ਛੀਨਾ ਨੇ ਮਜੀਠੀਆ ਦੀ ਸੁਰੱਖਿਆ ਹਟਾਏ ’ਤੇ ਭਗਵੰਤ ਮਾਨ ਸਰਕਾਰ ਦੀ ਕੀਤੀ ਨਿਖੇਧੀ
ਕਿਹਾ : ਪੰਜਾਬ ਵਿਚਲੀ ਆਪ ਸਰਕਾਰ ਕੌਝੀਆਂ ਹਰਕਤਾਂ ’ਤੇ ਉਤਰੀ
ਅੰਮ੍ਰਿਤਸਰ, 2 ਅਪ੍ਰੈਲ (ਮਧੂਸਾਰ ਬਿਊਰੋ) ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਪੰਜਾਬ ਦੇ ਮੁੱਖ ਮੰਤਰ ਸ: ਭਗਵੰਤ ਸਿੰਘ ਮਾਨ ਵੱਲੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਜੈਡ ਪਲੱਸ ਸੁਰੱਖਿਆ ਨੂੰ ਵਾਪਸ ਲਏ ਜਾਣ ’ਤੇ ਨਿਖੇਧੀ ਕਰਦਿਆਂ ਕਿਹਾ ਕਿ ਆਪ ਸਰਕਾਰ ਕੌਝੀਆਂ ਹਰਕਤਾਂ ’ਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਸੁਰੱਖਿਆ ਹਟਾਏ ਜਾਣ ਨੇ ਭਗਵੰਤ ਮਾਨ ਦੀ ਹਲਕੇ ਪੱਧਰ ਦੀ ਸਿਆਸੀ ਸੋਚ ਨੂੰ ਉਜਾਗਰ ਕੀਤਾ ਹੈ। ਸ: ਛੀਨਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਅਜਿਹਾ ਹੀ ਮੰਦਭਾਗਾ ਇਕ ਫੈਸਲਾ ਅੱਜ ਤੋਂ ਕਰੀਬ 2 ਸਾਲ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਹਟਾਏ ਜਾਣ ਲਿਆ ਗਿਆ ਸੀ।ਜਿਸ ਦੇ ਅਗਲੇ 2 ਦਿਨਾਂ ਦੇ ਅੰਦਰ ਹੀ ਗੈਂਗਸਟਰਾਂ ਵੱਲੋਂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ
ਸੀ।ਹੁਣ ਮਾਨ ਸਰਕਾਰ ਫਿਰ ਉਹ ਐਨਕਾਊਂਟ ਦੁਹਰਾਉਣਾ ਚਾਹੁੰਦੀ ਹੈ।ਇਸ ਮੌਕੇ ਸ: ਛੀਨਾ ਨੇ ਕੇਂਦਰ ਸਰਕਾਰ ਨੂੰ ਰਾਜਨੀਤਿਕ ਤੇ ਹੋਰ ਪ੍ਰਸਿੱਧ ਸਖਸ਼ੀਅਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਖਲ ਦੇਣ ਦੀ ਵੀ ਸਿਫਾਰਸ਼ ਕੀਤੀ। ਸ: ਛੀਨਾ ਨੇ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਖਤਰਨਾਕ ਰਾਜਨੀਤਿਕ ਸਾਜਿਸ਼ਾਂ ਵਰਤਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਪੰਜਾਬ ’ਚ ਆਪਣੀ ਕੁਰਸੀ ਨੂੰ ਡਾਵਾਂਡੋਲ ਹੁੰਦਿਆਂ ਮਹਿਸੂਸ ਕਰ ਰਹੇ ਹਨ, ਜਿਸ ਲਈ ਉਹ ਅਜਿਹੀਆਂ ਨਿੰਦਨਯੋਗ ਕਾਰਵਾਈਆਂ ’ਤੇ ਉਤਰ ਆਏ ਹਨ।ਉਨ੍ਹਾਂ ਕਿਹਾ ਕਿ ਪਹਿਲਾ ਹੀ ਪੰਜਾਬ ’ਚ ਕਾਨੂੰਨੀ ਵਿਵਸਥਾ ਡਗਮਗਾ ਚੁੱਕੀ ਹੈ।ਅਪਰਾਧ ਆਪਣੀ ਚਰਮਸੀਮਾ ’ਤੇ ਹਨ ਅਤੇ ਇਸ ਸਮੇਂ ਨਾਮਵਰ ਸਖਸ਼ੀਅਤਾਂ ਦੀ ਸੁਰੱਖਿਆ ਨੂੰ ਹਟਾਏ ਜਾਣਾ ਬਹੁਤ ਮੰਦਭਾਗੀ ਕਾਰਵਾਈ ਹੈ।ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਤੁਰੰਤ ਇਸ ਫੈਸਲੇ ਨੂੰ ਵਾਪਸ ਲੈਣ ਦੀ ਗੁਜਾਰਿਸ਼ ਕੀਤੀ।

