ਪਟਿਆਲਾ

ਪਾਵਰਕਾਮ ਪੈਨਸ਼ਨਰਜ਼ ਵੱਲੋਂ ਪਟਿਆਲਾ ਵਿਖੇ ਸੂਬਾ ਪੱਧਰੀ ਧਰਨਾ

ਪਟਿਆਲਾ : 14 ਸਤੰਬਰ (ਮਧੂਸਾਰ ਬਿਊਰੋ)
ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੱਦੇ ਤੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਬਿਜਲੀ ਪੈਨਸ਼ਨਰਜ਼ ਵਲੋਂ ਜੱਥੇਬੰਦੀ ਦੇ ਸਟੇਟ ਪ੍ਰਧਾਨ ਸ੍ਰੀ ਅਵਿਨਾਸ਼ ਚੰਦਰ ਸ਼ਰਮਾ ਦੀ ਅਗਵਾਈ ਵਿੱਚ ਪਟਿਆਲਾ ਵਿਖੇ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ।

ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਸ੍ਰ. ਧੰਨਵਤ ਸਿੰਘ ਭੱਠਲ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਧਰਨੇ ਵਿੱਚ ਪੰਜਾਬ ਸਰਕਾਰ ਅਤੇ ਪਾਵਰਕਾਮ ਵੱਲੋਂ ਬਿਜਲੀ ਪੈਨਸ਼ਨਰਜ਼ ਦੀਆਂ ਮੰਗਾਂ ਜਿਨ੍ਹਾਂ ਵਿੱਚ ਬਿਜਲੀ ਕਨਸ਼ੈਸ਼ਨ, ਕੈਸ਼ ਲੈਸ ਟਰੀਟਮੈਂਟ ਲਾਗੂ ਕਰਨਾ, ਐਸੋਸੀਏਸ਼ਨ ਦੇ ਫੀਲਡ ਯੂਨਿਟਾਂ ਲਈ ਯੋਗ ਸਥਾਨ, ਡੀ.ਏ. ਦੀਆਂ 23 ਮਹੀਨਿਆਂ ਦੀਆਂ ਕਿਸ਼ਤਾਂ ਦਾ ਬਕਾਇਆ ਇੱਕ ਕਿਸ਼ਤ ਵਿੱਚ ਨਾ ਦੇਣਾ, ਜਨਵਰੀ 2016 ਦੀ ਕਿਸ਼ਤ ਸਮੇਤ ਬਕਾਇਆ ਨਾ ਦੇਣ ਸਬੰਧੀ ਆਦਿ ਮੁੱਖ ਹਨ ਨਾ ਮੰਨਣ ਦੀ ਭਰਪੂਰ ਨਿਖੇਧੀ ਕੀਤੀ ਗਈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਬਾਰੇ ਕੋਈ ਕਾਰਵਾਈ ਨਾ ਕਰਨਾ ਮੁਲਾਜਮਾਂ ਅਤੇ ਪੈਨਸ਼ਨਜ਼ ਦੇ ਜਖਮਾਂ ਤੇ ਲੂਣ ਛਿੜਕਣ ਵਾਲੇ ਵਤੀਰੇ ਕਾਰਨ ਸਮੁੱਚੇ ਪੰਜਾਬ ਦੇ ਮੁਲਾਜਮਾਂ ਅਤੇ ਪੈਨਸ਼ਨਰਜ਼ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸੂਬਾ ਪ੍ਰਧਾਨ ਸ੍ਰੀ ਅਵਿਨਾਸ਼ ਸ਼ਰਮਾ ਤੇ ਜਨਰਲ ਸਕੱਤਰ ਸ੍ਰ. ਧਨਵੰਤ ਸਿੰਘ ਭੱਠਲ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਬਿਜਲੀ ਰਿਆਇਤ ਸਬੰਧੀ ਕਾਰਪੋਰੇਸ਼ਨ/ਸਰਕਾਰ ਪੱਧਰ ਦੇ ਬਹੁਤ ਸਾਰੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰੰਤੂ ਯੂ.ਪੀ. ਛਤੀਸਗੜ੍ਹ, ਉਤਰਾਖੰਡ ਅਤੇ ਦਿੱਲੀ ਪਾਵਰ ਕਾਰਪੋਰੇਸ਼ਨ ਵਲੋਂ ਉਨ੍ਹਾਂ ਦੇ ਬਿਜਲੀ ਪੈਨਸ਼ਨਰਜ਼ ਨੂੰ ਇਹ ਰਿਆਇਤ ਮਿਲ ਰਹੀ ਹੈ ਪਰੰਤੂ ਸਾਡੀ ਇਸ ਮੰਗ ਨੂੰ ਰੋਲਿਆ ਜਾ ਰਿਹਾ ਹੈ। ਜਿਸ ਕਾਰਨ ਪਾਵਰਕਾਮ ਪੈਨਸ਼ਨਰਜ਼ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ।
ਆਗੂਆਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਪੈਨਸ਼ਨਰਜ਼ ਨਾਲ ਲਗਾਤਾਰ ਵਿਤਕਰਾ ਕਰਦੀ ਆ ਰਹੀ ਹੈ। ਪੰਜਾਬ ਦਾ ਖਜ਼ਾਨਾ ਸਿਰਫ ਪੈਨਸ਼ਨਰਜ਼ ਲਈ ਹੀ ਖਾਲੀ ਰਹਿੰਦਾ ਹੈ ਬਾਕੀ ਸਾਰੇ ਕਾਰਜ ਨਿਰਵਿਘਨ ਚਲਦੇ ਰਹਿੰਦੇ ਹਨ। ਆਗੂਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਵਿੱਚ ਪਾਵਰਕਾਮ ਪੈਨਸ਼ਨਰਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਪੰਜਾਬ ਵਿੱਚ 6% ਵੋਟ ਹੈ ਜੇਕਰ ਸਰਕਾਰ ਨੇ ਚੋਣਾਂ ਸੰਬਧੀ ਕੋਡ ਆਫ ਕੰਡਕਟ ਲਗਣ ਤੋਂ ਪਹਿਲਾਂ ਬਿਜਲੀ ਪੈਨਸ਼ਨਰਜ਼ ਦੀਆਂ ਮੰਗਾਂ ਖਾਸ ਕਰਕੇ ਬਿਜਲੀ ਯੂਨਿਟਾਂ ਦੀ ਰਿਆਇਤ ਆਦਿ ਨਾ ਮੰਨੀਆਂ ਤਾਂ ਇਸ ਦਾ ਨਤੀਜਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਹਮਣੇ ਆ ਜਾਵੇਗਾ। ਜੱਥੇਬੰਦੀ ਦੇ ਸਮੂੰਹ ਮੈਂਬਰ ਐਸੋਸੀਏਸ਼ਨ ਨਾਲ ਚਟਾਨ ਵਾਂਗ ਖੜੇ ਹਨ ਅਤੇ ਜੱਥੇਬੰਦੀ ਦੇ ਨਿਰਦੇਸ਼ ਦੀ ਉਡੀਕ ਕਰ ਰਹੇ ਹਨ।।

Leave a Reply

Your email address will not be published. Required fields are marked *