ਪੰਜਾਬੀ ਯੂਨੀਵਰਸਿਟੀ ਦੀ ਖੋਜ ਰਾਹੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪੌਲੀਪੋਰੋਇਡ (ਮੁਸਾਮਦਾਰ) ਖੁੰਬਾਂ ਦੀਆਂ 62 ਕਿਸਮਾਂ ਦੀ ਹੋਈ ਨਿਸ਼ਾਨਦੇਹੀ
ਲੱਭੀਆਂ ਗਈਆਂ ਪ੍ਰਜਾਤੀਆਂ ਵਿੱਚੋਂ 12 ਪ੍ਰਜਾਤੀਆਂ ਭਾਰਤ ਲਈ ਵੀ ਹਨ ਨਵੀਂਆਂ
ਮੈਡੀਕਲ/ਇਲਾਜ ਖੇਤਰ ਲਈ ਲਾਹੇਵੰਦ ਹੋਵੇਗੀ ਖੋਜ
ਐਂਟੀਕੈਂਸਰ ਵਿਸ਼ਲੇਸ਼ਣ ਵਿੱਚ ਚਾਰ ਖੁੰਭ ਪ੍ਰਜਾਤੀਆਂ ਵਿੱਚ ਚਿਕਤਸਿਕ ਗੁਣਾਂ ਬਾਰੇ ਪੁਸ਼ਟੀ ਹੋਈ
ਪਟਿਆਲਾ, 15 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਤੋਂ ਖੋਜਾਰਥੀ ਅਵਨੀਤ ਕੌਰ ਨੇ ਆਪਣੀ ਤਾਜ਼ਾ ਖੋਜ ਰਾਹੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪੌਲੀਪੋਰੋਇਡ ਖੁੰਭ ਦੀਆਂ 62 ਕਿਸਮਾਂ ਦੀ ਨਿਸ਼ਾਨਦੇਹੀ ਕੀਤੀ ਹੈ। ਬਨਸਪਤੀ ਵਿਗਿਆਨ ਵਿਭਾਗ ਤੋਂ ਨਿਗਰਾਨ ਡਾ. ਅਵਨੀਤ ਪਾਲ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ ਇਹ ਖੋਜ ਕਾਰਜ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਬਨਸਪਤੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਤੋਂ ਪ੍ਰੋ. ਸਰੋਜ ਅਰੋੜਾ ਦੇ ਸਹਿਯੋਗ ਨਾਲ਼ ਕੀਤਾ ਗਿਆ। ਖੋਜਾਰਥੀ ਅਵਨੀਤ ਕੌਰ ਨੇ ਦੱਸਿਆ ਕਿ 2018 ਤੋਂ 2022 ਦਰਮਿਆਨ ਚਾਰ ਸਾਲਾਂ ਦੌਰਾਨ ਇਕੱਠੇ ਕੀਤੇ ਨਮੂਨਿਆਂ ਦੇ ਆਧਾਰ ‘ਤੇ ਮਸ਼ਰੂਮ ਦੀਆਂ ਇਹ 62 ਕਿਸਮਾਂ ਦੀ ਨਿਸ਼ਾਨਦੇਹੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਰਣਿਤ ਕੀਤੀਆਂ ਗਈਆਂ 62 ਪ੍ਰਜਾਤੀਆਂ ਵਿੱਚੋਂ 12 ਪ੍ਰਜਾਤੀਆਂ ਅਜਿਹੀਆਂ ਹਨ ਜੋ ਸਮੁੱਚੇ ਦੇਸ ਭਰ ਭਾਵ ਭਾਰਤ ਲਈ ਵੀ ਨਵੀਂਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਕਿਸਮਾਂ ਬਾਸੀਡਿਓਮਾਈਕੋਟਾ ਫਾਈਲਮ ਦੀਆਂ 24 ਪੀੜ੍ਹੀਆਂ, 7 ਪਰਿਵਾਰਾਂ ਅਤੇ 4 ਆਰਡਰ ਨਾਲ਼ ਸਬੰਧਤ ਹਨ। ਨਿਗਰਾਨ ਡਾ. ਅਵਨੀਤ ਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਚਾਰ ਪੌਲੀਪੋਰ ਪ੍ਰਜਾਤੀਆਂ (ਫੁਲਵੀਫੋਮਜ਼ ਮੈਕਗ੍ਰੇਗੋਰੀ, ਗੈਨੋਡਰਮਾ ਰੈਮੋਸਿਮਮ, ਲੈਂਜ਼ਾਈਟਸ ਵਾਰਨੀਰੀ ਅਤੇ ਫੇਲਿਨਸ ਫਾਸਟੁਓਸਸ) ਦਾ ਉਨ੍ਹਾਂ ਵਿਚਲੇ ਐਂਟੀਆਕਸੀਡੇਟਿਵ, ਕੈਂਸਰ ਰੋਧਕ ਅਤੇ ਫਾਈਟੋਕੈਮੀਕਲ ਸਮਰੱਥਾ ਜਿਹੇ ਵਿਸ਼ੇਸ਼ ਗੁਣਾਂ ਲਈ ਵੀ ਮੁਲਾਂਕਣ ਕੀਤਾ ਗਿਆ। ਅਜਿਹੇ ਮੈਡੀਕਲ ਗੁਣਾਂ ਲਈ ਚੁਣੀਆਂ ਗਈਆਂ ਪ੍ਰਜਾਤੀਆਂ ਤੋਂ ਪ੍ਰਾਪਤ ਕੀਤੇ ਗਏ 12 ਐਬਸਟਰੈਕਟਜ਼ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ। ਵਿਸ਼ਲੇਸ਼ਣ ਕੀਤੇ ਗਏ 12 ਐਬਸਟਰੈਕਟਜ਼ ਵਿੱਚੋਂ ਚਾਰ ਵਿੱਚ ਮਹੱਤਵਪੂਰਨ ਐਂਟੀਆਕਸੀਡੈਂਟ ਸਮਰੱਥਾ ਵੇਖਣ ਨੂੰ ਮਿਲੀ। ਉਨ੍ਹਾਂ ਦੱਸਿਆ ਕਿ ਅੱਗੇ ਇਨ੍ਹਾਂ ਵਿੱਚੋਂ ਚਾਰ ਕੈਂਸਰ ਵਿਰੋਧੀ ਅਧਿਐਨ ਲਈ ਵੀ ਲਏ ਗਏ ਸਨ। ਵੱਖ-ਵੱਖ ਵਿਧੀਆਂ ਅਤੇ ਪ੍ਰਯੋਗਾਂ ਰਾਹੀਂ ਚੱਲੇ ਲੰਬੇ ਅਧਿਐਨ ਰਾਹੀਂ ਐਂਟੀਕੈਂਸਰ ਵਿਸ਼ਲੇਸ਼ਣ ਵਿੱਚ ਇਨ੍ਹਾਂ ਖੁੰਭ ਪ੍ਰਜਾਤੀਆਂ ਵਿੱਚ ਚਿਕਤਸਿਕ ਗੁਣਾਂ ਬਾਰੇ ਪੁਸ਼ਟੀ ਹੋਈ। ਖੋਜ ਅਧੀਨ ਐੱਚ.ਪੀ. ਐੱਲ.ਸੀ. ਨਾਮਕ ਵਿਸ਼ਲੇਸ਼ਣ ਨੇ ਇੱਕ ਵਿਸ਼ੇਸ਼ ਨਮੂਨੇ ਵਿੱਚ ਗੈਲਿਕ ਐਸਿਡ ਅਤੇ ਕੈਟਚਿਨ ਨਾਮਕ ਤੱਤ ਦੀ ਪ੍ਰਮੁੱਖ ਮੌਜੂਦਗੀ ਹੋਣ ਦੀ ਪੁਸ਼ਟੀ ਕੀਤੀ। ਵਿਸ਼ਲੇਸ਼ਣ ਦੇ ਨਤੀਜਿਆਂ ਦੇ ਅਧਾਰ ਉੱਤੇ ਇਹ ਮੰਨਿਆ ਗਿਆ ਕਿ ਇਹ ਮੈਟਾਬੋਲਾਈਟ ਇਹਨਾਂ ਪੌਲੀਪੋਰੋਇਡ ਖੁੰਭਾਂ ਦੇ ਚਿਕਿਤਸਕ ਗੁਣਾਂ ਲਈ ਜ਼ਿੰਮੇਵਾਰ ਹੋ ਸਕਦੇ ਹਨ। ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਵੱਲੋਂ ਇਸ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਨਿਗਰਾਨ ਅਤੇ ਖੋਜਾਰਥੀ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ।

