ਪਟਿਆਲਾ

ਪੰਜਾਬੀ ਯੂਨੀਵਰਸਿਟੀ ਵਿਖੇ ਏ.ਆਈ, ਮਸ਼ੀਨ ਲਰਨਿੰਗ ਅਤੇ ਸਾਈਬਰ ਸੁਰੱਖਿਆ ਦੇ ਵਿਸ਼ੇ ਉੱਤੇ 6-ਦਿਨਾ ਸ਼ਾਰਟ-ਟਰਮ ਕੋਰਸ ਸ਼ੁਰੂ

ਪਟਿਆਲਾ, 07 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਵਿਖੇ ਯੂ.ਜੀ.ਸੀ.-ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ (ਐੱਮ.ਐੱਮ.ਟੀ.ਸੀ.), ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ), ਮਸ਼ੀਨ ਲਰਨਿੰਗ (ਐੱਮ.ਐੱਲ) ਅਤੇ ਸਾਈਬਰ ਸੁਰੱਖਿਆ ਦੇ ਵਿਸ਼ੇ ਉੱਤੇ 6-ਦਿਨਾ ਸ਼ਾਰਟ-ਟਰਮ ਕੋਰਸ ਸ਼ੁਰੂ ਕੀਤਾ ਗਿਆ। ਉਦਘਾਟਨੀ ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਉਪ-ਕੁਲਪਤੀ ਪ੍ਰੋ.ਸੰਜੀਵ ਕੁਮਾਰ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਏ.ਆਈ ਅਤੇ ਸਾਈਬਰ ਸੁਰੱਖਿਆ ਨੂੰ ਡਿਜੀਟਲ ਭਵਿੱਖ ਦੇ ਦੋ ਮੁੱਖ ਥੰਮ੍ਹ ਦੱਸਿਆ। ਉਨ੍ਹਾਂ ਕਿਹਾ ਕਿ ਏ.ਆਈ ਅਤੇ ਸਾਈਬਰ ਸੁਰੱਖਿਆ ਸਿਰਫ਼ ਤਕਨੀਕੀ ਵਿਸ਼ੇ ਹੀ ਨਹੀਂ, ਸਗੋਂ ਹੁਣ ਸਮਾਜਿਕ ਜ਼ਰੂਰਤ ਹਨ। ਨੈਤਿਕਤਾ, ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਹਰ ਤਕਨੀਕੀ ਤਰੱਕੀ ਦੀ ਬੁਨਿਆਦ ਹੋਣੀ ਚਾਹੀਦੀ ਹੈ।

ਵਿਸ਼ੇਸ਼ ਮਹਿਮਾਨ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੇ ਏ.ਆਈ-ਐੱਮ.ਐੱਲ ਦੇ ਵਿਸ਼ਵ ਪੱਧਰੀ ਪ੍ਰਭਾਵ ‘ਤੇ ਜ਼ੋਰ ਦਿੱਤਾ ਅਤੇ ਨੈਤਿਕ ਅਭਿਆਸਾਂ ਦੀ ਲੋੜ ‘ਤੇ ਚਾਨਣਾ ਪਾਇਆ। ਸਵਾਗਤੀ ਸ਼ਬਦ ਬੋਲਦਿਆਂ ਇਸ ਸੈਂਟਰ ਦੇ ਡਾਇਰੈਕਟਰ ਪ੍ਰੋ.ਰਮਨ ਮੈਨੀ ਨੇ ਦੱਸਿਆ ਕਿ ਇਸ ਕੋਰਸ ਦਾ ਉਦੇਸ਼ ਫੈਕਲਟੀ ਮੈਂਬਰਾਂ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਵਿਕਸਿਤ ਹੋ ਰਹੇ ਖੇਤਰਾਂ ਵਿੱਚ ਜ਼ਰੂਰੀ ਗਿਆਨ ਅਤੇ ਵਿਹਾਰਕ ਹੁਨਰ ਨਾਲ ਲੈਸ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕੋਰਸ ਉਭਰਦੀਆਂ ਤਕਨੀਕਾਂ ਦੀ ਵਿਆਪਕ ਸਮਝ, ਡਿਜੀਟਲ ਯੁੱਗ ਵਿੱਚ ਨੈਤਿਕ ਅਮਲਾਂ ਜਿਵੇਂ ਡਾਟਾ ਪ੍ਰਾਈਵੇਸੀ, ਜ਼ਿੰਮੇਵਾਰ ਏਆਈ ਵਰਤੋਂ ਅਤੇ ਸਾਈਬਰ ਸੁਰੱਖਿਆ ਨੈਤਿਕਤਾ ਬਾਰੇ ਜਾਗਰੂਕਤਾ ਪੈਦਾ ਕਰੇਗਾ ਅਤੇ ਸਿੱਖਿਆ-ਖੋਜ ਨੂੰ ਆਕਾਰ ਦੇਣ ਵਾਲੇ ਆਧੁਨਿਕ ਕੰਪਿਊਟੇਸ਼ਨਲ ਟੂਲਜ਼ ਤੋਂ ਜਾਣੂ ਕਰਵਾਏਗਾ। ਕੋਰਸ ਕੋਆਰਡੀਨੇਟਰ ਪ੍ਰੋ. (ਡਾ.) ਲਖਵਿੰਦਰ ਕੌਰ ਅਤੇ ਕੋ-ਕੋਆਰਡੀਨੇਟਰ ਡਾ. ਹਰਪ੍ਰੀਤ ਕੌਰ, ਕੰਪਿਊਟਰ ਇੰਜਨੀਅਰਿੰਗ ਵਿਭਾਗ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ।

Leave a Reply

Your email address will not be published. Required fields are marked *