ਸਿੱਖਿਆ ਖੇਤਰ ‘ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਦਾ ਸਨਮਾਨ
ਭਾਈ ਘਨ੍ਹਈਆ ਸੇਵਾ ਮੰਚ ਨੇ ਕੀਤਾ ਉਪਰਾਲਾ
ਐਸਡੀਐਮ ਗੁਰਦਾਸਪੁਰ ਡਾ. ਸੱਯਦ ਸਹਿਰਿਸ਼ ਅਸਗਰ (ਆਈਏਐਸ) ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ ਹੋਏ
ਗੁਰਦਾਸਪੁਰ, 14 ਸਤੰਬਰ (ਸਰਬਜੀਤ ਸਾਗਰ)
ਭਾਈ ਘਨ੍ਹਈਆ ਸੇਵਾ ਮੰਚ ਦੀਨਾਨਗਰ ਵੱਲੋਂ ਇੱਥੋਂ ਦੇ ਐਸਐਸਐਮ ਕਾਲਜ ‘ਚ ਅਧਿਆਪਕ ਸਨਮਾਨ ਸਮਾਰੋਹ ਕਰਕੇ ਸਿੱਖਿਆ ਦੇ ਖੇਤਰ ‘ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਹ ਸਮਾਗਮ ਮੰਚ ਦੇ ਪ੍ਰਧਾਨ ਤੇ ਪ੍ਰਸਿੱਧ ਗ਼ਜ਼ਲਗੋ ਮੰਗਤ ਚੰਚਲ ਦੀ ਪ੍ਰਧਾਨਗੀ ਹੇਠ ਹੋਇਆ। ਮੁੱਖ ਮਹਿਮਾਨ ਵਜੋਂ ਐਸਡੀਐਮ ਗੁਰਦਾਸਪੁਰ ਡਾ. ਸੱਯਦ ਸਹਿਰਿਸ਼ ਅਸਗਰ (ਆਈਏਐਸ) ਸ਼ਾਮਲ ਹੋਏ।
ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਨੂੰ ਸਮਾਜ ਵਿੱਚ ਅਤਿ ਸੂਝਵਾਨ ਤੇ ਵਿਦਵਾਨ ਸਮਝਿਆ ਜਾਂਦਾ ਹੈ ਅਤੇ ਲੋਕ ਆਸ ਕਰਦੇ ਹਨ ਕਿ ਇਹ ਵਰਗ ਸਮਾਜ ਵਿੱਚ ਬਦਲਾਅ ਲਿਆ ਕੇ ਵਿੱਦਿਅਕ ਢਾਂਚੇ ਦੀ ਡਾਵਾਂਡੋਲ ਹੁੰਦੀ ਜਾ ਰਹੀ ਅਵਸਥਾ ਨੂੰ ਸੰਭਾਲਣ ‘ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਅਧਿਆਪਕਾਂ ਨੂੰ ਵੀ ਨਮਨ ਕਰਦੇ ਹਨ ਜਿਨ੍ਹਾਂ ਦੇ ਕੰਮ ਦੀ ਅੱਜ ਤੱਕ ਕਿਸੇ ਨੇ ਪਛਾਣ ਹੀ ਨਹੀਂ ਕੀਤੀ ਹੈ। ਉਨ੍ਹਾਂ ਅਧਿਆਪਕਾਂ ਨੂੰ ਹੱਲਾਸ਼ੇਰੀ ਦੇਣ ਲਈ ਮੰਚ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ।
ਇਸ ਤੋਂ ਪਹਿਲਾਂ ਕਾਲਜ ਪਿੰ੍ਰਸੀਪਲ ਡਾ. ਆਰ.ਕੇ. ਤੁਲੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਜਿਹੇ ਪ੍ਰੋਗਰਾਮਾਂ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਕਾਲਜ ਵਿੱਚ ਖੁੱਲ੍ਹਾ ਸੱਦਾ ਦਿੱਤਾ। ਇਸ ਦੌਰਾਨ ਮੁੱਖ ਮਹਿਮਾਨ ਅਤੇ ਮੰਚ ਨੁਮਾਇੰਦਿਆਂ ਵੱਲੋਂ ਸਰਕਾਰੀ ਹਾਈ ਸਕੂਲ ਲੱਖਣ ਕਲਾਂ ਦੇ ਪੰਜਾਬੀ ਮਾਸਟਰ ਪਲਵਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਦੇ ਹਰੀਸ਼ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਜੈਮਲ ਸਿੰਘ ਦੇ ਫਿਜ਼ਿਕਸ ਲੈਕਚਰਾਰ ਪੰਕਜ ਸ਼ਰਮਾ, ਸਰਕਾਰੀ ਪ੍ਰਾਇਮਰੀ ਸਕੂਲ ਬਾਂਠਾਵਾਲ ਦੀ ਅਧਿਆਪਕਾ ਸ਼੍ਰੀਮਤੀ ਸੀਮਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨੂੰਵਾਨ ਦੇ ਸਰੀਰਕ ਸਿੱਖਿਆ ਲੈਕਚਰਾਰ ਪਰਮਿੰਦਰ ਸਿੰਘ ਨੂੰ ਸਿੱਖਿਆ ਦੇ ਖੇਤਰ ‘ਚ ਵਡਮੁੱਲਾ ਯੋਗਦਾਨ ਦੇਣ ਬਦਲੇ ਸ਼ਾਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਾਹਿਤਕਾਰ ਕ੍ਰਿਪਾਲ ਸਿੰਘ ਯੋਗੀ, ਪ੍ਰੋਫੈਸਰ ਰਾਜ ਕੁਮਾਰ, ਕੁਲਦੀਪ ਪੂਰੋਵਾਲ, ਕੌਂਸਲਰ ਸੁਨੀਲ ਦੱਤ, ਬੋਧ ਰਾਜ, ਅਮਰਜੀਤ ਸ਼ਾਸਤਰੀ, ਭਾਰਤਇੰਦੂ ਓਹਰੀ ਅਤੇ ਉਰਵਸ਼ੀ ਮਰਵਾਹਾ ਨੇ ਅਧਿਆਪਕ ਦਿਵਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਜਿੱਥੇ ਅਧਿਆਪਕਾਂ ਨੂੰ ਬਲਦੀ ਮੋਮਬੱਤੀ ਵਾਂਗ ਖ਼ੁਦ ਨੂੰ ਜਲ ਕੇ ਸਮਾਜ ਨੂੰ ਰੋਸ਼ਨੀ ਵੰਡਣ ਵਾਲਾ ਦੱਸਿਆ ਉੱਥੇ ਸਮੇਂ ਦੀਆਂ ਸਰਕਾਰਾਂ ਵੱਲੋਂ ਵਿੱਦਿਆ ਨੂੰ ਬਜ਼ਾਰੀ ਵਸਤੂ ਬਣਾਏ ਜਾਣ ‘ਤੇ ਅਫ਼ਸੋਸ ਦਾ ਪ੍ਰਗਟਾਵਾ ਵੀ ਕੀਤਾ। ਕੁਝ ਬੁਲਾਰਿਆਂ ਨੇ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ ਬਾਰੇ ਬੋਲਦਿਆਂ ਉਨ੍ਹਾਂ ਨੂੰ ਮਹਾਨ ਫ਼ਿਲਾਸਫਰ ਦੱਸਿਆ ਅਤੇ ਉਨ੍ਹਾਂ ਵੱਲੋਂ ਭਾਰਤ ਦੇ ਵੇਦਾਂਤ ਦੀ ਫ਼ਿਲਾਸਫੀ ਨੂੰ ਆਕਸਫੋਰਡ ਯੂਨੀਵਰਸਿਟੀ ਤੱਕ ਪੜ੍ਹਾਉਣ ਅਤੇ ਆਪਣੇ ਜਨਮ ਦਿਵਸ ਨੂੰ ਅਧਿਆਪਕ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕਰਨ ਨੂੰ ਉਨ੍ਹਾਂ ਦੀ ਮਹਾਨਤਾ ਗਰਦਾਨਿਆਂ।
ਅਖ਼ੀਰ ਪ੍ਰਧਾਨ ਮੰਗਤ ਚੰਚਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪਰਮਜੀਤ ਸਿੰਘ ਬੈਂਸ ਵੱਲੋਂ ਨਿਭਾਈ ਗਈ। ਇਸ ਮੌਕੇ ਪਿੰ੍ਰਸੀਪਲ ਡਾ. ਆਰ.ਕੇ. ਤੁਲੀ, ਯੂਥ ਕੋਆਰਡੀਨੇਟਰ ਪ੍ਰੋਫੈਸਰ ਪ੍ਰਬੋਧ ਗਰੋਵਰ, ਡਾ. ਅਨੀਤਾ ਸ਼ਰਮਾ, ਜੋਗਿੰਦਰ ਪਾਲ ਸੈਣੀ, ਨੈਸ਼ਨਲ ਐਵਾਰਡੀ ਸੱਤਿਆ ਪਾਲ ਮਹਾਜਨ, ਅਜੀਤ ਸਿੰਘ, ਪਿੰ੍ਰਸੀਪਲ ਬੂਟੀ ਰਾਮ, ਭਾਰਤ ਇੰਦੂ ਓਹਰੀ, ਮਹਿੰਦਰ ਸਿੰਘ, ਜਤਿੰਦਰ ਕੁਮਾਰ, ਪ੍ਰਸ਼ੋਤਮ ਲਾਲ ਅਤੇ ਪ੍ਰੋਫੈਸਰ ਸੁਬੀਰ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

