ਸਮੁੱਚੀਆਂ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਸਿੱਖ ਸੰਸਥਾਵਾਂ ਸੰਪਰਦਾਵਾਂ ਅਤੇ ਸਖਸ਼ੀਅਤਾਂ ਅਤੇ ਸਿਆਸੀ ਦਲਾਂ ਦੀ ਸਾਂਝੀ ਮੀਟਿੰਗ ਬੁਲਾਈ ਜਾਵੇਗੀ
ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੌਮੀ ਇਨਸਾਫ ਮੋਰਚੇ ਦੇ ਵਰਕਿੰਗ ਗਰੁੱਪ ਦੀ ਮੀਟਿੰਗ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਬਾਪੂ ਗੁਰਚਰਨ ਸਿੰਘ ਜੀ ਦੀ ਪ੍ਰਧਾਨਗੀ ਹੇਠਾਂ ਹੋਈ। ਇਸ ਮੀਟਿੰਗ ਵਿੱਚ ਅਗਲੇ ਅੰਦੋਲਨ ਦੀ ਰੂਪਰੇਖਾ ਬਣਾਉਣ ਵਾਸਤੇ ਤੈਅ ਕੀਤਾ ਗਿਆ ਕਿ ਮਿਤੀ ਪੰਜ ਦਸੰਬਰ 2025 ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਸਮੁੱਚੀਆਂ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਸਿੱਖ ਸੰਸਥਾਵਾਂ ਸੰਪਰਦਾਵਾਂ ਅਤੇ ਸਖਸ਼ੀਅਤਾਂ ਅਤੇ ਸਿਆਸੀ ਦਲਾਂ ਦੀ ਸਾਂਝੀ ਮੀਟਿੰਗ ਬੁਲਾਈ ਜਾਵੇਗੀ। ਉਸ ਮੀਟਿੰਗ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਨਾਲ ਨਾਲ ਭਾਰਤ ਭਰ ਦੀਆਂ ਜੇਲਾਂ ਵਿੱਚ ਬੰਦ ਰਾਜਨੀਤਿਕ ਕੈਦੀਆਂ ਦੀ ਰਿਹਾਈ ਵਾਸਤੇ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ ਲੈਣ ਵਾਸਤੇ ਅਤੇ ਬੇਅਦਬੀਆਂ ਦੇ ਵਿਰੁੱਧ ਲੜ ਰਹੇ ਲੋਕਾਂ ਉੱਤੇ ਜ਼ੁਲਮ ਢਾਉਣ ਅਤੇ ਅਫਸਰਾਂ ਅਤੇ ਰਾਜਨੀਤਿਕ ਹਸਤੀਆਂ ਖਿਲਾਫ ਕਾਰਵਾਈ ਕਰਾਉਣ ਵਾਸਤੇ ਅਤੇ ਬੇਅਦਬੀਆਂ ਨੂੰ ਰੋਕਣ ਲਈ ਸਖਤ ਤੋਂ ਸਖਤ ਕਾਨੂੰਨ ਬਣਾਉਣ ਵਾਸਤੇ ਜੋ ਸੰਘਰਸ਼ ਚੱਲ ਰਿਹਾ ਹੈ ਉਸ ਸੰਘਰਸ਼ ਨੂੰ ਹੋਰ ਤੇਜ ਅਤੇ ਵਿਸ਼ਾਲ ਕਰਨ ਵਾਸਤੇ ਅਗਲੀ ਰਣਨੀਤੀ ਉਲੀਕੀ ਜਾਵੇਗੀ।
ਅੱਜ ਦੀ ਮੀਟਿੰਗ ਵਿੱਚ ਇਕਬਾਲ ਸਿੰਘ ਜੋ ਦਿੱਲੀ ਤੋਂ ਆਏ ਸਨ ਅਤੇ ਜੋ ਲਗਾਤਾਰ ਜਥੇਦਾਰ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਕਰਨ ਲਈ ਜਾਂਦੇ ਹਨ ਦੱਸਿਆ ਕਿ ਜਥੇਦਾਰ ਹਵਾਰਾ ਜੀ ਹਰੇਕ ਤਰੀਕੇ ਨਾਲ ਚੜਦੀਆਂ ਕਲਾ ਵਿੱਚ ਹਨ ਅਤੇ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਪੰਜਾਬ ਹਿਤੈਸ਼ੀ ਅਤੇ ਸਿੱਖ ਹਿਤੇਸ਼ੀ ਸਮੁੱਚੀਆਂ ਜਥੇਬੰਦੀਆਂ ਨੂੰ ਕੌਮੀ ਇਨਸਾਫ ਮੋਰਚਾ ਆਪਣੇ ਨਾਲ ਲੈ ਕੇ ਚੱਲੇ। ਬਾਪੂ ਗੁਰਚਰਨ ਸਿੰਘ ਜੀ ਨੇ ਦੱਸਿਆ ਕਿ ਕੱਲ ਮਿਤੀ 21 ਨਵੰਬਰ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਬਜ਼ੁਰਗ ਮਾਤਾ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਾਇਆ ਗਿਆ ਹੈ। ਜਥੇਦਾਰ ਗੁਰਦੀਪ ਸਿੰਘ ਬਠਿੰਡਾ ਜੀ ਨੇ ਰਿਪੋਰਟ ਕੀਤੀ ਕਿ 14 ਨਵੰਬਰ ਨੂੰ ਸ਼ੰਬੂ ਬਾਰਡਰ ਵਿਖੇ ਕੌਮੀ ਇਨਸਾਫ ਮੋਰਚੇ ਦੇ ਇਕੱਠ ਕਰਕੇ ਪੰਜਾਬ ਅਤੇ ਦਿੱਲੀ ਦੀਆਂ ਸਰਕਾਰਾਂ ਦੇ ਅੰਦਰ ਕਾਫੀ ਹਲਚਲ ਆਈ ਹੋਈ ਹੈ। ਉਨਾਂ ਨੇ ਇਹ ਵੀ ਦੱਸਿਆ ਕਿ ਜੇਕਰ ਮੋਰਚੇ ਦਾ ਦਬਾਅ ਨਾ ਹੁੰਦਾ ਤਾਂ ਗ੍ਰਹ ਮੰਤਰਾਲੇ ਦਾ ਜੁਆਇੰਟ ਸੈਕਟਰੀ ਖੁਦ ਚੱਲ ਕੇ ਸ਼ੰਬੂ ਬਾਰਡਰ ਤੇ ਨਾ ਆਉਂਦਾ । ਸਾਰਿਆਂ ਦੀ ਸਰਬ ਸੰਮਤ ਰਾਏ ਸੀ ਕਿ ਉਪਰੋਕਤ ਮੁੱਦਿਆਂ ਤੇ ਮੰਗਾਂ ਨੂੰ ਪ੍ਰਾਪਤ ਕਰਨ ਲਈ ਕੌਮੀ ਇਨਸਾਫ ਮੋਰਚੇ ਦੇ ਮੋਹਾਲੀ ਵਿਖੇ ਚੱਲ ਰਹੇ ਪ੍ਰੋਗਰਾਮ ਨੂੰ ਹੋਰ ਮਜਬੂਤ ਕਰਨਾ ਚਾਹੀਦਾ ਹੈ ਅਤੇ ਦੇਸ਼ ਵਿਆਪੀ ਅੰਦੋਲਨ ਨੂੰ ਹੋਰ ਤਿੱਖਾ ਅਤੇ ਸਰਬ ਵਿਆਪਕ ਬਣਾਉਣ ਦੀ ਜਰੂਰਤ ਹੈ ਜਿਸ ਬਾਰੇ ਪੰਜ ਦਸੰਬਰ ਦੀ ਮੀਟਿੰਗ ਵਿੱਚ ਚਰਚਾ ਕਰਨ ਉਪਰੰਤ ਫੈਸਲੇ ਲੈ ਜਾਣਗੇ। ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਅਤੇ ਹਰਿਆਣੇ ਦੀਆਂ ਸਮੁੱਚੀਆਂ ਕਿਸਾਨ ਮਜ਼ਦੂਰ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਪੰਜ ਤਰੀਕ ਨੂੰ ਠੀਕ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਦੇਸ਼ ਦੀਆਂ ਜੇਲਾਂ ਵਿੱਚ ਬੰਦ ਸਿਆਸੀ ਕੈਦੀਆਂ ਦੀ ਰਿਹਾਈ ਲਈ ਚੱਲ ਰਹੇ ਅੰਦੋਲਨ ਲਈ ਰਣਨੀਤੀ ਘਣ ਵਾਸਤੇ ਮੀਟਿੰਗ ਵਿੱਚ ਸ਼ਾਮਿਲ ਹੋਣ।

