ਗਾਜੀਪੁਰ ਦੇ ਸਰਕਾਰੀ ਕੈਟਲ ਪੌਂਡ ਨੂੰ 1 ਕਰੋੜ ਰੁਪਏ ਹੋਰ ਜਾਰੀ: ਕੀਮਤੀ ਭਗਤ
50 ਲੱਖ ਰੁਪਏ ਦੀ ਪਹਿਲੀ ਕਿਸ਼ਤ ਇੱਕ ਹਫ਼ਤੇ ਚੇਅਰਮੈਨ ਗਊ ਸੇਵਾ ਕਮਿਸ਼ਨ
ਪਟਿਆਲਾ 19 ਸਤੰਬਰ (ਮਧੂਸਾਰ ਬਿਓੂਰੋ) ਸਮਾਣਾ ਬ੍ਰਾਕ ਦੇ ਪਿੰਡ ਗਾਜੀਪੁਰ ਦੇ ਸਰਕਾਰੀ ਕੈਟਲ ਪੌਂਡ ਲਈ ਪੰਜਾਬ ਸਰਕਾਰ ਨੇ 1 ਕਰੋੜ ਰੁਪਏ ਦੀ ਰਾਸ਼ੀ ਹੋਰ ਜਾਰੀ ਕੀਤੀ ਹੈ। 20 ਏਕੜ ਤੋਂ ਵੱਧ ਰਕਬੇ ਵਿਚ ਬਣੇ ਸਰਕਾਰੀ ਕੈਟਲ ਪੌਂਡ ਲਈ 50 ਲੱਖ ਰੁਪਏ ਦੀ ਪਹਿਲੀ ਕਿਸ਼ਤ ਇਸੇ ਹਫ਼ਤੇ ‘ਚ ਮਿਲ ਜਾਵੇਗੀ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਸਥਾਨਕ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਸਮੂਹ ਗਊਸ਼ਾਲਾਵਾਂ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।
ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਗਊਸ਼ਾਲਾਵਾਂ ਲਈ ਕੀਤੇ ਗਏ ਕੰਮਾਂ ਦੀ ਜਾਣਕਾਰੀ ਦੇਂਦੇ ਹੋਏ ਉਨਾਂ ਦੱਸਿਆ ਕਿ ਗਊਸ਼ਾਲਾਵਾਂ ਨੂੰ ਮੁਫ਼ਤ ਬਿਜਲੀ, ਪਾਣੀ ਅਤੇ ਹੋਰ ਬਿਹਤਰ ਸਹੂਲਤਾਂ ਦੇਣ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਸੂਬਾ ਸਰਕਾਰ ਦੇ ਅਹਿਮ ਉੱਦਮ ਸਦਕਾ ਬੇਸਹਾਰਾ ਗਊ ਧਨ ਦੀ ਸਾਂਭ ਸੰਭਾਲ ਅਤੇ ਸੁਰੱਖਿਆ ਲਈ ਵਿਸੇਸ ਤੌਰ ‘ਤੇ ਹਰੇਕ ਜ਼ਿਲ੍ਹੇ ‘ਚ ਇੱਕ ਮਾਡਲ ਕੈਟਲ ਪੌਂਡ ਬਣਾਇਆ ਗਿਆ ਹੈ। ਰਾਜ ‘ਚ ਅਜਿਹੇ 22 ਪੌਂਡ ਬਣਾਏ ਗਏ ਹਨ, 15 ਤੋਂ 25 ਏਕੜ ਜ਼ਮੀਨ ਅੰਦਰ ਗਊਸ਼ਾਲਾਵਾਂ ਦਾ ਨਿਰਮਾਣ ਕਰਵਾਉਣ ਲਈ ਹਰ ਗਊਸ਼ਾਲਾ ‘ਤੇ ਲਗਭਗ 1 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਅਤੇ ਹੁਣ 1-1 ਕਰੋੜ ਰੁਪਏ ਹੋਰ ਦਿੱਤੇ ਜਾ ਰਹੇ ਹਨ। ਸ੍ਰੀ ਕੀਮਤੀ ਭਗਤ ਨੇ ਕਿਹਾ ਕਿ ਇੰਨਾ ਗਊਸ਼ਾਲਾਵਾਂ ਦਾ ਸਾਰਾ ਕੰਮ ਆਉਂਦੇ ਤਿੰਨ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ।
ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਸੂਬੇ ਅੰਦਰ ਹੁਣ ਵੀ 1 ਲੱਖ 6 ਹਜ਼ਾਰ ਬੇਸਹਾਰਾ ਗਊ ਧੰਨ ਹੈ ਜਿਨ੍ਹਾਂ ਨੂੰ ਬਿਹਤਰ ਤਰੀਕੇ ਨਾਲ ਰੱਖਣ ਲਈ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਲਈ ਦੂਜੀ ਕਿਸ਼ਤ ਵਜੋਂ 22 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਹੈ।
ਉਨਾਂ ਦੱਸਿਆਂ ਕਿ ਇਹਨਾਂ ਕੈਟਲ ਪੌਂਡ ਦੇ ਬਣਨ ਨਾਲ ਆਵਾਰਾ ਪਸ਼ੂਆਂ ਨਾਲ ਹੋਣ ਵਾਲੀਆਂ ਸੜਕੀ ਦੁਰਘਟਨਾਵਾਂ ਨੂੰ ਭਾਰੀ ਠੱਲ੍ਹ ਪਵੇਗੀ। ਕਿਉਂਕਿ ਪਿਛਲੇ ਢਾਈ ਸਾਲਾਂ ਵਿੱਚ ਆਵਾਰਾ ਪਸ਼ੂਆਂ ਕਾਰਨ 300 ਮਨੁੱਖੀ ਜਾਨਾਂ ਅਜਾਈ ਜਾ ਚੁੱਕੀਆਂ ਹਨ।
ਸ੍ਰੀ ਭਗਤ ਨੇ ਦੱਸਿਆਂ ਕਿ ਇਸ ਸਮੇਂ ਪੰਜਾਬ ਵਿੱਚ ਕਰੀਬ 472 ਗਊਸ਼ਾਲਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ‘ਚ 2 ਲੱਖ 69 ਹਜ਼ਾਰ ਗਊ ਧਨ ਅਤੇ ਨੰਦੀ ਹਨ।
ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਪੰਜਾਬ ਦੀਆਂ ਸਮੂਹ ਗਊਸ਼ਾਲਾਵਾਂ ਵਿੱਚ ਆਉਣ ਵਾਲਾ ਹਰ ਤਰਾਂ ਦਾ ਸਮਾਨ ਵੈਟ ਮੁਕਤ ਕੀਤਾ ਗਿਆ ਹੈ। 170 ਆਈਟਮਾਂ ਹਨ ਜਿਨ੍ਹਾਂ ਨੂੰ ਵੈਟ ਕਰ ਮੁਕਤ ਕੀਤਾ ਗਿਆ ਹੈ। ਜਿਸ ਨਾਲ 17 ਕਰੋੜ ਰੁਪਏ ਦਾ ਲਾਭ ਗਊ ਸ਼ਾਲਾਵਾਂ ਨੂੰ ਹੋਇਆ ਹੈ। ਉਨਾਂ ਦੱਸਿਆਂ ਕਿ ਗਊਸ਼ਾਲਾਵਾਂ ਨੂੰ ਪੰਜਾਬ ਸਰਕਾਰ ਵੱਲੋਂ ਡਾਕਟਰੀ ਸਹੂਲਤਾਂ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਸਰਕਾਰ ਵੱਲੋਂ 50 ਲੱਖ ਦੀ ਦਵਾਈ ਗਊਸ਼ਾਲਾਵਾਂ ਨੂੰ ਸਪਲਾਈ ਕੀਤੀ ਜਾ ਰਹੀ ਹੈ। ਗਊਆਂ ਦੀ ਸੁਰੱਖਿਆ ਲਈ ਜ਼ਿਲ੍ਹਾ ਪੱਧਰ ਤੇ ਪੰਜਾਬ ਪੁਲਿਸ ਵੱਲੋਂ ਗਊ ਸੁਰੱਖਿਆ ਸੈੱਲ ਬਣਾਏ ਗਏ ਹਨ, ਜਿਨ੍ਹਾਂ ਦੇ ਇੰਚਾਰਜ ਐਸ.ਪੀ. ਅਤੇ ਡੀ.ਐਸ.ਪੀ ਰੈਕ ਦੇ ਅਧਿਕਾਰੀ ਨੂੰ ਲਗਾਇਆ ਗਿਆ ਹੈ।
ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਪੰਜਾਬ ਰਾਜ ਦੀਆਂ ਸਮੂਹ ਨਗਰ ਕੌਂਸਲ, ਨਗਰ ਕਮੇਟੀਆਂ ਅਤੇ ਨਗਰ ਨਿਗਮ ਨੂੰ ਗਊ ਸੈੱਸ ਲਗਾਉਣ ਲਈ ਰਾਜ ਸਰਕਾਰ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨਾਂ ਸਮੂਹ ਗਊਸ਼ਾਲਾਵਾਂ ਵਿੱਚ ਸੇਵਾ ਕਰਨ ਵਾਲੇ ਗਊ ਭਗਤਾਂ ਨੂੰ ਪੰਜਾਬ ਗਊ ਸੇਵਾ ਕਮਿਸ਼ਨ ਨਾਲ ਆਪਣੀ ਗਊਸ਼ਾਲ ਨੂੰ ਰਜਿਸਟਰਡ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀਆਂ ਸਮੂਹ ਸਹੂਲਤਾਂ ਹਰੇਕ ਗਊਸ਼ਾਲਾ ਨੂੰ ਮਿਲ ਸਕੇ। ਇਸ ਮੌਕੇ ਉਹਨਾਂ ਪਟਿਆਲਾ ਜ਼ਿਲ੍ਹੇ ਦੀ ਸਵੈ ਸੇਵੀ ਸੰਸਥਾਵਾਂ ਅਤੇ ਗਊ ਸਾਲਾਵਾਂ ਦੇ ਪ੍ਰਬੰਧਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।
ਇਸ ਮੌਕੇ ਗਊ ਸੇਵਾ ਕਮਿਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਸ੍ਰੀ ਦੁਰਗੇਸ਼ ਸ਼ਰਮਾ, ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ, ਬੀ.ਜੇ.ਪੀ. ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਐਸ.ਕੇ.ਦੇਵ, ਸ੍ਰੀ ਪਵਨ ਗੁਪਤਾ, ਸ੍ਰੀ ਮਹੰਤ ਰਵੀ ਕਾਂਤ, ਸ੍ਰੀ ਲਖਵਿੰਦਰ ਸਰੀਨ, ਸ੍ਰੀ ਵਰਿੰਦਰ ਖੰਨਾ, ਸ੍ਰੀ ਸੰਜੀਵ ਕੁਮਾਰ ਬਬਲਾ, ਸ੍ਰੀ ਰਮੇਸ਼ ਵਰਮਾ, ਸ੍ਰੀ ਸੰਜੀਵ ਧੀਮਾਨ, ਡਾ. ਸੰਦੀਪ ਅਰੋੜਾ, ਸ੍ਰੀ ਪ੍ਰੇਮ ਸ਼ਰਮਾ, ਸ੍ਰੀ ਰਵਿੰਦਰ ਸਿੰਗਲਾ, ਸ੍ਰੀ ਸ਼ਮਾਂ ਕਾਂਤ ਪਾਂਡੇ ਅਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਪਰਮਿੰਦਰ ਸਿੰਘ ਗਿੱਲ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਐਚ ਐਮ ਵਾਲੀਆ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਸ੍ਰੀ ਗਗਨਦੀਪ ਸਿੰਘ ਵਿਰਕ, ਡੀ.ਐਸ.ਪੀ. ਸ੍ਰੀ ਕੇਸਰ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਗਉਸ਼ਲਾਵਾਂ ਦੇ ਪ੍ਰਬੰਧਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।

