ਹਰਚੰਦ ਸਿੰਘ ਬਰਸਟ ਵੱਲੋਂ ਰਜਿੰਦਰ ਗੁਪਤਾ ਨੂੰ ਰਾਜ ਸਭਾ ਮੈਂਬਰ ਚੁਣੇ ਜਾਣ ‘ਤੇ ਵਧਾਈ
ਆਮ ਆਦਮੀ ਪਾਰਟੀ ਨੇ ਚਾਰ ਪਦਮ ਸ੍ਰੀ ਅਤੇ ਲੋਕ ਹਿੱਤ ਵਿੱਚ ਕੰਮ ਕਰਨ ਵਾਲੇ ਨੇਤਾਵਾਂ ਨੂੰ ਰਾਜ ਸਭਾ ਵਿੱਚ ਭੇਜਿਆ
ਆਮ ਆਦਮੀ ਪਾਰਟੀ ਹਮੇਸ਼ਾ ਜਮੀਨੀ ਪੱਧਰ ਤੇ ਕੰਮ ਕਰਨ ਵਾਲੇ ਨੇਤਾਵਾਂ ਨੂੰ ਦਿੰਦੀ ਹੈ ਪਹਿਲ
ਪਟਿਆਲਾ/ਚੰਡੀਗੜ੍ਹ, 17 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)- ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਸ੍ਰੀ ਰਜਿੰਦਰ ਗੁਪਤਾ ਨੂੰ ਨਿਰਵਿਰੋਧ ਰਾਜ ਸਭਾ ਮੈਂਬਰ ਚੁਣੇ ਜਾਣ ‘ਤੇ ਵਧਾਈ ਦਿੱਤੀ ਗਈ ਹੈ। ਸ. ਬਰਸਟ ਨੇ ਕਿਹਾ ਕਿ ਸ੍ਰੀ ਰਜਿੰਦਰ ਗੁਪਤਾ ਵਰਗੇ ਕਾਬਿਲ, ਪੜ੍ਹੇ-ਲਿਖੇ ਅਤੇ ਸਮਾਜ ਸੇਵਾ ਨੂੰ ਸਮਰਪਿਤ ਵਿਅਕਤੀ ਨੂੰ ਰਾਜ ਸਭਾ ਵਿਚ ਭੇਜਣਾ ਗੌਰਵ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਯੋਗਤਾ, ਇਮਾਨਦਾਰੀ ਅਤੇ ਲੋਕ ਭਲਾਈ ਲਈ ਕੰਮ ਕਰਨ ਵਾਲਿਆਂ ਸ਼ਖਸੀਅਤਾਂ ਨੂੰ ਤਰਜੀਹ ਦਿੰਦੀ ਹੈ। ਆਮ ਆਦਮੀ ਪਾਰਟੀ ਵੱਲੋਂ ਸਮਾਜ ਦੀ ਭਲਾਈ ਲਈ ਚੰਗੀ ਕਾਰਗੁਜਾਰੀ ਕਰਨ ਵਾਲੇ ਨੇਤਾਵਾਂ ਨੂੰ ਹੀ ਰਾਜ ਸਭਾ ਮੈਂਬਰ ਵੱਜੋਂ ਚੁਣਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਰਜਿੰਦਰ ਗੁਪਤਾ ਨਾ ਸਿਰਫ਼ ਇੱਕ ਵੱਡੇ ਉਦਯੋਗਪਤੀ ਹਨ, ਸਗੋਂ ਚੰਗੇ ਸਮਾਜ ਸੇਵਕ ਵੀ ਹਨ, ਜਿਹੜੇ ਹਰ ਸਮੇਂ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਆਏ ਹਨ। ਉਨ੍ਹਾਂ ਉਦਯੋਗ ਅਤੇ ਵਪਾਰ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ, ਜਿਸਦੇ ਲਈ ਉਨ੍ਹਾਂ ਨੂੰ 2007 ਵਿੱਚ ‘ਪਦਮ ਸ਼੍ਰੀ’ ਸਨਮਾਨ ਨਾਲ ਵੀ ਨਵਾਜਿਆ ਗਿਆ ਹੈ। ਸ. ਬਰਸਟ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਗ੍ਰੈਜੂਏਟ ਹਨ ਅਤੇ ਵਾਤਾਵਰਣ ਪ੍ਰੇਮੀ ਹਨ। ਇਨ੍ਹਾਂ ਵੱਲੋਂ 160 ਕਿਲੋਮੀਟਰ ਲੰਬੀ ਕਾਲੀ ਬੇਈ ਦਰਿਆ ਦੀ ਸਫਾਈ ਦਾ ਪ੍ਰੋਜੈਕਟ ਚਲਾਇਆ ਗਿਆ। ਵਾਤਾਵਰਣ ਨੂੰ ਸਾਫ਼ ਰੱਖਣ ਲਈ ਲੱਖਾ ਬੂਟੇ ਲਗਾਏ ਜਾ ਚੁੱਕੇ ਹਨ। ਸੰਤ ਸੀਚੇਵਾਲ ਵੱਲੋਂ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਵੀ ਕਰਵਾਈ ਜਾ ਰਹੀ ਹੈ। ਸੀਚੇਵਾਲ ਮਾਡਲ ਦੀ ਦੇਸ਼ ਦੇ ਰਾਸ਼ਟਰਪਤੀ ਵੱਲੋਂ ਵੀ ਸ਼ਲਾਘਾ ਕੀਤੀ ਜਾ ਚੁੱਕੀ ਹੈ। ਸੰਤ ਸੀਚੇਵਾਲ ਨੂੰ ਪਰਿਆਵਰਨ ਸੰਰਖਣ ਲਈ 2017 ਵਿੱਚ ਪਦਮ ਸ੍ਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਸੰਚ ਸੀਚੇਵਾਲ ਈਕੋ ਬਾਬਾ ਦੇ ਨਾਮ ਤੋਂ ਵੀ ਪ੍ਰਸਿੱਧ ਹਨ।
ਰਾਜ ਸਭਾ ਮੈਂਬਰ ਸ. ਵਿਕਰਮਜੀਤ ਸਿੰਘ ਸਾਹਨੀ, ਜਿਨ੍ਹਾਂ ਵੱਲੋਂ ਮਾਸਟਰ ਇਨ ਇਕਨੌਮਿਕਸ ਕੀਤੀ ਹੋਈ ਹੈ, ਦਾ ਉਦਯੋਗ ਅਤੇ ਸਿੱਖਿਆ ਦੇ ਖੇਤਰ ਵਿੱਚ ਚੰਗਾ ਯੋਗਦਾਨ ਹੈ, ਜਿਸਦੇ ਲਈ ਉਨ੍ਹਾਂ ਨੂੰ 2008 ਵਿੱਚ ਪਦਮ ਸ੍ਰੀ ਸਨਮਾਨ ਨਾਲ ਵੀ ਨਵਾਜਿਆ ਗਿਆ ਹੈ। ਸੂਬਾ ਜਨਰਲ ਸਕੱਤਰ ਨੇ ਦੱਸਿਆ ਕਿ ਮਸ਼ਹੂਰ ਕ੍ਰਿਕੇਟਰ ਸ. ਹਰਭਜਨ ਸਿੰਘ ਨੂੰ ਖੇਡਾਂ ਵਿੱਚ ਯੋਗਦਾਨ ਲਈ 2009 ਵਿੱਚ ਪਦਮ ਸ੍ਰੀ ਸਨਮਾਨ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਰਾਜ ਸਭਾ ਮੈਂਬਰ ਸ੍ਰੀ ਰਾਘਵ ਚੱਢਾ ਵੱਲੋਂ ਛੋਟੀ ਉਮਰ ਵਿੱਚ ਹੀ ਰਾਜਨੀਤੀ ਪੱਧਰ ਤੇ ਵੱਡਾ ਨਾਮ ਬਣਾਇਆ ਗਿਆ ਹੈ। ਲੰਦਨ ਸਕੂਲ ਆਫ ਇਕਨੋਮਿਕਸ ਤੋਂ ਪੜੇ ਰਾਘਵ ਚੱਢਾ ਹਮੇਸ਼ਾ ਹੀ ਲੋਕਾਂ ਦੀ ਭਲਾਈ ਲਈ ਆਵਾਜ਼ ਚੁੱਕਦੇ ਆਏ ਹਨ। ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਵੱਲੋਂ ਯੂਨੀਵਰਸਿਟੀ ਆਫ਼ ਕੈਂਬਰਿਜ਼, ਯੂ.ਕੇ. ਤੋਂ ਪੀ.ਐਚ.ਡੀ. ਕੀਤੀ ਹੈ ਅਤੇ ਆਈ.ਆਈ.ਟੀ. ਵਿੱਚ ਵੀ ਪੜਾਇਆ ਹੈ। ਇਸੇ ਤਰ੍ਹਾਂ ਰਾਜ ਸਭਾ ਮੈਂਬਰ ਸ੍ਰੀ ਅਸ਼ੋਕ ਕੁਮਾਰ ਮਿੱਤਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਲਾਅ ਗ੍ਰੈਜੂਏਟ ਹਨ। ਇਨ੍ਹਾਂ ਦਾ ਵਿੱਦਿਆ ਅਤੇ ਵਪਾਰ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਹਨ। ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਹਿੱਤ ਵਿੱਚ ਕੰਮ ਕਰਨ ਵਾਲੇ ਨੇਤਾਵਾਂ ਨੂੰ ਹੀ ਪਹਿਲ ਦਿੰਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦਾ ਮੁੱਖ ਮਕਸਦ ਸਿਰਫ਼ ਤੇ ਸਿਰਫ਼ ਵਿਕਾਸ ਹੈ। ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਕੇਂਦਰਤ, ਵਿਕਾਸਸ਼ੀਲ ਅਤੇ ਸਮਾਜਿਕ ਬਦਲਾਅ ਦੀ ਪਹਿਚਾਣ ਬਣ ਚੁੱਕੀ ਹੈ ਅਤੇ ਜਮੀਨੀ ਪੱਧਰ ਤੇ ਕੰਮ ਕਰਨ ਵਾਲੇ ਨੇਤਾਵਾਂ ਨੂੰ ਅੱਗੇ ਲਿਆਉਣਾ ਸਾਡੀ ਵਚਨਬੱਧਤਾ ਹੈ।

