ਪੰਜਾਬੀ ਯੂਨੀਵਰਸਿਟੀ ਵਿਖੇ ‘ਤਿੰਨ ਰੋਜ਼ਾ ਬਾਲ ਰੰਗਮੰਚ ਉਤਸਵ’ ਦਾ ਆਗਾਜ਼
ਪਟਿਆਲਾ, 15 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਦੇ ਸਹਿਯੋਗ ਨਾਲ਼ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਬਾਲ ਰੰਗਮੰਚ ਉਤਸਵ ਦਾ ਆਗਾਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ (ਮਾਨਸਾ) ਦੇ ਬਾਲਾਂ ਦੀ ਪੇਸ਼ਕਾਰੀ ‘ਮੈਂ ਜੱਲਿਆਂਵਾਲਾ ਬਾਗ ਬੋਲਦਾ ਹਾਂ’ ਨਾਲ਼ ਹੋਇਆ। ਡਾ. ਕੁਲਦੀਪ ਸਿੰਘ ਦੀਪ ਦੁਆਰਾ ਲਿਖਤ ਅਤੇ ਸਾਗਰ ਸੁਰਿੰਦਰ ਤੇ ਗੁਲਾਬ ਸਿੰਘ ਦੁਆਰਾ ਨਿਰਦੇਸ਼ਿਤ ਇਸ ਨਾਟਕ ਵਿਚ ਨਿੱਕੇ ਨਿੱਕੇ ਬਾਲਾਂ ਨੇ ਸ਼ਾਨਦਾਰ ਤਰੀਕੇ ਨਾਲ ਪਹਿਲੀ ਸੰਸਾਰ ਜੰਗ, ਗਦਰ ਪਾਰਟੀ ਅਤੇ 1919 ਦਾ ਜਲ੍ਹਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਊਧਮ ਸਿੰਘ ਦੀ ਭੂਮਿਕਾ ਤੱਕ ਦੇ ਇਤਿਹਾਸ ਦੀ ਪੇਸ਼ਕਾਰੀ ਕੀਤੀ। ਨਾਟਕ ਦਾ ਸਿਖਰ ਇਹ ਸੀਨ ਸੀ ਕਿ ਡਾਇਰ ਕੋਈ ਬੰਦਾ ਨਹੀਂ ਹੁੰਦਾ, ਬਲਕਿ ਹਰ ਯੁਗ ਵਿਚ ਡਾਇਰ ਅਤੇ ਔਰੰਗੇ ਪੈਦਾ ਹੁੰਦੇ ਹਨ ਅਤੇ ਸਮਾਜ ਨੂੰ ਇਹਨਾਂ ਦੀ ਪਛਾਣ ਕਰਨੀ ਚਾਹੀਦੀ ਹੈ। ਪਹਿਲੇ ਦਿਨ ਦੀ ਦੂਜੀ ਪੇਸਕਾਰੀ ਸਰਕਾਰੀ ਮਿਡਲ ਸਕੂਲ ਚੌਰਵਾਲਾ (ਫਤਹਿਗੜ੍ਹ ਸਾਹਿਬ) ਦੇ ਵਿਦਿਆਰਥੀਆਂ ਦੁਆਰਾ ਨਾਟਕ ‘ਸਾਹ ਨਾ ਮਿਲਣ ਉਧਾਰੇ’ ਨਾਲ਼ ਕੀਤੀ ਗਈ। ਅੰਮ੍ਰਿਤਪਾਲ ਮੰਘਾਣੀਆ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ
ਇਹ ਨਾਟਕ ‘ਵਾਤਾਵਰਨ ਸੰਕਟ’ ਦੇ ਬਹੁਤ ਵੱਡੇ ਮਸਲਿਆਂ ਨੂੰ ਮੁਖਾਤਬ ਸੀ। ਛੇਵੀਂ ਸੱਤਵੀਂ ਦੇ ਵਿਦਿਆਰਥੀਆਂ ਨੇ ਜਿਸ ਸ਼ਿੱਦਤ ਨਾਲ ਜੰਗਲ ਦੇ ਦ੍ਰਿਸ਼ ਵਿਚ ਸਾਧੂ ਅਤੇ ਉਤੇ ਉਸ ਦੇ ਚੇਲਿਆਂ ਰਾਹੀਂ ਕਾਰਪੋਰੇਟੀ ਵਿਕਾਸ ਮਾਡਲ ਦੀਆਂ ਧੱਜੀਆਂ ਉਡਾਈਆਂ, ਉਹ ਬਾਕਮਾਲ ਸੀ। ਨਿਰਣਾਕਾਰ ਗੁਰਨੈਬ ਮੰਘਾਣੀਆਂ ਦੇ ਨਿਰਣੇ ਅਨੁਸਾਰ ਦੋਵੇਂ ਨਾਟਕਾਂ ਵਿੱਚੋਂ ਬੈਸਟ ਐਕਟਰ ਅਤੇ ਐਕਟਰੈਸ ਦਾ ਸਨਮਾਨ ਦਿੱਤਾ ਗਿਆ। ਉਤਸਵ ਦਾ ਆਗਾਜ਼ ਡਾ. ਸਤੀਸ਼ ਕੁਮਾਰ ਦੇ ਇਹਨਾਂ ਬੋਲਾਂ ਨਾਲ ਹੋਇਆ ਕਿ ਚਾਰ ਦਹਾਕੇ ਬਾਅਦ ਬਾਲ ਰੰਗਮੰਚ ਦੇ ਇਸ ਕਾਫ਼ਲੇ ਦਾ ਇੰਝ ਤੁਰਨਾ ਸਾਡੇ ਸਾਰਿਆਂ ਲਈ ਵੱਡੀ ਪ੍ਰਾਪਤੀ ਹੈ। ਡਾ. ਰਾਜਵੰਤ ਕੌਰ ਪੰਜਾਬੀ ਨੇ ਪੰਜਾਬੀ ਵਿਭਾਗ ਦੀ ਨੁਮਾਇੰਦਗੀ ਕਰਦਿਆਂ ਇਸ ਵੱਡੇ ਉਪਰਾਲੇ ਲਈ ਸਾਰੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅਜਿਹੇ ਉਪਰਾਲੇ ਵਿਦਿਅਰਥੀਆਂ ਅੰਦਰ ਕਲਾਤਮਕ ਚੇਤਨਾ ਦੇ ਵਾਹਕ ਬੰਦੇ ਹਨ। ਇਸ ਮੌਕੇ ਡਾ. ਗੁਰਸੇਵਕ ਲੰਬੀ ਨੇ ਕਿਹਾ ਕਿ ਅਸੀਂ ਵੱਡਿਆਂ ਲਈ ਬਹੁਤ ਕੁਝ ਕਰਦੇ ਹਾਂ, ਪਰ ਇਸ ਉਤਸਵ ਦੇ ਰੂਪ ਵਿਚ ਅਸੀਂ ਨਿੱਕਿਆਂ ਨੂੰ ਸੰਬੋਧਤ ਹੋ ਰਹੇ ਹਾਂ। ਬਾਲਾਂ ਨੂੰ ਕਲਾ ਨਾਲ ਜੋੜਨਾ ਭਵਿੱਖ ਨੂੰ ਸੁਰਿਖਅਤ ਕਰਨਾ ਹੈ। ਉਤਸਵ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਇਸ ਮੁਹਿੰਮ ਨੂੰ ਅਗਲੇ ਸਮਿਆਂ ਵਿਚ ਪੰਜਾਬ ਦੇ 23 ਜ਼ਿਲ੍ਹਿਆਂ ਤੀਕ ਲੈ ਕੇ ਜਾਵਾਂਗੇ। ਸਮਾਗਮ ਦੌਰਾਨ ਬਾਲਾਂ ਨੂੰ ਦਹਾਕਿਆਂ ਤੋਂ ਸੰਗੀਤ ਦੀ ਟਰੇਨਿੰਗ ਦੇਣ ਵਾਲੇ ਫੀਲਖਾਨਾ ਸਕੂਲ ਦੇ ਸੰਗੀਤ ਅਧਿਆਪਕ ਪਰਗਟ ਸਿੰਘ ਦਹੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਹੋਰ ਪੇਸ਼ਕਾਰੀਆਂ ਵਿੱਚ ਸਿਮਰਨਜੀਤ ਕੌਰ ਦੀ ਕਵਿਤਾ ਅਤੇ ਫੀਲਖਾਨਾ ਸਕੂਲ ਦੀ ਵਾਰ ਨੇ ਖੂਬ ਰੰਗ ਬੰਨ੍ਹਿਆ। ਮੰਚ ਸੰਚਾਲਨ ਗੁਰਦੀਪ ਗਾਮੀਵਾਲਾ ਨੇ ਕੀਤਾ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਕੈਨੇਡਾ ਵਸਨੀਕ ਪੰਜਾਬੀ ਨਾਟਕਕਾਰ ਪਰਮਿੰਦਰ ਸਵੈਚ, ਪ੍ਰੋ. ਕੁਲਦੀਪ ਸਿੰਘ, ਜਸਪ੍ਰੀਤ ਜਗਰਾਓਂ, ਅਮਰਜੀਤ ਕਸਕ, ਸੁਖਜੀਵਨ, ਜਗਪਾਲ ਚਹਿਲ, ਪ੍ਰਿਤਪਾਲ ਚਹਿਲ, ਭੁਪਿੰਦਰ ਉਡਤ, ਸੁਖਦੀਪ ਕੌਰ, ਜਗਜੀਤ ਵਾਲੀਆ, ਸੰਦੀਪ ਵਾਲੀਆ, ਚਰਨਜੀਤ ਕੌਰ, ਹਰਮਨ ਚੌਹਾਨ, ਰੂਹੀ ਸਿੰਘ ਰਣਜੀਤ ਸਿੰਘ ਬੀਰੋ ਕੇ, ਅਤੇ ਡਾ. ਇਕਬਾਲ ਸੋਮੀਆ ਹਾਜ਼ਿਰ ਸਨ।

