਰ ਦੀ ਹੈਲਪਲਾਈਨ ਨੰਬਰ 1905 ‘ਤੇ ਵੀ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਦੇ ਜਵਾਬ ਵਿੱਚ ਉਨ੍ਹਾਂ ਨੂੰ ਇੱਕ ਪੱਤਰ ਨੰਬਰ ‘ਪੀ.ਏ./ਵਿ.ਪ੍ਰ.ਸ.ਉ.ਮੁ.ਮੰ./ 904 ਮਿਤੀ, ਚੰਡੀਗੜ੍ਹ: 17.03.16’ ਵਿਸ਼ਾ ‘ਸਰਕਾਰੀ ਰਸਤੇ ‘ਤੇ ਨਜਾਇਜ਼ ਕਬਜ਼ੇ ਸਬੰਧੀ’ ਭੇਜਿਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਸਭ ਤੋਂ ਪਹਿਲਾਂ ਤਾਂ ਜਿਸ ਖਾਕੀ ਰੰਗ ਦੇ ਲਿਫ਼ਾਫੇ ਵਿੱਚ ਇਹ ਪੱਤਰ ਭੇਜਿਆ ਗਿਆ ਉਸ ਲਿਫ਼ਾਫ਼ੇ ਉਤੇ ਅੰਡਰ ਸੈਕਟਰੀ ਦੀ ਲਗਾਈ ਹੋਈ ਮੁਹਰ ਹੀ ਪੂਰੀ ਨਹੀਂ ਹੈ। ਅੰਗਰੇਜ਼ੀ ਭਾਸ਼ਾ ਵਿੱਚ ਛਪੀ ਇਸ ਮੁਹਰ ਵਿੱਚ ਸੈਕਟਰੀਏਟ ਸ਼ਬਦ ਦੀ ਜਗ੍ਹਾ ‘ਸੈਕਟਰੀ’ ਹੀ ਛਪਿਆ ਹੋਇਆ ਹੈ। ਲਿਫ਼ਾਫ਼ੇ ‘ਤੇ ਲਿਖੇ ਐਡਰੈੱਸ ਵਿੱਚ ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਥਾਂ ‘ਜ਼ਿਲ੍ਹਾ ਖਰੜ’ ਲਿਖਿਆ ਹੋਇਆ ਹੈ।
ਜਦੋਂ ਲਿਫ਼ਾਫੇ ਵਿੱਚ ਚਿੱਠੀ ਖੋਲ੍ਹੀ ਤਾਂ ਉਸ ਵਿੱਚ ਉਪ ਮੁੱਖ ਮੰਤਰੀ ਦਫ਼ਤਰ ਦੇ ਕਿਸੇ ਕਰਮਚਾਰੀ ਵੱਲੋਂ ਹੱਥ ਨਾਲ ਲਿਖੀ ਪੰਜਾਬੀ ਵਿੱਚ ਜੋ ਗਲਤੀਆਂ ਕੀਤੀਆਂ ਹੋਈਆਂ ਹਨ, ਉਨ੍ਹਾਂ ਨੂੰ ਦੇਖ ਕੇ ਲਗਦਾ ਹੈ ਜਿਵੇਂ ਕਿ ਕਿਸੇ ਪ੍ਰਵਾਸੀ ਮਜ਼ਦੂਰ ਨੇ ਪੰਜਾਬੀ ਵਿੱਚ ਲਿਖਿਆ ਹੋਵੇ। ਸਭ ਤੋਂ ਵੱਧ ਹੈਰਾਨੀ ਇਸ ਗੱਲ ਦੀ ਹੋਈ ਜਦੋਂ ਇਸ ਪੱਤਰ ਨੂੰ ਭੇਜਣ ਵਾਲੇ ਵਿਸ਼ੇਸ਼ ਪ੍ਰਮੁੱਖ ਸਕੱਤਰ (ਆਰ) ਟੂ, ਮਾਨਯੋਗ ਉਪ ਮੁੱਖ ਮੰਤਰੀ ਪੰਜਾਬ ਸ੍ਰੀ ਰਾਹੁਲ ਤਿਵਾੜੀ ਦੀ ਸਿਰਫ਼ ਮੁਹਰ ਹੀ ਲੱਗੀ ਹੋਈ ਸੀ ਪ੍ਰੰਤੂ ਉਨ੍ਹਾਂ ਦੇ ਮੁਹਰ ‘ਤੇ ਹਸਤਾਖ਼ਰ ਹੀ ਨਹੀਂ ਸਨ।
ਬਲਵਿੰਦਰ ਸਿੰਘ ਕੁੰਭੜਾ ਅਤੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਮੋਹਾਲੀ ਦੇ ਪ੍ਰਸ਼ਾਸਨਿਕ ਅਫ਼ਸਰਾਂ ਤੋਂ ਖਫ਼ਾ ਹੋ ਕੇ ਉਨ੍ਹਾਂ ਪਿੰਡ ਮਾਣਕਪੁਰ ਕੱਲਰ ਵਿੱਚ ਅਕਾਲੀ ਆਗੂ ਵੱਲੋਂ ਸਰਕਾਰੀ ਰਸਤੇ ‘ਤੇ ਕੀਤੇ ਨਜਾਇਜ਼ ਕਬਜ਼ੇ ਸਬੰਧੀ ਉਪ ਮੁੱਖ ਮੰਤਰੀ ਦਫ਼ਤਰ ਨੂੰ ਸ਼ਿਕਾਇਤ ਭੇਜੀ ਸੀ, ਉਹ ਸ਼ਿਕਾਇਤ ਫਿਰ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਕਾਰਵਾਈ ਲਈ ਭੇਜ ਦਿੱਤੀ ਗਈ ਹੈ ਪ੍ਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਅਕਾਲੀ ਆਗੂ ਵੱਲੋਂ ਨਜਾਇਜ਼ ਕਬਜ਼ਾ ਜਿਉਂ ਦਾ ਤਿਉਂ ਬਰਕਰਾਰ ਹੈ।

