ਪੰਜਾਬ

ਪਹਿਲੀ ਵਾਰ ਦੋ ਅਧਿਆਪਕਾਂ ਨੂੰ ਮਿਲੇਗਾ ‘ਲਾਈਫ ਟਾਈਮ ਅਚੀਵਮੈਂਟ’ ਐਵਾਰਡ: ਡਾ.ਚੀਮਾ

ਪੁਰਸ਼ ਤੇ ਮਹਿਲਾ ਵਰਗ ਵਿੱਚੋਂ ਇਕ-ਇਕ ਦੀ ਹੋਵੇਗੀ ਚੋਣ, 1-1 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਸਟੇਟ ਐਵਾਰਡ ਦੀ ਇਨਾਮੀ ਰਾਸ਼ੀ ਵਿੱਚ ਵੀ ਢਾਈ ਗੁਣਾ ਵਾਧਾ ਕਰਦਿਆਂ 25 ਹਜ਼ਾਰ ਰੁਪਏ ਕੀਤੀ
ਚੰਡੀਗੜ੍ਹ, 31 ਅਗਸਤ (ਮਧੂਸਾਰ ਬਿਊਰੋ)
ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਮਾਣ-ਸਨਮਾਨ ਦੇਣ ਦੀ ਦਿਸ਼ਾ ਵਿੱਚ ਅਹਿਮ ਕਦਮ ਪੁੱਟਦਿਆਂ ਪਹਿਲੀ ਵਾਰ ਦੋ ਅਧਿਆਪਕਾਂ ਨੂੰ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਲਈ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ਵਿੱਚੋਂ ਇਕ-ਇਕ ਅਧਿਆਪਕ ਨੂੰ ਚੁਣਿਆ ਜਾਵੇਗਾ ਜਿਸ ਨੂੰ ‘ਅਧਿਆਪਕ ਦਿਵਸ’ ਮੌਕੇ ਇਸ ਐਵਾਰਡ ਦੇ ਨਾਲ ਇਕ-ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਹ ਖੁਲਾਸਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਡਾ.ਚੀਮਾ ਨੇ ਕਿਹਾ ਕਿ ਅਧਿਆਪਕ ਦਿਵਸ ਮੌਕੇ ਦਿੱਤੇ ਜਾਣ ਵਾਲੇ ਸਟੇਟ ਐਵਾਰਡਾਂ ਦੀ ਇਨਾਮੀ ਰਾਸ਼ੀ ਵਿੱਚ ਵੀ ਇਸ ਵਾਰ ਢਾਈ ਗੁਣਾਂ ਵਾਧਾ ਕਰਦਿਆਂ 10 ਹਜ਼ਾਰ ਤੋਂ 25 ਹਜ਼ਾਰ ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਵਾਰ 5 ਸਤੰਬਰ ਨੂੰ ‘ਅਧਿਆਪਕ ਦਿਵਸ’ ਦੇ ਰਾਜ ਪੱਧਰੀ ਸਮਾਗਮ ਦੌਰਾਨ ਪਹਿਲੀ ਵਾਰ ਦੋ ਅਧਿਆਪਕਾਂ ਨੂੰ ਉਮਰ ਭਰ ਦੀਆਂ ਸੇਵਾਵਾਂ ਬਦਲੇ ‘ਲਾਈਫ ਟਾਈਮ ਅਚੀਵਮੈਂਟ’ ਐਵਾਰਡ ਦਿੱਤਾ ਜਾਵੇਗਾ ਜਿਸ ਵਿੱਚ ਦੋਵਾਂ ਅਧਿਆਪਕਾਂ ਨੂੰ ਇਕ-ਇਕ ਲੱਖ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਜਾਵੇਗਾ। ਇਸ ਦੇ ਨਾਲ ਹੀ ਇਸ ਵਾਰ ਸਟੇਟ ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਵੀ ਵਧੀ ਹੋਈ ਇਨਾਮੀ ਰਾਸ਼ੀ 25 ਹਜ਼ਾਰ ਰੁਪਏ ਪ੍ਰਤੀ ਅਧਿਆਪਕ ਦਿੱਤੀ ਜਾਵੇਗੀ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਵਰਗੇ ਨੋਬਲ ਕਿੱਤੇ ਵਿੱਚ ਅਧਿਆਪਕ ਦੀ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਸਨਮਾਨ ਨਾਲ ਹੀ ਸਮਾਜ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਇਸ ਵਾਰ ਪਹਿਲੀ ਵਾਰ ‘ਲਾਈਫ ਟਾਈਮ ਅਚੀਵਮੈਂਟ’ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਕੀਤਾ ਤਾਂ ਜੋ ਜਿਨ੍ਹਾਂ ਅਧਿਆਪਕਾਂ ਨੇ ਉਮਰ ਭਰ ਅਧਿਆਪਨ ਵਿੱਚ ਬਿਹਤਰ ਸੇਵਾਵਾਂ ਨਿਭਾਈਆਂ, ਚਾਹੇ ਨੌਕਰੀ ਦੌਰਾਨ ਜਾਂ ਫੇਰ ਨੌਕਰੀ ਤੋਂ ਬਾਅਦ ਵੀ, ਉਨ੍ਹਾਂ ਲਈ ਵਿਸ਼ੇਸ਼ ਐਵਾਰਡ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਸਟੇਟ ਐਵਾਰਡ ਵਾਲੇ ਅਧਿਆਪਕਾਂ ਦੀ ਰਾਸ਼ੀ ਵੀ 10 ਹਜ਼ਾਰ ਰੁਪਏ ਤੋਂ ਵਧਾ ਕੇ 25 ਹਜ਼ਾਰ ਰੁਪਏ ਕੀਤੀ ਗਈ ਹੈ

Leave a Reply

Your email address will not be published. Required fields are marked *