ਨੌਵੇਂ ਪਾਤਸ਼ਾਹ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਪੰਜ ਰੋਜਾ ਕਾਰਜਸ਼ਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ਼ੁਰੂ
ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਪੰਜ ਰੋਜ਼ਾ ਕਾਰਜਸ਼ਾਲਾ ਦੇ ਉਦਘਾਟਨੀ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਨੇ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਧਰਮ ਦੀ ਰਾਖੀ ਅਤੇ ਸਰਬ ਸਾਂਝੀਵਾਲਤਾ ਲਈ ਹੈ। ਯੂਨੀਵਰਸਿਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਹਨਾਂ ਆਖਿਆ ਕਿ ਅਜੋਕੇ ਹਾਲਾਤ ਅਨੁਸਾਰ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਢੁਕਵੀਂ ਪੇਸ਼ਕਾਰੀ ਬੇਹਦ ਮਹੱਤਵਪੂਰਨ ਵਿਸ਼ਾ ਹੈ ਜਿਸ ਲਈ ਅਜਿਹੇ ਚਿੰਤਨ ਦੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ।
ਇਸ ਮੌਕੇ ਵਾਈਸ-ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਯਾਤਰਾ ਅਤੇ ਸ਼ਹਾਦਤ ਦੀ ਵਿਆਖਿਆ, ਇਤਿਹਾਸਕਾਰੀ, ਦਰਸ਼ਨ, ਅਨੁਵਾਦ ਅਤੇ ਅਕਾਦਮਿਕ ਤੇ ਸੋਸ਼ਲ ਪਲੇਟਫਾਰਮਾਂ ਤੇ ਹੋ ਰਹੀ ਪੇਸ਼ਕਾਰੀ ਦੇ ਅਧਿਐਨ, ਮੁਲਾਂਕਣ ਅਤੇ ਸੋਧ ਇਸ ਕਾਰਸ਼ਾਲਾ ਦੇ ਮੁੱਖ ਵਿਸ਼ੇ ਹੋਣਗੇ। ਉਹਨਾਂ ਆਖਿਆ ਕਿ ਇਸ ਕਾਰਜਸ਼ਾਲਾ ਦਾ ਉਦੇਸ਼ ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਅਤੇ ਖੋਜੀਆਂ ਵਿੱਚ ਇਹਨਾਂ ਮਹੱਤਵਪੂਰਨ ਵਿਸ਼ਿਆਂ ਸਬੰਧੀ ਸੰਵਾਦ ਅਤੇ ਅਭਿਆਸ ਪੈਦਾ ਕਰਨਾ ਹੈ।
ਉਦਘਾਟਨੀ ਭਾਸ਼ਣ ਦੌਰਾਨ ਪ੍ਰੋਫੈਸਰ ਬਲਵੰਤ ਸਿੰਘ ਢਿੱਲੋ ਸਾਬਕਾ ਡਾਇਰੈਕਟਰ, ਸ੍ਰੀ ਗੁਰੂ ਗ੍ਰੰਥ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਅੰਮ੍ਰਿਤਸਰ ਨੇ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਬਾਣੀ ਅਤੇ ਸ਼ਹਾਦਤ ਅੱਜ ਦੇ ਸੰਸਾਰ ਲਈ ਬੇਹਦ ਮਹੱਤਵਪੂਰਨ ਸੇਧ ਪ੍ਰਦਾਨ ਕਰਦਾ ਹੈ। ਉਹਨਾਂ ਜੋਰ ਦਿੰਦਿਆਂ ਆਖਿਆ ਕਿ ਬਦਲ ਰਹੇ ਸੰਸਾਰ ਦੀਆਂ ਚੁਣੌਤੀਆਂ ਦੇ ਸਨਮੁੱਖ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਪੁਨਰ ਵਿਆਖਿਆ ਸਮੇਂ ਦੀ ਵੱਡੀ ਲੋੜ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਮਹਿਮਾਨ ਵਿਦਵਾਨ ਅਤੇ ਵੱਖ ਵੱਖ ਯੂਨੀਵਰਸਿਟੀਆਂ ਕਾਲਜਾਂ ਤੋਂ ਪਹੁੰਚੇ ਡੈਲੀਗੇਟਸ ਦਾ ਸਵਾਗਤ ਕਰਦਿਆਂ ਆਖਿਆ ਕਿ ਗੁਰਮਤਿ ਸਿਧਾਂਤ ਅਤੇ ਗੁਰ ਇਤਿਹਾਸ ਵਿਸ਼ੇ ਉੱਪਰ ਡੂੰਘੇ ਚਿੰਤਨ ਲਈ ਅਜਿਹੀਆਂ ਕਾਰਜਸ਼ਾਲਾਵਾਂ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਉਹਨਾਂ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਦਿੱਤੇ ਗਏ ਸਰਬ ਸਾਂਝੀਵਾਲਤਾ ਦੇ ਸੁਨੇਹੇ ਨੂੰ ਸੰਸਾਰ ਤੱਕ ਪਹੁੰਚਾਉਣ ਲਈ ਵਿਆਖਿਆਕਾਰੀ ਇਤਿਹਾਸਕਾਰੀ ਅਤੇ ਅਕਾਦਮਿਕ ਤੇ ਸੋਸ਼ਲ ਮੀਡੀਆ ਮਾਧਿਅਮਾਂ ਦੀ ਸਹੀ ਸਮਝ ਹੋਣੀ ਬੇਹੱਦ ਜਰੂਰੀ ਹੈ। ਉਨ੍ਹਾਂ ਪ੍ਰਗਟਾਈ ਕਿ ਲਗਭਗ ਦੋ ਦਰਜਨ ਅਕਾਦਮਿਕ ਸੰਸਥਾਵਾਂ ਤੋਂ ਸ਼ਾਮਿਲ ਹੋਏ ਡੈਲੀਗੇਟ ਅਗਲੇ ਪੰਜ ਦਿਨਾਂ ਵਿੱਚ ਪਹੁੰਚ ਰਹੀਆਂ ਸਿਰਮੌਰ ਪੰਥਕ ਅਤੇ ਵਿਦਵਾਨ ਸ਼ਖਸੀਅਤਾਂ ਪਾਸੋਂ ਮੁਲਵਾਣ ਸੇਧ ਪ੍ਰਾਪਤ ਕਰਨਗੇ। ਇਸ ਕਾਰਜਸ਼ਾਲਾ ਦੇ ਕਨਵੀਨਰ ਡਾ ਹਰਦੇਵ ਸਿੰਘ ਡੀਨ ਫਕਲਟੀ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਨੇ ਦੱਸਿਆ ਕਿ ਇਹਨਾਂ ਪੰਜ ਦਿਨਾਂ ਦੌਰਾਨ ਸੰਵਾਦ ਅਤੇ ਅਭਿਆਸ ਨੂੰ ਪਹਿਲ ਦਿੰਦਿਆਂ ਡੈਲੀਗੇਟਸ ਨੂੰ ਵਿਆਖਿਆ, ਇਤਿਹਾਸਕਾਰੀ ਅਤੇ ਪੇਸ਼ਕਾਰੀ ਦੇ ਪਰਦੇ ਪਿੱਛੇ ਕਾਰਜਸ਼ੀਲ ਅਹਿਮ ਤਥਾ ਅਤੇ ਜੁਗਤਾਂ ਬਾਰੇ ਠੋਸ ਜਾਣਕਾਰੀ ਦਿੱਤੀ ਜਾਵੇਗੀ। ਅੱਜ ਦੇ ਵੱਖ ਵੱਖ ਤਕਨੀਕੀ ਸੈਸ਼ਨਾਂ ਦੌਰਾਨ ਸਿੱਖਿਆ ਸ਼ਾਸਤਰੀ ਪ੍ਰੋਫੈਸਰ ਕੁਲਦੀਪ ਪੁਰੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸਿੱਖਿਆ ਜਗਤ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹਵਾਲੇ ਨਾਲ ਸਾਂਝੀਵਾਲਤਾ ਅਤੇ ਵਿਸ਼ਵਾਸ ਦੀ ਆਜ਼ਾਦੀ ਬਾਰੇ ਚੱਲ ਰਹੇ ਸੰਵਾਦ ਉਪਰ ਚਰਚਾ ਕੀਤੀ। ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹਵਾਲੇ ਨਾਲ ਸਮਕਾਲੀ ਵਿਸ਼ਵ ਵਿੱਚ ਸਿੱਖ ਸਰੋਕਾਰਾਂ ਸਬੰਧੀ ਚਰਚਾ ਕੀਤੀ ਅਤੇ ਚਿੱਤਰਕਾਰ ਹਰਪ੍ਰੀਤ ਸਿੰਘ ਨਾਜ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਸ਼ਸਤਰ, ਬਸਤਰ, ਹੁਕਮਨਾਮੇ ਅਤੇ ਨਿਸ਼ਾਨੀਆਂ ਸਬੰਧੀ ਵਿਚਾਰ ਚਰਚਾ ਕੀਤੀ। ਮਹਿਮਾਨਾਂ, ਵਿਦਵਾਨਾਂ ਅਤੇ ਡੈਲੀਗੇਟਸ ਦਾ ਧੰਨਵਾਦ ਕਰਦਿਆਂ ਵਰਕਸ਼ਾਪ ਕੋਆਰਡੀਨੇਟਰ ਰਮਨਦੀਪ ਕੌਰ, ਇੰਚਾਰਜ, ਰਾਜਨੀਤੀ-ਸ਼ਾਸਤਰ ਵਿਭਾਗ ਨੇ ਪਹਿਲੇ ਦਿਨ ਹੋਈ ਵਿਚਾਰ ਚਰਚਾ ਅਤੇ ਡੈਲੀਗੇਟ ਦੀ ਹਿੱਸੇਦਾਰੀ ਨੂੰ ਤਸੱਲੀਬਖਸ਼ ਦੱਸਿਆ।

