ਪੰਜਾਬ

ਕਿਸਾਨੀ ਤੇ ਜਵਾਨੀ ਦੀ ਬਰਬਾਦੀ ਲਈ ਹਾਕਮ ਸਰਕਾਰਾਂ ਕਸੂਰਵਾਰ : ਛੀਨਾ

ਜਨਸੰਪਰਕ ਮੁਹਿੰਮ ਤਹਿਤ ਪਿੰਡ ਜੱਗੋਚੱਕ ਟਾਂਡਾ ‘ਚ ਕੀਤੀ ਜਨਤਕ ਮੀਟਿੰਗ
2017 ਵਿੱਚ ‘ਆਪ’ ਦੀ ਸਰਕਾਰ ਬਣਨ ਦਾ ਕੀਤਾ ਦਾਅਵਾ
ਗੁਰਦਾਸਪੁਰ/ਦੀਨਾਨਗਰ, 14 ਸਤੰਬਰ (ਸਰਬਜੀਤ ਸਾਗਰ)
ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਜਨਸੰਪਰਕ ਮੁਹਿੰਮ ਤਹਿਤ ਪਾਰਟੀ ਦੇ ਸੀਨੀਅਰ ਆਗੂ ਜੋਗਿੰਦਰ ਸਿੰਘ ਛੀਨਾ ਦੁਆਰਾ ਅੱਜ ਦੀਨਾਨਗਰ ਹਲਕੇ ਦੇ ਪਿੰਡ ਜੱਗੋਚੱਕ ਟਾਂਡਾ ‘ਚ ਜਨਤਕ ਮੀਟਿੰਗ ਕਰਕੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਦੇ ਲਈ ਹਾਕਮ ਸਰਕਾਰਾਂ ਨੂੰ ਕਸੂਰਵਾਰ ਠਹਿਰਾਇਆ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਹੁਣ ਗੱਠਜੋੜ ਸਰਕਾਰ ਨੇ ਜੇਕਰ ਆਪਣੇ ਕਾਰਜਕਾਲ ਦੌਰਾਨ ਚੰਗਾ ਕੰਮ ਕੀਤਾ ਹੁੰਦਾ ਤਾਂ ਕਿਸਾਨੀ ਤੇ ਜਵਾਨੀ ਦੀ ਹਾਲਤ ਐਨੀ ਮਾੜੀ ਨਾ ਹੁੰਦੀ।
ਉਨ੍ਹਾਂ ਕਿਹਾ ਕਿ ਲੋਕ ਤਾਂ ਹੁਣ ਸਿਰਫ਼ 2017 ਦੀਆਂ ਚੋਣਾਂ ਨੂੰ ਉਡੀਕ ਰਹੇ ਹਨ ਅਤੇ ਇਸ ਤੋਂ ਬਾਅਦ ਲੁੱਟ ਤੇ ਕੁੱਟ ਦਾ ਰਾਜ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬਾਘਾਪੁਰਾਣਾ ਦੀ ਰੈਲੀ ‘ਚ ਪੁੱਜੀ ਵੱਡੀ ਭੀੜ ਤੋਂ ਬਾਅਦ ਕਾਂਗਰਸ ਤੇ ਅਕਾਲੀ-ਭਾਜਪਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ ਅਤੇ ਬੁਖ਼ਲਾਹਟ ਵਿੱਚ ਆ ਕੇ ਦੋਨੋਂ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਬੇਤੁੱਕੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਜੋ ਆਪਣੀਆਂ ਘਟੀਆ ਚਾਲਾਂ ‘ਚ ਕਦੇ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਪਾਰਟੀ ਵੱਲੋਂ ਜਾਰੀ ਕੀਤੇ ਕਿਸਾਨ ਮੈਨੀਫੈਸਟੋ ਨੂੰ ਇਤਿਹਾਸਕ ਦਸਤਾਵੇਜ਼ ਦੱਸਦਿਆਂ ਦਾਅਵਾ ਕੀਤਾ ਕਿ ਇਸਦੇ ਲਾਗੂ ਹੋਣ ਨਾਲ ਕਿਸਾਨਾਂ ਦੀ ਕਾਇਆਕਲਪ ਹੋਵੇਗੀ ਅਤੇ ਕਿਸਾਨ ਖ਼ੁਦਕੁਸ਼ੀਆਂ ਵੀ ਬੰਦ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਕਸਬਾ ਬਾਘਾਪੁਰਾਣਾ ਦੀ ਰੈਲੀ ਵਿੱਚ ਪੁੱਜੇ ਲੱਖਾਂ ਲੋਕਾਂ ਦੀ ਹਾਜ਼ਰੀ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੇ ਨਾਲ ਖੜ੍ਹੀ ਹੈ।
ਇਸ ਮੌਕੇ ਸਾਬਕਾ ਚੇਅਰਮੈਨ ਤਰਸੇਮ ਸਿੰਘ ਮਲੂਕਚੱਕ, ਠਾਕੁਰ ਰਘੁਨਾਥ ਸਿੰਘ ਬਾਹਮਣੀ, ਟਹਿਲ ਸਿੰਘ ਬਹਿਰਾਮਪੁਰ, ਰੂਪ ਲਾਲ ਸੈਣੀ, ਮਨਦੀਪ ਸਿੰਘ, ਕੁਲਦੀਪ ਸਿੰਘ ਥਾਣੇਦਾਰ ਅਤੇ ਨਿਰਮਲ ਸਿੰਘ ਸੈਣੀ ਤੋਂ ਇਲਾਵਾ ਪਿੰਡ ਦੇ ਮੋਹਤਬਰ ਤੇ ਨੌਜਵਾਨ ਹਾਜ਼ਰ ਸਨ।

Leave a Reply

Your email address will not be published. Required fields are marked *