ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2026: BJP ਨੇ 111 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
ਕੋਲਕਾਤਾ 19 ਮਾਰਚ (ਮਧੂਸਾਰ ਬਿਊਰੋ) ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2026 ਲਈ ਭਾਰਤੀ ਜਨਤਾ ਪਾਰਟੀ (2JP) ਨੇ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪਾਰਟੀ ਨੇ 111 ਸੀਟਾਂ ਲਈ ਨਾਵਾਂ ਦਾ ਐਲਾਨ ਕੀਤਾ ਹੈ, ਜਿਸ ਵਿੱਚ ਕਈ ਵੱਡੇ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਕੁਝ ਪੁਰਾਣੇ ਨਾਵਾਂ ਵਿੱਚ ਫੇਰਬਦਲ ਵੀ ਕੀਤਾ ਗਿਆ ਹੈ। ਭਾਜਪਾ ਨੇ ਸਾਬਕਾ ਸੰਸਦ ਮੈਂਬਰ ਅਤੇ ਮਸ਼ਹੂਰ ਅਦਾਕਾਰਾ ਰੂਪਾ ਗਾਂਗੁਲੀ ਨੂੰ ਸੋਨਾਰਪੁਰ ਦੱਖਣ ਤੋਂ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਸਾਬਕਾ ਸੰਸਦ ਮੈਂਬਰ ਅਰਜੁਨ ਸਿੰਘ ਨੂੰ ਨੋਆਪਾਰਾ ਅਤੇ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਸ਼ੀਥ ਪ੍ਰਮਾਣਿਕ ਨੂੰ ਮਾਥਾਭਾਂਗਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। 2021 ਵਿੱਚ ਮਮਤਾ ਬਨਰਜੀ ਵਿਰੁੱਧ ਉਪ-ਚੋਣ ਲੜਨ ਵਾਲੀ ਪਿ੍ਰਅੰਕਾ ਟਿਬਰੇਵਾਲ ਨੂੰ ਇਸ ਵਾਰ ਐਂਟਾਲੀ ਤੋਂ ਟਿਕਟ ਦਿੱਤੀ ਗਈ ਹੈ। ਪਾਰਟੀ ਨੇ ਰਣਨੀਤਕ ਤੌਰ ’ਤੇ ਕੁਝ ਬਦਲਾਅ ਵੀ ਕੀਤੇ ਹਨ। ਸੰਦੇਸ਼ਖਲੀ ਮਾਮਲੇ ਵਿੱਚ ਚਰਚਿਤ ਰਹੀ ਰੇਖਾ ਪਾਤਰਾ ਨੂੰ ਹੁਣ ਸੰਦੇਸ਼ਖਲੀ ਦੀ ਬਜਾਏ ਹਿੰਗਲਗੰਜ (ਅਨੁਸੂਚਿਤ ਜਾਤੀ) ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਹੁਣ ਤੱਕ ਕੁੱਲ 255 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ, ਜਿਸ ਵਿੱਚ ਪਹਿਲੀ ਸੂਚੀ ਵਿੱਚ ਜਾਰੀ ਕੀਤੇ ਗਏ 144 ਨਾਮ ਵੀ ਸ਼ਾਮਲ ਸਨ। ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ’ਤੇ ਮੋਹਰ ਲਗਾਉਣ ਲਈ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਕੱਲ੍ਹ ਹੋਈ ਸੀ। ਇਸ ਮਹੱਤਵਪੂਰਨ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਸਮੇਤ ਹੋਰ ਸੀਨੀਅਰ ਆਗੂ ਹਾਜ਼ਰ ਸਨ।

