ਖ਼ਾਲਸਾ ਯੂਨੀਵਰਸਿਟੀ ‘ਚ ਕਲਾਸਾਂ ਦਾ ਪ੍ਰੋ: ਚਾਂਸਲਰ ਛੀਨਾ ਤੇ ਵੀਸੀ ਡਾ. ਚਾਹਲ ਨੇ ਕੀਤਾ ਸ਼ਾਨਦਾਰ ਅਗਾਜ਼
ਵਡੇਰਿਆਂ ਦੇ ਸੁਪਨੇ ਨੂੰ ਸਕਾਰ ਕਰਨ ਲਈ ਇਕਜੁਟਤਾ ਨਾਲ ਕੰਮ ਕਰਨ ਦੀ ਜਰੂਰਤ : ਉੱਪ ਕੁਲਪਤੀ ਡਾ. ਚਾਹਲ
ਇਕ ਚੰਗੇ ਵਿਗਿਆਨੀ ਤੇ ਬੁੱਧੀਜੀਵੀ ਦੇ ਮਾਰਗ ਦਰਸ਼ਨ ਨਾਲ ਸੰਸਥਾ ਉੱਚ ਮੁਕਾਮ ਹਾਸਲ ਕਰੇਗੀ : ਛੀਨਾ
ਅੰਮ੍ਰਿਤਸਰ, 31 ਅਗਸਤ (ਰਾਜਨ ਮਾਨ)
ਨਵਨਿਯੁਕਤ ਖ਼ਾਲਸਾ ਯੂਨੀਵਰਸਿਟੀ ‘ਚ ਅੱਜ ਬੀ. ਐੱਡ, ਐੱਮ. ਐੱਡ ਐਂਡ ਇੰਟਗ੍ਰੇਟਿਡ (3 ਸਾਲਾ), ਬੈਚਲਰ ਆਫ਼ ਫ਼ਿਜੀਕਲ ਐਜ਼ੂਕੇਸ਼ਨ ਐਂਡ ਸਪੋਰਟਸ (ਬੀ. ਪੀ. ਈ. ਐੱਸ.) ਅਤੇ ਹੋਰ ਵਿਸ਼ਿਆਂ ਦੀਆਂ ਕਲਾਸਾਂ ਦਾ ਸ਼ਾਨਦਾਰ ਅਗਾਜ਼ ਕੀਤਾ ਗਿਆ।
ਜਿਸਦਾ ਸ਼ੁਭਆਰੰਭ ਯੂਨੀਵਰਸਿਟੀ ਦੇ ਪ੍ਰੋ: ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਉੱਪ ਕੁਲਪਤੀ ਪ੍ਰੋ: (ਡਾ.) ਸਰਬਜੀਤ ਸਿੰਘ ਚਾਹਲ ਨੇ ਕੀਤਾ। ਇਸ ਮੌਕੇ ਕਰਵਾਏ ਗਏ ਪ੍ਰਭਾਵਸ਼ਾਲੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉੱਪ ਕੁਲਪਤੀ ਡਾ. ਚਾਹਲ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸ ਇਤਿਹਾਸਕ ਯੂਨੀਵਰਸਿਟੀ ‘ਚ ਪਹਿਲੇ ਉੱਪ ਕੁਲਪਤੀ ਵਜੋਂ ਸੇਵਾ ਨਿਭਾਉਣ ਲਈ ਚੁਣਿਆ ਗਿਆ ਹੈ ਅਤੇ ਹੋਰ ਫ਼ਖਰ ਵਾਲੀ ਗੱਲ ਇਹ ਹੈ ਕਿ ਉਹ ਵਡੇਰਿਆਂ ਦੇ ਸੁਪਨੇ ਨੂੰ ਸਕਾਰ ਕਰਨ ਲਈ ਕੰਮ ‘ਚ ਆਪਣਾ ਯੋਗਦਾਨ ਦੇ ਰਹੇ ਹਨ।
ਡਾ. ਚਾਹਲ ਨੇ ਸਿੱਖਿਆ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ‘ਚ ਉੱਚ ਸਿੱਖਿਆ ਵਿਦਿਆਰਥੀਆਂ ਨੂੰ ਮੁਹੱਈਆ ਕਰਨਾ ਬਹੁਤ ਜਰੂਰੀ ਹੈ, ਜਿਸਦੇ ਲਈ ਅਧਿਆਪਕਾਂ ਨੂੰ ਵੀ ਬੁੱਧੀਜੀਵੀ ਅਤੇ ਸਿੱਖਿਅਤ ਹੋਣ ਦੇ ਨਾਲ–ਨਾਲ ਸਮੇਂ ਦਾ ਪਾਬੰਧ ਹੋਣਾ ਵੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਹੋਰ ਬੁਲੰਦੀਆਂ ‘ਤੇ ਲਿਜਾਉਣ ਲਈ ਸਾਨੂੰ ਮਿਲ–ਜੁਲ ਕੇ ਕਾਰਜ ਕਰਨਾ ਹੋਵੇਗਾ। ਡਾ. ਚਾਹਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਮੇਂ ‘ਚ ਬਹੁਤ ਸਾਰੀਆਂ ਅਜਿਹੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵੇਖੀਆਂ ਹਨ ਜਿਹੜੀਆਂ ਇਸ਼ਤਿਹਾਰਬਾਜ਼ੀ ‘ਚ ਤਾਂ ਵਿਦਿਆਰਥੀਆਂ ਨੂੰ ਬੇਹਤਰ ਸਹੂਲਤਾਂ ਦੇਣ ਦੇ ਦਾਅਵੇ ਕਰਦੀਆਂ ਹਨ ਪਰ ਇਸਨੂੰ ਐਕਟ ‘ਚ ਸ਼ਾਮਿਲ ਨਹੀਂ ਕਰਦੀਆਂ, ਪਰ ਖ਼ਾਲਸਾ ਯੂਨੀਵਰਸਿਟੀ ਇਹੋ ਜਿਹੀ ਯੂਨੀਵਰਸਿਟੀ ਹੈ, ਜਿਸਨੇ ਆਪਣੀਆਂ ਸਹੂਲਤਾਂ ਨੂੰ ਲੋੜਵੰਦ ਬੱਚਿਆਂ ਤੱਕ ਪਹੁੰਚਾਉਣ ਦੇ ਨਾਲ–ਨਾਲ ਇਸਨੂੰ ਐਕਟ ‘ਚ ਸ਼ਾਮਿਲ ਕੀਤਾ, ਜੋ ਸਲਾਹੁਣਯੋਗ ਹੈ। ਉਨ੍ਹਾਂ ਕਿਹਾ ਕਿ ਉਹ ਇਸ ਯੂਨੀਵਰਸਿਟੀ ਦੀ ਬੁਨਿਆਦ ਨੂੰ ਹੋਰ ਮਜ਼ਬੂਤ ਕਰਨ ਲਈ ਵਧੇਰੇ ਕੋਸ਼ਿਸ਼ ਕਰਨਗੇ।
ਸ: ਛੀਨਾ ਨੇ ਯੂਨੀਵਰਸਿਟੀ ਦੀਆਂ ਪਹਿਲੀਆਂ ਕਲਾਸਾਂ ਦੇ ਆਰੰਭ ਮੌਕੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਦੀ ਸਥਾਪਨਾ ਸਾਡੇ ਵੱਡ–ਵਡੇਰਿਆਂ ਦਾ ਸੁਪਨਾ ਸੀ ਜਿਹੜਾ ਪੂਰਾ ਹੋਇਆ ਹੈ, ਇਸ ਲਈ ਉਹ ਆਪਣੇ ਮੈਨੇਜ਼ਮੈਂਟ ਦੇ ਸਮੂਹ ਮੈਂਬਰਾਂ ਅਤੇ ਹਮਾਇਤੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਉਨ੍ਹਾਂ ਨੂੰ ਇਸ ਯੂਨੀਵਰਸਿਟੀ ਦੇ ਉੱਪ ਕੁਲਪਤੀ ਦੀ ਤਲਾਸ਼ ਲਈ ਕਈ ਪੜਾਵਾਂ ਤੋਂ ਲੰਘਣਾ ਪਿਆ ਰਿ ਇਹ ਭਾਲ ਉਦੋਂ ਖ਼ਤਮ ਹੋਈ, ਜਦੋਂ ਉਨ੍ਹਾਂ ਨੂੰ ਡਾ. ਚਾਹਲ ਵਰਗੇ ਚੰਗੇ ਵਿਗਿਆਨ ਅਤੇ ਬੁੱਧੀਜੀਵੀ ਉੱਪ ਕੁਲਪਤੀ ਮਿਲੇ। ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਡਾ. ਚਾਹਲ ਖ਼ਾਲਸਾ ਯੂਨੀਵਰਸਿਟੀ ਨੂੰ ਬੁਲੰਦੀਆਂ ‘ਤੇ ਲੈ ਕੇ ਜਾਣਗੇ।
ਇਸ ਤੋਂ ਪਹਿਲਾਂ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਸ: ਛੀਨਾ ਅਤੇ ਵੀ. ਸੀ. ਡਾ. ਚਾਹਲ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਕਾਲਜ ਗਤੀਵਿਧੀਆਂ, ਉਪਲਬੱਧੀਆਂ ਅਤੇ ਸਮੂਹ ਸਟਾਫ਼ ਨਾਲ ਜਾਣ–ਪਛਾਣ ਕਰਵਾਈ। ਇਸ ਮੌਕੇ ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਮਨਿੰਦਰ ਕੌਰ, ਗੁਰਜੀਤ ਕੌਰ, ਡਾ. ਬਿੰਦੂ ਸ਼ਰਮਾ, ਨਿਰਮਲਜੀਤ ਕੌਰ, ਡਾ. ਨੀਤਿਕਾ ਕੋਹਲੀ, ਡਾ. ਇੰਦੂ ਸੁਧੀਰ, ਪ੍ਰੋ: ਸਤਿੰਦਰ ਢਿੱਲੋਂ, ਪ੍ਰੋ: ਰਮਨਜੀਤ ਕੌਰ ਆਦਿ ਮੌਜ਼ੂਦ ਸਨ।

