ਪੰਜਾਬੀ ਯੂਨੀਵਰਸਿਟੀ ਵਿਖੇ “ਬੇਟੀ ਬਚਾਓ, ਬੇਟੀ ਪੜਾਓ“ ਯੋਜਨਾ ਅਧੀਨ ਵਿਸ਼ੇਸ਼ ਸਮਾਰੋਹ
ਪਟਿਆਲਾ,15 ਸਤੰਬਰ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਵਲੋਂ ਪਟਿਆਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ “ਬੇਟੀ ਬਚਾਓ, ਬੇਟੀ ਪੜਾਓ“ ਯੋਜਨਾ ਅਧੀਨ ਅੱਜ ਇਥੇ ਯੂਨੀਵਰਸਿਟੀ ਕਲਾ ਭਵਨ ਵਿਖੇ ਇੱਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ।
ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ, ਪਟਿਆਲਾ ਦੀ ਸਰਪ੍ਰਸਤੀ ਹੇਠ ਡਾ. ਰਿਤੂ ਲਹਿਲ, ਡਾਇਰੈਕਟਰ, ਵਿਮੈਨਜ਼ ਸਟੱਡੀ ਸੈਂਟਰ ਨੇ ਪ੍ਰੋਗਰਾਮ ਦੇ ਚੀਫ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ। ਡਾ. ਲਹਿਲ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਪ੍ਰੋਜੈਕਟ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਵਿਭਾਗਾਂ ਦਾ ਵੀ ਧੰਨਵਾਦ ਕੀਤਾ। ਇਨ੍ਹਾਂ ਵਿਭਾਗਾਂ ਵਿੱਚ ਸੈਂਟਰ ਫਾਰ ਐਡਵਾਂਸਡ ਮੀਡੀਆ ਸਟੱਡੀਜ਼(ਕੈਮਜ਼), ਥੀਏਟਰ ਐਂਡ ਟੈਲੀਵੀਜ਼ਨ ਅਤੇ ਯੁਵਕ ਭਲਾਈ ਸ਼ਾਮਲ ਹਨ। ਅੱਜ ਦੇ ਪ੍ਰੋਗਰਾਮ ਵਿੱਚ “ਮੈਂ ਜੱਜ ਬਣੂੰਗੀ“ ਨਾਟਕ ਦਾ ਮੰਚਨ ਕੀਤਾ ਗਿਆ ਅਤੇ ਮਿਸ ਕੁਦਰਤ ਵਲੋਂ ਗਾਇਆ ਇੱਕ ਗੀਤ ਪੇਸ਼ ਕੀਤਾ ਗਿਆ। ਇਸ ਸਾਰੇ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਅਤੇ ਸੰਪਾਦਨਾ ਕੈਮਜ਼ ਵਲੋਂ ਕੀਤੀ ਗਈ ਸੀ।
ਇਸ ਮੌਕੇ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਮਹਿਲਾਵਾਂ ਦੀ ਸਰਗਰਮ ਅਤੇ ਬਰਾਬਰ ਦੀ ਸ਼ਮੂਲੀਅਤ ਬਿਨ੍ਹਾਂ ਕੋਈ ਤਰੱਕੀ ਨਹੀਂ ਹੋ ਸਕਦੀ। ਭਾਵੇਂ ਔਰਤਾਂ ਦੇ ਸਿੱਖਿਅਤ ਹੋਣ ਨਾਲ ਸਥਿਤੀ ਬਦਲ ਰਹੀ ਹੈ ਪਰੰਤੂ ਇਤਨੀ ਉਤਸ਼ਾਹਜਨਕ ਵੀ ਨਹੀਂ ਹੈ। ਇਸ ਸੰਦਰਭ ਵਿੱਚ ਪੰਜਾਬੀ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੈ ਉਪਰਾਲਿਆਂ ਦੀ ਗੱਲ ਕਰਦਿਆਂ ਡਾ. ਜਸਪਾਲ ਸਿੰਘ ਨੇ ਕਿਹਾ ਕਿ ਸਿੱਖਿਆ ਅਤੇ ਆਰਥਿਕਤਾ ਪੱਖੋਂ ਪੱਛੜੇ ਖੇਤਰਾਂ ਵਿੱਚ ਕੋਂਸਟੀਚੂਐਂਟ ਕਾਲਜਾਂ ਦੇ ਖੁੱਲਣ ਨਾਲ ਸਮਾਜ ਦੇ ਹਾਸ਼ੀਏ ਤੇ ਪਏ ਇਸ ਵਰਗ ਨੂੰ ਘੱਟ ਖਰਚੇ ਤੇ ਸਿੱਖਿਆ ਮੁਹੱਈਆ ਕੀਤੀ ਜਾ ਰਹੀ ਹੈ ਜਿਸ ਨਾਲ ਕੁੱਲ ਦਾਖਲਾ ਅਨੁਪਾਤ ਦਰ ਵਧਾਉਣ ਵਿੱਚ ਮਦਦ ਮਿਲ ਰਹੀ ਹੈ। ਇਸ ਮਿਸ਼ਨ ਦੀ ਮੁੱਖ ਵਿਸ਼ੇਸ਼ਤਾ ਹੈ ਕਿ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ 11 ਕਾਲਜਾਂ ਵਿੱਚ ਪੜ੍ਹ ਰਹੇ ਕੁੱਲ 20,000 ਵਿਦਿਆਰਥੀਆਂ ਵਿਚੋਂ 70 ਪ੍ਰਤੀਸ਼ਤ ਉਹ ਲੜਕੀਆਂ ਹਨ ਜਿਨ੍ਹਾਂ ਨੇ ਉਚ ਸਿੱਖਿਆ ਹਾਸਲ ਕਰਨਾ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ । ਇਸ ਮੌਕੇ ਤੇ ਡਾ. ਅੰਮ੍ਰਿਤਪਾਲ ਕੌਰ, ਐਡੀਸ਼ਨਲ ਡੀਨ, ਵਿਦਿਆਰਥੀ ਭਲਾਈ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

