ਸਰਕਾਰੀ ਮੈਡੀਕਲ ਕਾਲਜ ‘ਚ ਰੈਗਿੰਗ ਵਿਰੋਧੀ ਦਸਤਿਆਂ ਦਾ ਗਠਨ : ਪ੍ਰਿੰਸੀਪਲ ਡਾ: ਬੀ.ਐਲ. ਭਾਰਦਵਾਜ
ਹੈਲਪ ਲਾਈਨ ਨੰਬਰ ਵੀ ਜਾਰੀ, 20 ਸਤੰਬਰ ਨੂੰ ਆਉਣਗੇ ਨਵੇਂ ਵਿਦਿਆਰਥੀ
ਪਟਿਆਲਾ, 14 ਸਤੰਬਰ (ਮਧੂਸਾਰ ਬਿਊਰੋ)
ਵਿਦਿਅਕ ਸੰਸਥਾਵਾਂ ‘ਚ ਦਾਖਲ ਹੋਣ ਵਾਲੇ ਨਵੇਂ ਵਿਦਿਆਰਥੀਆਂ ਨਾਲ ਪੁਰਾਣੇ ਵਿਦਿਆਰਥੀਆਂ ਵੱਲੋਂ ਰੈਗਿੰਗ ਦੇ ਨਾਂ ‘ਤੇ ਕੀਤੇ ਜਾਣ ਵਾਲੇ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ ਨੂੰ ਠੱਲ੍ਹ ਪਾਉਣ ਲਈ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਯੂ.ਜੀ.ਸੀ. ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਮੈਡੀਕਲ ਕਾਲਜ ਦੀ ਐਂਟੀ ਰੈਗਿੰਗ ਕਮੇਟੀ ਦੇ ਚੇਅਰਮੈਨ ਡਾ: ਬੀ.ਐਲ. ਭਾਰਦਵਾਜ ਦੀ ਅਗਵਾਈ ਹੇਠ ਮੀਟਿੰਗ ਹੋਈ।
ਜਿਸ ਵਿੱਚ ਨਵੇਂ ਵਿਦਿਆਰਥੀਆਂ ਨੂੰ ਰੈਗਿੰਗ ਤੋਂ ਬਚਾਉਣ, ਹੋਸਟਲਾਂ ਤੇ ਕਾਲਜ ‘ਤੇ ਤਿੱਖੀ ਨਜ਼ਰ ਰੱਖਣ ਅਤੇ ਇਸ ਸਬੰਧੀ ਜਾਗਰੂਕ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਐਂਟੀ ਰੈਗਿੰਗ ਸਕੂਐਡ ਗਠਿਤ ਕੀਤੇ ਗਏ ਅਤੇ ਇਸ ਸਟਾਫ਼ ਨੂੰ ਮੈਡੀਕਲ ਕਾਲਜ, ਹਸਪਤਾਲ ਕੰਪਲੈਕਸ, ਲੜਕਿਆਂ ਅਤੇ ਲੜਕੀਆਂ ਦੇ ਹੋਸਟਲ ‘ਤੇ ਵਿਸ਼ੇਸ਼ ਨਜ਼ਰ ਰੱਖਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਕਾਲਜ, ਹਸਪਤਾਲ ਅਤੇ ਹੋਸਟਲਾਂ ਦੇ ਨੋਟਿਸ ਬੋਰਡਾਂ ‘ਤੇ ਐਂਟੀ ਰੈਗਿੰਗ ਸੁਕੈਅਡ ਅਤੇ ਐਂਟੀ ਰੈਗਿੰਗ ਕਮੇਟੀ ਦੇ ਮੈਂਬਰਾਂ ਤੇ ਉਹਨਾਂ ਦੇ ਫੋਨ ਨੰਬਰਾਂ ਦੀਆਂ ਸੂਚੀਆਂ ਲਗਾਉਣ ਬਾਰੇ ਫੈਸਲਾ ਕੀਤਾ ਗਿਆ। ਡਾ: ਭਾਰਦਵਾਜ ਨੇ ਦੱਸਿਆ ਕਿ ਰੈਗਿੰਗ ‘ਤੇ ਤਿੱਖੀ ਨਜ਼ਰ ਰੱਖਣ ਲਈ ਐਂਟੀ ਰੈਗਿਗ ਸਕੂਐਡ ਤੇ ਐਂਟੀ ਰੈਗਿੰਗ ਕਮੇਟੀ ਦੇ ਮੈਂਬਰਾਂ ਦੇ ਇੱਕ ਵਟਸਅਪ ਗਰੁੱਪ ਦਾ ਗਠਨ ਕੀਤਾ ਗਿਆ ਹੈ ਤਾਂ ਕਿ ਰੈਗਿੰਗ ਵਰਗੀ ਕਿਸੇ ਵੀ ਹਰਕਤ ਦੀ ਤੁਰੰਤ ਸੂਚਨਾ ਮਿਲ ਸਕੇ। ਪ੍ਰਿੰਸੀਪਲ ਡਾ: ਭਾਰਦਵਾਜ ਨੇ ਦੱਸਿਆ ਕਿ ਇਸ ਸਬੰਧੀ ਇੱਕ ਹੈਲਪ ਲਾਈਨ 1800-180-5522 ‘ਤੇ ਵੀ ਰੈਗਿੰਗ ਪੀੜਤ ਵਿਦਿਆਰਥੀ ਸੂਚਿਤ ਕਰ ਸਕਦੇ ਹਨ ਜਾਂ ਇਸ ਤੋਂ ਇਲਾਵਾ ਪੁਲਿਸ ਕੰਟਰੋਲ ਨੰਬਰ 098764-32100 ਅਤੇ 100 ਨੰਬਰ ‘ਤੇ ਸੂਚਨਾ ਦਿੱਤੀ ਜਾ ਸਕਦੀ ਹੈ।
ਪ੍ਰਿੰਸੀਪਲ ਡਾ: ਬੀ.ਐਲ. ਭਾਰਦਵਾਜ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਅਤੇ ਰੈਗਿੰਗ ਦੇ ਨਾਂ ‘ਤੇ ਹੋਣ ਵਾਲੇ ਦੁਰਵਿਵਹਾਰ ਤੋਂ ਬਚਣ ਲਈ ਕਾਲਜ ਦੇ ਮਾਹੌਲ ‘ਚ ਰਚ-ਮਿਚ ਜਾਣ ਲਈ ਸਮਾਂ ਦਿੰਦਿਆਂ ਕਾਲਜ ਦੇ ਦੂਜੇ ਸਾਲ ਅਤੇ ਉਪਰਲੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ 19 ਤੋਂ 24 ਸਤੰਬਰ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਰਜਿੰਦਰਾ ਹਸਪਤਾਲ ਦੀ ਪੁਲਿਸ ਚੌਂਕੀ ਨੂੰ ਵਿਸ਼ੇਸ਼ ਨਜ਼ਰ ਰੱਖਣ ਲਈ ਵੀ ਕਿਹਾ ਗਿਆ ਹੈ। ਉਹਨਾਂ ਵਿਦਿਆਰਥੀਆਂ ਨੂੰ ਵੀ ਕਿਹਾ ਕਿ ਰੈਗਿੰਗ ਵਰਗੀ ਕਿਸੇ ਵੀ ਸ਼ਰਾਰਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀ ਕਿਸੇ ਸ਼ਰਾਰਤ ਕਰਦੇ ਪਾਏ ਗਏ ਵਿਦਿਆਰਥੀ ਵਿਰੁੱਧ ਸਖਤ ਅਨੁਸ਼ਾਸ਼ਨੀ ਕਾਰਵਾਈ ਕਰਦਿਆਂ ਉਸ ਦਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ। ਇਸ ਮੌਕੇ ਐਂਟੀ ਰੈਗਿੰਗ ਕਮੇਟੀ ਦੇ ਕਾਲਜ ਫੇਕੱਲਟੀ ਨਾਲ ਸਬੰਧਤ ਮੈਂਬਰ ਡਾ: ਬਲਵੰਤ ਸਿੰਘ ਸਿੱਧੂ ਪ੍ਰੋ: ਅਤੇ ਮੁੱਖੀ ਮਨੋਰੋਗ ਵਿਭਾਗ, ਡਾ: ਅਨੀਤਾ ਗੁਪਤਾ ਵਾਈਸ ਪ੍ਰਿੰਸੀਪਲ ਡਾ: ਗੁਰਦੀਪ ਕੌਰ ਬੇਦੀ ਪ੍ਰੋਫੈਸਰ ਬਾਇਓ ਕੈਮਿਸਟਰੀ, ਡਾ: ਖੁਸ਼ਪ੍ਰੀਤ ਕੌਰ ਮੁੱਖੀ ਗਾਇਨੀ ਵਿਭਾਗ, ਐਸ.ਐਚ.ਓ. ਸਿਵਲ ਲਾਈਨਜ ਸ਼੍ਰੀ ਜਸਵਿੰਦਰ ਸਿੰਘ ਟਿਵਾਣਾ ਅਤੇ ਹੋਰ ਮੈਂਬਰ ਵੀ ਮੌਜੂਦ ਸਨ।

