ਪਟਿਆਲਾ

ਡਾ. ਗੰਡਾ ਸਿੰਘ ਮੈਮੋਰੀਅਲ ਲੈਕਚਰ ਆਯੋਜਿਤ

ਪਟਿਆਲਾ,15 ਸਤੰਬਰ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵਲੋਂ ਇਥੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਡਾ. ਗੰਡਾ ਸਿੰਘ ਮੈਮੋਰੀਅਲ ਲੈਕਚਰ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ। ਉਘੇ ਇਤਿਹਾਸ ਵਿਦਵਾਨ ਡਾ. ਹਰੀਸ਼ ਪੁਰੀ, ਰਿਟਾਇਰਡ ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਇਹ ਯਾਦਗਾਰੀ ਭਾਸ਼ਣ ਪੇਸ਼ ਕੀਤਾ।

ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਦੁਨੀਆਂ ਵਿੱਚ ਅਜਿਹੀ ਮਿਸਾਲ ਮਿਲਣੀ ਔਖੀ ਹੈ ਕਿ ਰੋਜ਼ਗਾਰ ਦੀ ਭਾਲ ਵਿੱਚ ਗਏ ਪ੍ਰਵਾਸੀਆਂ ਪੰਜਾਬੀਆਂ ਵਿੱਚ ਆਜ਼ਾਦੀ ਸੰਘਰਸ਼ ਦੀ ਅਜਿਹੀ ਚਿਣਗ ਜਾਗੀ ਜਿਸ ਨੇ ਗਦਰ ਲਹਿਰ ਨੂੰ ਜਨਮ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਗਦਰ ਲਹਿਰ ਦੇ ਹਵਾਲੇ ਨਾਲ ਮਹੱਤਵਪੂਰਨ ਯੋਗਦਾਨ ਪਾਇਆ ਹੈ।।
ਡਾ. ਜਸਪਾਲ ਸਿੰਘ ਨੇ ਹੋਰ ਕਿਹਾ ਕਿ ਕਾਮਾਗਾਟਾਮਾਰੂ ਘਟਨਾ ਨਾਲ ਸਬੰਧਤ ਕਈ ਨਾਟਕ ਖੇਡੇ ਜਾ ਚੁੱਕੇ ਹਨ। ਡਾ.ਜਸਪਾਲ ਸਿੰਘ ਨੇ ਡਾ. ਗੰਡਾ ਸਿੰਘ ਦੀ ਸ਼ਖਸੀਅਤ ਤੇ ਵੀ ਚਾਨਣਾ ਪਾਇਆ। ਇਸ ਮੌਕੇ ਤੇ ਡਾ. ਜਸਪਾਲ ਸਿੰਘ ਵਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ।
“ਗਦਰ ਲਹਿਰ ਅਤੇ ਬੰਗਾਲ ਤੇ ਮਹਾਂਰਾਸ਼ਟਰ ਵਿੱਚ ਸਮਕਾਲੀ ਕ੍ਰਾਂਤੀਕਾਰੀ ਰਾਸ਼ਟਰਵਾਦੀ ਸੰਘਰਸ਼: ਵਿਲੱਖਣ ਵਿਸ਼ੇਸ਼ਤਾਵਾਂ ਅਤੇ ਸਬੰਧਾਂ ਦੀ ਖੋਜ“ ਵਿਸ਼ੇ ਤੇ ਯਾਦਗਾਰੀ ਭਾਸ਼ਣ ਪ੍ਰਸਤੁਤ ਕਰਦਿਆਂ ਡਾ. ਹਰੀਸ਼ ਪੁਰੀ ਨੇ ਗਦਰ ਲਹਿਰ ਦੌਰਾਨ ਪੰਜਾਬੀ ਕਿਸਾਨਾਂ ਦੁਆਰਾ ਨਿਭਾਏ ਗਏ ਰੋਲ ਦੀ ਪ੍ਰਸ਼ੰਸਾ ਕਰਦਿਆਂ ਇਸ ਸੰਦਰਭ ਵਿੱਚ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ।
ਉਨ੍ਹਾਂ ਨੇ ਗਦਰੀ ਬਾਬਿਆਂ, ਬੰਗਾਲ ਅਤੇ ਮਹਾਰਾਸ਼ਟਰ ਦੇ ਕ੍ਰਾਂਤੀਕਾਰੀਆਂ ਦੀ ਕਾਰਜ-ਵਿਧੀ ਦੀਆਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਾ ਜ਼ਿਕਰ ਕੀਤਾ। ਡਾ. ਪੁਰੀ ਨੇ ਦੱਸਿਆ ਕਿ ਮਹਾਰਾਸ਼ਟਰ ਤੇ ਬੰਗਾਲ ਦੇ ਵਿੱਚ ਧਰਮ, ਬਾਈਕਾਟ ਲਹਿਰ, ਸਵਰਾਜ, ਸਵਦੇਸ਼ੀ ਲਹਿਰ ਅਤੇ ਵੰਦੇ ਮਾਤਰਮ ਨੂੰ ਇਸ ਸੰਘਰਸ਼ ਦੇ ਦੌਰਾਨ ਵੱਧ-ਚੜ੍ਹ ਕੇ ਉਜਾਗਰ ਕੀਤਾ ਗਿਆ, ਜਦੋਂ ਕਿ ਗਦਰੀ ਬਾਬਿਆਂ ਨੇ ਹਰ ਵਿਸ਼ਵਾਸ ਨੂੰ ਮੰਨਦਿਆਂ ਉਸ ਦੀ ਇੱਜ਼ਤ ਕੀਤੀ। ਉਹ ਪੱਛਮੀ ਦੇਸ਼ ਵਿੱਚ ਰਹਿੰਦੇ ਹੋਏ ਵਿਦੇਸ਼ੀ ਸਮਾਨ ਦੇ ਇਸਤੇਮਾਲ ਨੂੰ ਨਕਾਰ ਨਹੀਂ ਸੀ ਸਕਦੇ। ਬੰਗਾਲ ਤੇ ਮਹਾਰਾਸ਼ਟਰ ਦੇ ਇਨਕਲਾਬੀ ਪੜ੍ਹੇ-ਲਿਖੇ ਅਤੇ ਨੌਜਵਾਨ ਵਰਗ ਨਾਲ ਸੰਬੰਧ ਰੱਖਦੇ ਸਨ। ਉਨ੍ਹਾਂ ਦਾ ਕਿਸਾਨੀ ਨਾਲ ਕੋਈ ਤੁਅੱਲਕ ਨਹੀਂ ਸੀ ਜਦੋਂ ਕਿ ਗਦਰ ਲਹਿਰ ਵਿੱਚ ਕਿਸਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਤੇ ਡਾ. ਇੰਦੂ ਬਾਂਗਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਤੋਂ ਪਹਿਲਾਂ ਵਿਭਾਗ ਦੀ ਮੁਖੀ ਡਾ. ਬਲਵਿੰਦਰਜੀਤ ਕੌਰ ਭੱਟੀ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਲੈਕਚਰ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਪਿਛਲੇ ਸਾਲ ਆਯੋਜਿਤ ਕੀਤੇ ਗਏ ਡਾ. ਗੰਡਾ ਸਿੰਘ ਯਾਦਗਾਰੀ ਭਾਸ਼ਣ ਨੂੰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਡਾ. ਗੁਰਨਾਮ ਸਿੰਘ, ਡੀਨ ਅਕਾਦਮਿਕ ਮਾਮਲੇ ਨੇ ਆਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਸਾਂਝੇ ਕੀਤੇ।

Leave a Reply

Your email address will not be published. Required fields are marked *