ਨਵੇਂ ਪਨਪ ਰਹੇ ਸਿਆਸੀ ਫ੍ਰੰਟ ਦਾ ਸੂਬੇ ਦੀ ਸਿਆਸਤ ਤੇ ਨਹੀਂ ਹੋਵੇਗਾ ਕੋਈ ਅਸਰ : ਮੁੱਖ ਮੰਤਰੀ
ਸਿੰਘੇਵਾਲਾ, ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਮਧੂਸਾਰ ਬਿਓੂਰੋ)
ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਜੰਮੂ ਕਸ਼ਮੀਰ ਦੇ ਊੜੀ ਵਿਖੇ ਹੋਏ ਆਂਤਕੀ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹਰ ਪ੍ਰਕਾਰ ਦਾ ਨਿਰਣਾ ਲੈਣ ਦੀ ਸਮੱਰਥਾ ਰੱਖਦੇ ਹਨ ਅਤੇ ਭਾਰਤ ਸਰਕਾਰ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਢੁਕਵਾਂ ਜਵਾਬ ਦੇਵੇਗੀ।
ਲੰਬੀ ਹਲਕੇ ਵਿਚ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਏਕਤਾ ਅਖੰਡਤਾ ਤੇ ਹਮਲਾ ਕਰਨ ਵਾਲੀਆਂ ਤਾਕਤਾਂ ਨੂੰ ਦੇਸ਼ ਵੱਲੋਂ ਬਣਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਵਿਚ ਐਨ.ਡੀ.ਏ. ਸਰਕਾਰ ਦੇਸ਼ ਦੀ ਏਕਤਾ, ਅਖੰਡਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਦੇਸ ਦੀਆਂ ਸਰਹੱਦਾਂ ਦੀ ਪੂਰੀ ਮੁਸਤੈਦੀ ਨਾਲ ਰੱਖਿਆ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਨਾਲ ਕਰੜੇ ਹੱਥੀ ਨਿਪਟਿਆ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਦੇ ਸਮਪ੍ਰਭੂਤਾ ਤੇ ਹਮਲਾ ਕਰਨਾ ਵਾਲੀ ਕਿਸੇ ਵੀ ਤਾਕਤ ਨੂੰ ਕਰਾਰਾ ਜਵਾਬ ਮਿਲ ਸਕੇ।
ਪੱਤਰਕਾਰਾਂ ਵੱਲੋਂ ਸੁੱਚਾ ਸਿੰਘ ਛੋਟੇਪੁਰ ਵੱਲੋਂ ਇਕ ਹੋਰ ਸਿਆਸੀ ਫ੍ਰੰਟ ਬਣਾਏ ਜਾਣ ਦੀਆਂ ਸੰਭਾਵਨਾਵਾਂ ਸਬੰਧੀ ਪੁੱਛੋਂ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਦੀ ਇਸ ਰੁੱਤ ਵਿਚ ਅਜਿਹੇ ਹੋਰ ਬਥੇਰੇ ਚੋਣ ਫ੍ਰੰਟ ਖੁੰਭਾਂ ਵਾਂਗ ਉਗਣਗੇ ਪਰ ਇੰਨ੍ਹਾਂ ਦਾ ਪੰਜਾਬ ਦੀ ਸਿਆਸਤ ਤੇ ਉੱਕਾ ਹੀ ਕੋਈ ਅਸਰ ਨਹੀਂ ਹੋਣ ਵਾਲਾ ਹੈ ਕਿਉਂਕਿ ਪੰਜਾਬ ਦੇ ਸੁਚੇਤ ਲੋਕ ਅਜਿਹੇ ਸਾਰੇ ਫ੍ਰੰਟਾਂ ਨੂੰ ਨਕਾਰ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਲੋਕਾਂ ਨੂੰ ਮੁੰਹ ਨਹੀਂ ਲਾਉਂਦੇ ਜੋ ਆਪਣੀ ਸੱਤਾ ਦੀ ਭੁੱਖ ਦੇ ਲਾਲਚ ਵਿਚ ਆਪਣੀ ਹੀ ਮਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਕੇ ਗਏ ਹਨ।
ਇਸ ਤੋਂ ਪਹਿਲਾਂ ਪਿੰਡ ਹਾਕੂ ਵਾਲਾ, ਫੱਤਾ ਖੇੜਾ, ਵੜਿੰਗ ਖੇੜਾ, ਫਤੁਹੀ ਵਾਲਾ, ਸਿੰਘੇਵਾਲਾ, ਮਿੱਠੜੀ ਬੁੱਧਗਿਰ ਵਿਖੇ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਕਲਿਆਣਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੱਛਲੇ 9 ਸਾਲਾਂ ਤੋਂ ਲਗਾਤਾਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਜਿਸ ਤੇ ਇਕ ਸਾਲ ਦਾ ਖਰਚ 5600 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਸੂਬਾ ਸੀ ਜਿਸ ਨੇ ਲੋੜਵੰਦ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਆਟਾ ਦਾਲ ਸਕੀਮ ਸ਼ੁਰੂ ਕੀਤੀ ਅਤੇ ਕੈਂਸਰ ਅਤੇ ਕਾਲੇ ਪੀਲੀਏ ਦੇ ਮੁਫ਼ਤ ਇਲਾਜ ਦੀ ਸਹੁਲਤ ਵੀ ਕੇਵਲ ਪੰਜਾਬ ਵਿਚ ਹੀ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਛੋਟੇ ਕਿਸਾਨਾਂ ਦੀ ਭਲਾਈ ਲਈ 50000 ਰੁਪਏ ਤੱਕ ਦੇ ਵਿਆਜ ਮੁਕਤ ਕਰਜ ਦੇਣ ਦੀ ਯੋਜਨਾ ਉਲੀਕੀ ਗਈ ਹੈ। ਇਸੇ ਤਰਾਂ ਕਿਸਾਨਾਂ ਲਈ 50 ਹਜਾਰ ਰੁਪਏ ਤੱਕ ਦੇ ਸਿਹਤ ਬੀਮੇ ਦੀ ਸਹੁਲਤ ਵੀ ਦਿੱਤੀ ਗਈ ਹੈ ਜਿਸ ਤਹਿਤ ਦੁਰਘਟਨਾ ਵਿਚ ਪਰਿਵਾਰ ਮੁੱਖੀ ਦੀ ਮੌਤ ਹੋ ਜਾਣ ਤੇ 5 ਲੱਖ ਰੁਪਏ ਦਾ ਮੁਆਵਜਾ ਵੀ ਦਿੱਤਾ ਜਾਂਦਾ ਹੈ।
ਇਸ ਮੌਕੇ ਸੰਗਤ ਦਰਸ਼ਨ ਸਮਾਗਮਾਂ ਦੀ ਮਹੱਤਤਾ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਫਲੈਗਸ਼ਿਪ ਪ੍ਰੋਗਰਾਮ ਹੈ ਅਤੇ ਉਨ੍ਹਾਂ ਵੱਲੋਂ ਸ਼ੁਰੂ ਤੋਂ ਹੀ ਇਹ ਪ੍ਰੋਗਰਾਮ ਸਫਲਤਾ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਦਾ ਲੋਕ ਪੱਖੀ ਪ੍ਰੋਗਰਾਮ ਹੋਰ ਕਿਧਰੇ ਵੀ ਵੇਖਣ ਨੂੰ ਨਹੀਂ ਮਿਲਦਾ ਜਿੱਥੇ ਸੁਬੇ ਦੇ ਮੁੱਖ ਮੰਤਰੀ ਖੁਦ ਇਸ ਤਰਾਂ ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਮੁਸਕਿਲਾਂ ਸੁਣਦੇ ਹੋਣ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਲੋਕਾਂ ਦੇ ਮਸਲਿਆਂ ਦਾ ਉਨ੍ਹਾਂ ਦੇ ਪਿੰਡਾਂ ਵਿਚ ਹੀ ਹੱਲ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਸ ਲਈ ਸਰਕਾਰੀ ਦਫ਼ਤਰਾਂ ਤੱਕ ਵੀ ਨਹੀਂ ਆਉਣਾ ਪੈਂਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਪੰਜਾਬ ਐਗਰੋ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਕੋਆਰਡੀਨੇਟਰ ਸ: ਅਵਤਾਰ ਸਿੰਘ ਵਣਵਾਲਾ, ਸਹਿਕਾਰੀ ਬੈਂਕ ਦੇ ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਬਲਾਕ ਸੰਮਤੀ ਦੇ ਚੇਅਰਮੈਨ ਸ: ਗੁਰਬਖਸ਼ੀਸ ਸਿੰਘ ਵਿੱਕੀ ਮਿੱਡੂਖੇੜਾ, ਸ: ਹਰਬੀ ਬਾਦਲ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ, ਐਸ.ਐਸ.ਪੀ. ਸ: ਗੁਰਪ੍ਰੀਤ ਸਿੰਘ ਗਿੱਲ, ਏ.ਡੀ.ਸੀ. ਸ: ਕੁਲਵੰਤ ਸਿੰਘ, ਸ: ਹਰਮੇਸ਼ ਸਿੰਘ ਖੁੱਡੀਆਂ, ਸ: ਗੁਰਪਾਲ ਸਿੰਘ ਗੋਰਾ, ਸ: ਜਸਵਿੰਦਰ ਸਿੰਘ ਧੌਲਾ ਆਦਿ ਵੀ ਹਾਜਰ ਸਨ।

