ਅੰਮ੍ਰਿਤਸਰਚੰਡੀਗੜ੍ਹਜਲੰਧਰਪੰਜਾਬ

ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ

ਅੰਮ੍ਰਿਤਸਰ, 17 ਮਾਰਚ-(ਮਧੂਸਾਰ ਬਿਊਰੋ) ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਤਾਵਰਣ ਦਿਵਸ ਦੇ ਰੂਪ ਵਿਚ ਮਨਾਇਆ ਗਿਆ। ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਬਲਵਿੰਦਰ ਸਿੰਘ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਸਰਵਣ ਕਰਵਾਇਆ।

ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਸੰਗਤਾਂ ਨਾਲ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਜੀਵਨ ਇਤਿਹਾਸ ਸਬੰਧੀ ਵਿਚਾਰਾਂ ਕੀਤੀਆਂ। ਉਨ੍ਹਾਂ ਕਿਹਾ ਕਿ ਸੱਤਵੇਂ ਪਾਤਸ਼ਾਹ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਬਾਗ਼ ਲਗਾ ਕੇ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੱਤਾ। ਨੁਮਾਇੰਦਾ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਸਾਹਿਬ ਦੇ ਗੁਰਤਾਗੱਦੀ ਦਿਵਸ ਨੂੰ ਹਰ ਸਾਲ ਵਾਤਾਵਰਣ ਦਿਵਸ ਵਜੋਂ ਮਨਾ ਕੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਆ ਜਾਂਦਾ ਹੈ। ਉਨ੍ਹਾਂ ਸੰਗਤਾਂ ਨੂੰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀ ਵਧਾਈ ਦਿੱਤੀ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਪੇ੍ਰਰਨਾ ਵੀ ਕੀਤੀ। ਇਸੇ ਦੌਰਾਨ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਤੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਚਕਾਰ ਸਥਿਤ ਗੁਰੂ ਕੇ ਬਾਗ ਵਿਖੇ ਵਾਤਾਵਰਣ ਦੀ ਸਾਂਭ-ਸੰਭਾਲ ਦੇ ਸੁਨੇਹੇ ਤਹਿਤ ਬੂਟੇ ਲਗਾ ਕੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਨਰਿੰਦਰ ਸਿੰਘ ਮਥਰੇਵਾਲ, ਸ. ਜਸਪਾਲ ਸਿੰਘ ਢੱਡੇ, ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀ, ਸ. ਬਿਕਰਮਜੀਤ ਸਿੰਘ ਝੰਗੀ, ਸ. ਯੁਵਰਾਜ ਸਿੰਘ, ਚੀਫ ਸ. ਜਗਦੀਸ਼ ਸਿੰਘ ਬੁੱਟਰ, ਸ. ਗੁਰਪ੍ਰਤਾਪ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *