ਘੱਗਰ ਦਰਿਆ ‘ਤੇ ਚੈਕ ਡੈਮ ਬਣਾ ਕੇ ਸਿੰਚਾਈ ਲਈ ਪਾਣੀ ਦਾ ਕੀਤਾ ਜਾਵੇਗਾ ਪ੍ਰਯੋਗ : ਪ੍ਰੋ. ਚੰਦੂਮਾਜਰਾ
ਹਲਕਾ ਸਨੌਰ ਨੂੰ ਪੰਜਾਬ ਦਾ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ : ਹਰਵਿੰਦਰ ਹਰਪਾਲਪੁਰ
ਪਟਿਆਲਾ, 13 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਘੱਗਰ ਦਰਿਆ ‘ਤੇ ਚੈਕ ਡੈਮ ਬਣਾ ਕੇ ਉਸ ਦੇ ਪਾਣੀ ਨੂੰ ਸਿੰਚਾਈ ਲਈ ਪ੍ਰਯੋਗ ਕੀਤਾ ਜਾਵੇਗਾ।
ਇਸ ਲਈ ਕੇਂਦਰ ਸਰਕਾਰ ਵਲੋਂ ਫੰਡਾਂ ਦੀ ਮਨਜ਼ੂਰੀ ਲੈ ਲਈ ਗਈ ਹੈ।
ਇਸ ਨਾਲ ਜਿਥੇ ਘੱਗਰ ਦੀ ਮਾਰ ਹੇਠ ਆਉਣ ਵਾਲੇ ਇਲਾਕੇ ਹੜ੍ਹਾਂ ਦੇ ਪਾਣੀ ਤੋਂ ਬਚ ਜਾਣਗੇ, ਉਥੇ ਇਸ ਇਲਾਕੇ ਦੇ ਕਿਸਾਨਾਂ ਨੂੰ ਸਿੰਚਾਈ ਲਈ ਵਧੀਆ ਪਾਣੀ ਵੀ ਉਪਲਬਧ ਹੋ ਸਕੇਗਾ। ਪ੍ਰੋ. ਚੰਦੂਮਾਜਰਾ ਹਲਕਾ ਸਨੌਰ ਦੇ ਬਹਾਦਰਗੜ੍ਹ ਜ਼ੋਨ ਦੇ ਪਿੰਡ ਆਲਮਪੁਰ ਵਿਖੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਘੱਗਰ ਦਰਿਆ ਦਾ ਮੁੱਦਾ ਉਨ੍ਹਾਂ ਨੇ ਹੀ ਪਾਰਲੀਮੈਂਟ ਵਿਚ ਉਠਾਇਆ ਸੀ। ਉਦੋਂ ਘੱਗਰ ਨੂੰ ਚੈਨਲਾਈਜ਼ ਕਰਨ ਲਈ ਫੰਡ ਮੁਹੱਈਆ ਕਰਵਾਏ ਗਏ ਸਨ ਅਤੇ ਕਾਫੀ ਹੱਦ ਤੱਕ ਘੱਗਰ ਨੂੰ ਚੈਨਲਾਈਜ਼ ਕਰਕੇ ਹੜ੍ਹਾਂ ਦੇ ਖਤਰੇ ਨੂੰ ਘਟਾਇਆ ਗਿਆ ਅਤੇ ਹੁਣ ਜੇਕਰ ਚੈਕ ਡੈਮ ਬਣ ਜਾਣਗੇ ਤਾਂ ਹੜ੍ਹਾਂ ਦਾ ਖਤਰਾ ਨਾ ਦੇ ਬਰਾਬਰ ਰਹਿ ਜਾਵੇਗਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਸਹੀ ਅਰਥਾਂ ਵਿਚ ਕਿਸਾਨ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਹਿਤੈਸ਼ੀ ਸਰਕਾਰ ਹੈ। ਜਿਥੇ ਪਹਿਲਾਂ ਨੀਲੇ ਕਾਰਡਾਂ ਰਾਹੀਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਤੇ ਹੋਰ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ, ਹੁਣ ਕੀਰਤੀ ਕਾਰਡ ਬਣਾਏ ਜਾ ਰਹੇ ਹਨ, ਜਿਸ ਨਾਲ ਲਾਭਪਾਤਰੀ ਪਰਿਵਾਰ ਆਪਣੀ ਧੀ ਦੇ ਵਿਆਹ ਲਈ 31 ਹਜ਼ਾਰ ਰੁਪਏ ਦਾ ਸ਼ਗਨ ਲੈ ਸਕਣਗੇ। ਇੰਨਾ ਹੀ ਨਹੀਂ ਹੁਣ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਵਜੀਫੇ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਪਿੰਡ ਆਲਮਪੁਰ ਵਿਖੇ ਪਿੰਡ ਨਿਵਾਸੀਆਂ ਵਲੋਂ ਬਾਬਾ ਅਰਜਨ ਸਿੰਘ ਜੀ ਵਲੋਂ ਪਿੰਡ ਦੀ ਫਿਰਨੀ ਦੇ ਉਠਾਏ ਗਏ ਮਸਲੇ ਦਾ ਵੀ ਮੌਕੇ ‘ਤੇ ਉਸ ਨੂੰ ਪੱਕਾ ਕਰਨ ਦਾ ਐਲਾਨ ਕੀਤਾ। ਇਥੇ ਪ੍ਰੋ. ਚੰਦੂਮਾਜਰਾ ਨੇ ਨਾ ਕੇਵਲ ਇਕ ਵੱਡੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਸਗੋਂ ਇਕੱਲੇ-ਇਕੱਲੇ ਪਰਿਵਾਰ ਦੀਆਂ ਲੋਕਾਂ ਦੇ ਰੂਬਰੂ ਹੋ ਕੇ ਮੁਸ਼ਕਲਾਂ ਵੀ ਸੁਣੀਆਂ। ਇਸ ਤੋਂ ਪਹਿਲਾਂ ਬਾਬਾ ਅਰਜਨ ਸਿੰਘ ਨੇ ਗੁਰੂ ਘਰ ਵਿਚ ਮੀਟਿੰਗ ਵਿਚ ਹਾਜ਼ਰ ਸਮੁੱਚੇ ਲੋਕਾਂ ਤੋਂ ਹੱਥ ਖੜ੍ਹੇ ਕਰਵਾ ਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਚੱਲਣ ਦਾ ਐਲਾਨ ਕਰਵਾਇਆ। ਬਾਬਾ ਅਰਜਨ ਸਿੰਘ ਨੇ ਜਿਥੇ ਲੋਕਾਂ ਵਲੋਂ ਪ੍ਰੋ. ਚੰਦੂਮਾਜਰਾ ਨੂੰ ਭਰੋਸਾ ਦਵਾਇਆ, ਉਥੇ ਉਨ੍ਹਾਂ ਤੋਂ ਕੁੱਝ ਮੰਗਾਂ ਵੀ ਮੌਕੇ ‘ਤੇ ਹੀ ਮਨਵਾਈਆਂ। ਇਸ ਤੋਂ ਪਹਿਲਾਂ ਇਸ ਜ਼ੋਨ ਦੇ ਇੰਚਾਰਜ ਤੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੇ ਵੀ ਜੋਸ਼ੀਲੇ ਭਾਸ਼ਣ ਰਾਹੀਂ ਹਰ ਸੁੱਖ ਦੁੱਖ ਵਿਚ ਖੜ੍ਹਣ ਦਾ ਐਲਾਨ ਕੀਤਾ ਅਤੇ ਨਾਲ ਹੀ ਪ੍ਰੋ. ਚੰਦੂਮਾਜਰਾ ਨੂੰ ਭਰੋਸਾ ਦਵਾਇਆ ਕਿ ਇਸ ਇਲਾਕੇ ਦੇ ਲੋਕ ਸਦਾ ਹੀ ਅਕਾਲੀ ਦਲ ਨਾਲ ਚੱਲੇ ਹਨ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਵੀ ਸਭ ਤੋਂ ਵੱਧ ਲੀਡ ਇਸ ਇਲਾਕੇ ਤੋਂ ਦਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਨੂੰ ਪੰਜਾਬ ਦਾ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਪ੍ਰੋ. ਚੰਦੂਮਾਜਰਾ ਨੂੰ ਸਨਮਾਨਿਤ ਵੀ ਕੀਤਾ। ਇਸ ਮੀਟਿੰਗ ਦੀ ਖਾਸ ਗੱਲ ਇਹ ਰਹੀ ਕਿ ਦੇਖਦੇ ਹੀ ਦੇਖਦੇ ਇਹ ਮੀਟਿੰਗ ਇਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ ਅਤੇ ਨੁੱਕੜ ਮੀਟਿੰਗ ਵਿਚ ਸੈਂਕੜੇ ਲੋਕਾਂ ਨੇ ਪਹੁੰਚ ਕੇ ਆਪਣੇ ਹਰਮਨ ਪਿਆਰੇ ਆਗੂ ਪ੍ਰੋ. ਚੰਦੂਮਾਜਰਾ ਦੇ ਵਿਚਾਰ ਸੁਣੇ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਜਥੇ. ਜਗਜੀਤ ਸਿੰਘ ਕੌਲੀ, ਤਰਸੇਮ ਸਿੰਘ ਸਰਕਲ ਪ੍ਰਧਾਨ ਬਹਾਦਰਗੜ੍ਹ, ਦਲਜੀਤ ਸਿੰਘ ਕੌਲੀ, ਜਸਵੰਤ ਸਿੰਘ ਸਰਪੰਚ ਆਲਮਪੁਰ, ਗੁਰਨਾਮ ਸਿੰਘ, ਹਰਦੀਪ ਸਿੰਘ ਨੰਬਰਦਾਰ, ਅਮਰੀਕ ਸਿੰਘ ਸਰਪੰਚ ਸ਼ੰਕਰਪੁਰ, ਗੁਰਮੁਖ ਸਿੰਘ ਮਰਦਾਂਪੁਰ, ਜਤਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਮੁਹੱਬਤਪੁਰ ਆਦਿ ਹਾਜ਼ਰ ਸਨ।

