ਖ਼ਾਲਸਾ ਕਾਲਜ ਪਟਿਆਲਾ ਵੱਲੋਂ ਰਾਜ ਪੱਧਰੀ ਯੁਵਕ ਵਰਕਸ਼ਾਪ ਦੀ ਕੀਤੀ ਗਈ ਸਫ਼ਲ ਮੇਜ਼ਬਾਨੀ
ਪਟਿਆਲਾ, 4 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) – ਖ਼ਾਲਸਾ ਕਾਲਜ ਪਟਿਆਲਾ ਨੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਰਾਜ ਪੱਧਰੀ ਯੁਵਕ ਵਰਕਸ਼ਾਪ ਦੀ ਸਫਲਤਾ ਪੂਰਵਕ ਮੇਜਬਾਨੀ ਕੀਤੀ ਗਈ। ਇਹ ਵਰਕਸ਼ਾਪ ਸ. ਕੁਲਵਿੰਦਰ ਸਿੰਘ, ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਦੀ ਸਰਪਰਸਤੀ ਹੇਠ ਕਰਵਾਈ ਗਈ, ਜਿਸ ਵਿੱਚ ਪੰਜਾਬੀ ਸੱਭਿਆਚਾਰ, ਲੋਕ ਗੀਤਾਂ ਅਤੇ ਲੋਕਧਾਰਾ ਦੇ ਵਿਸ਼ਿਆਂ ’ਤੇ ਡੂੰਘੀ ਚਰਚਾ ਹੋਈ। ਇਸ ਮੌਕੇ ਵਿਦਵਾਨਾਂ, ਵੱਖ-ਵੱਖ ਕਾਲਜਾਂ ਦੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਇਆ। ਇਸ ਵਰਕਸ਼ਾਪ ਦੇ ਮੁੱਖ ਰਿਸੋਰਸ ਪਰਸਨ ਵਜੋਂ ਡਾ. ਮੇਜਰ ਸਿੰਘ ਚੱਠਾ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਲੋਕ ਗੀਤਾਂ ਅਤੇ ਲੋਕਧਾਰਾ ਦੇ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ, ‘ਲੋਕ ਗੀਤ ਅਤੇ ਲੋਕਧਾਰਾ ਸਾਡੇ ਸਮਾਜ ਦੀ ਰੂਹ ਹਨ, ਜੋ ਸਾਡੇ ਇਤਿਹਾਸ ਅਤੇ ਸੱਭਿਆਚਾਰ ਨੂੰ ਜ਼ਿੰਦਾ ਰੱਖਦੇ ਹਨ। ਇਸ ਨੂੰ ਸੰਭਾਲਣਾ ਅਤੇ ਨੌਜਵਾਨਾਂ ਤੱਕ ਪਹੁੰਚਾਉਣਾ ਸਾਡਾ ਸਾਂਝਾ ਫ਼ਰਜ਼ ਹੈ।’ ਇਸ ਤੋਂ ਇਲਾਵਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ. ਸਤੀਸ਼ ਕੁਮਾਰ ਵਰਮਾ ਅਤੇ ਡਾ. ਹਰਿੰਦਰ ਹੁੰਦਲ ਨੇ ਵੀ ਰਿਸੋਰਸ ਪਰਸਨ ਵਜੋਂ ਹਿੱਸਾ ਲਿਆ।
ਡਾ. ਸਤੀਸ਼ ਕੁਮਾਰ ਵਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, ‘ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦਾ ਅਸਲੀ ਸਰੋਤ ਇਸ ਦੀ ਲੋਕ ਵਿਰਾਸਤ ਹੈ। ਯੁਵਕਾਂ ਨੂੰ ਇਸ ਨਾਲ ਜੋੜਨ ਨਾਲ ਨਾ ਸਿਰਫ਼ ਉਨ੍ਹਾਂ ਦੀ ਸਮਝ ਵਧਦੀ ਹੈ, ਸਗੋਂ ਉਹ ਆਪਣੀ ਪਛਾਣ ਨੂੰ ਵੀ ਮਜ਼ਬੂਤ ਕਰ ਸਕਦੇ ਹਨ।’ ਉਨ੍ਹਾਂ ਨੇ ਯੁਵਕਾਂ ਨੂੰ ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਲਈ ਪ੍ਰੇਰਿਤ ਕੀਤਾ। ਡਾ. ਹਰਿੰਦਰ ਹੁੰਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ, ‘ਅੱਜ ਦੇ ਆਧੁਨਿਕ ਦੌਰ ਵਿੱਚ ਵੀ ਪੰਜਾਬੀ ਲੋਕਧਾਰਾ ਦੀ ਪ੍ਰਸੰਗਿਕਤਾ ਬਰਕਰਾਰ ਹੈ। ਇਹ ਸਾਨੂੰ ਸਮਾਜਿਕ ਏਕਤਾ ਅਤੇ ਸਾਂਝੇ ਮੁੱਲਾਂ ਦੀ ਸਿੱਖਿਆ ਦਿੰਦੀ ਹੈ, ਜੋ ਨੌਜਵਾਨ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ।’ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਵਿਰਾਸਤ ਨੂੰ ਅੱਗੇ ਲਿਜਾਣ ਦੀ ਅਪੀਲ ਕੀਤੀ। ਖ਼ਾਲਸਾ ਕਾਲਜ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸਮਾਗਮ ਦੀ ਸ਼ੁਰੂਆਤ ਵਿੱਚ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ, ‘ਇਹ ਵਰਕਸ਼ਾਪ ਯੁਵਕਾਂ ਨੂੰ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਜਾਗਰੂਕਤਾ ਦੇਣ ਦਾ ਇੱਕ ਸ਼ਾਨਦਾਰ ਮਾਧਿਅਮ ਹੈ।’ ਸਮਾਗਮ ਦੇ ਅੰਤ ਵਿੱਚ ਉਨ੍ਹਾਂ ਨੇ ਸਾਰੇ ਭਾਗੀਦਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ। ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਡਾ. ਹਰਵਿੰਦਰ ਕੌਰ, ਵਾਇਸ ਪਿ੍ਰੰਸੀਪਲ ਅਤੇ ਡੀਨ ਸੱਭਿਆਚਾਰਕ ਮਾਮਲੇ, ਖ਼ਾਲਸਾ ਕਾਲਜ ਪਟਿਆਲਾ ਵੱਲੋਂ ਬਾਖ਼ੂਬੀ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਮਨਸਿਮਰਨ ਕੌਰ ਨੇ ਨਿਭਾਈ, ਜਿਨ੍ਹਾਂ ਨੇ ਆਪਣੀ ਸੁਚੱਜੀ ਸ਼ੈਲੀ ਨਾਲ ਪ੍ਰੋਗਰਾਮ ਨੂੰ ਜੀਵੰਤ ਰੱਖਿਆ। ਸ. ਕੁਲਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਅਜਿਹੇ ਉਪਰਾਲਿਆਂ ਰਾਹੀਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਖ਼ਾਲਸਾ ਕਾਲਜ ਦੀ ਟੀਮ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਖ਼ਾਲਸਾ ਕਾਲਜ ਪਟਿਆਲਾ ਦੀ ਸੱਭਿਆਚਾਰਕ ਗਤੀਵਿਧੀਆਂ ਨਾਲ ਜੁੜੇ ਪ੍ਰੋਫੈਸਰਾਂ ਦੀ ਸਮੁੱਚੀ ਟੀਮ ਵੀ ਹਾਜ਼ਰ ਸੀ।

