ਵਿਦੇਸ਼ ਮੰਤਰੀ ਜੈਸ਼ੰਕਰ ਜੀ-7 ਬੈਠਕ ਲਈ ਫਰਾਂਸ ਰਵਾਨਾ
ਨਵੀਂ ਦਿੱਲੀ 26 ਮਾਰਚ (ਮਧੂਸਾਰ ਬਿਊਰੋ) ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਅਹਿਮ ਬੈਠਕ ਵਿੱਚ ਹਿੱਸਾ ਲੈਣ ਲਈ ਵੀਰਵਾਰ ਨੂੰ ਫਰਾਂਸ ਲਈ ਰਵਾਨਾ ਹੋ ਗਏ ਹਨ। ਹਾਲਾਂਕਿ ਭਾਰਤ ਜੀ-7 ਸਮੂਹ ਦਾ ਸਥਾਈ ਮੈਂਬਰ ਨਹੀਂ ਹੈ, ਪਰ ਮੌਜੂਦਾ ਪ੍ਰਧਾਨ ਫਰਾਂਸ ਨੇ ਭਾਰਤ ਨੂੰ ਇੱਕ ਸਾਥੀ ਦੇਸ਼ ਵਜੋਂ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਹੈ। ਭਾਰਤ ਤੋਂ ਇਲਾਵਾ ਸਾਊਦੀ ਅਰਬ, ਦੱਖਣੀ ਕੋਰੀਆ ਅਤੇ ਬ੍ਰਾਜ਼ੀਲ ਨੂੰ ਵੀ ਇਸ ਬੈਠਕ ਲਈ ਸੱਦਿਆ ਗਿਆ ਹੈ। ਇਸ ਬੈਠਕ ਦਾ ਮੁੱਖ ਏਜੰਡਾ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਨੂੰ ਘੱਟ ਕਰਨਾ ਅਤੇ ਹੋਰਮੁਜ਼ ਜਲਡਮਰੂਮੱਧ (Strait of 8ormu੍ਰ) ਨੂੰ ਅੰਤਰਰਾਸ਼ਟਰੀ ਜਹਾਜ਼ਰਾਨੀ ਲਈ ਖੁੱਲ੍ਹਾ ਰੱਖਣਾ ਹੈ,। ਸੂਤਰਾਂ ਅਨੁਸਾਰ, ਇਸ ਸਮੁੰਦਰੀ ਮਾਰਗ ਰਾਹੀਂ ਦੁਨੀਆ ਦਾ ਲਗਭਗ 20 ਫੀਸਦੀ ਤੇਲ ਅਤੇ ਐਲ.ਐਨ.ਜੀ. ਲੰਘਦਾ ਹੈ। ਇਰਾਨ ਵੱਲੋਂ ਇਸ ਮਾਰਗ ਵਿੱਚ ਪੈਦਾ ਕੀਤੇ ਗਏ ਅੜਿੱਕਿਆਂ ਕਾਰਨ ਗਲੋਬਲ ਪੱਧਰ ’ਤੇ ਤੇਲ ਦੀਆਂ ਕੀਮਤਾਂ ਵਧੀਆਂ ਹਨ, ਜਿਸ ਨਾਲ ਭਾਰਤ ਦੀ ਊਰਜਾ ਅਤੇ ਖਾਦ ਸੁਰੱਖਿਆ ’ਤੇ ਗੰਭੀਰ ਅਸਰ ਪੈ ਸਕਦਾ ਹੈ।
ਵਿਦੇਸ਼ ਮੰਤਰੀ 26 ਅਤੇ 27 ਮਾਰਚ ਨੂੰ ਫਰਾਂਸ ਵਿੱਚ ਰਹਿਣਗੇ, ਜਿੱਥੇ ਉਹ ਜੀ-7 ਦੇਸ਼ਾਂ (ਅਮਰੀਕਾ, ਕੈਨੇਡਾ, ਜਰਮਨੀ, ਇਟਲੀ, ਫਰਾਂਸ, ਜਾਪਾਨ ਅਤੇ ਬਿ੍ਰਟੇਨ) ਦੇ ਚੋਟੀ ਦੇ ਡਿਪਲੋਮੈਟਾਂ ਨਾਲ ਮੁਲਾਕਾਤ ਕਰਨਗੇ। ਬੈਠਕ ਦੌਰਾਨ ਇਰਾਨ ਦੇ ਪ੍ਰਮਾਣੂ ਨਾਲ ਨਜਿੱਠਣ ਦੇ ਤਰੀਕਿਆਂ ’ਤੇ ਵੀ ਚਰਚਾ ਹੋਣ ਦੀ ਉਮੀਦ ਹੈ। ਜੈਸ਼ੰਕਰ ਇਸ ਦੌਰੇ ਦੌਰਾਨ ਆਪਣੇ ਹਮਰੁਤਬਾ ਮੰਤਰੀਆਂ ਨਾਲ ਦੁਵੱਲੀ ਗੱਲਬਾਤ ਵੀ ਕਰ ਸਕਦੇ ਹਨ। ਜੀ-7 ਦੁਨੀਆ ਦੀਆਂ ਸੱਤ ਸਭ ਤੋਂ ਉੱਨਤ ਅਰਥਵਿਵਸਥਾਵਾਂ ਦਾ ਸਮੂਹ ਹੈ, ਜੋ ਗਲੋਬਲ ਆਰਥਿਕ ਅਤੇ ਭੂ-ਰਾਜਨੀਤਿਕ ਚੁਣੌਤੀਆਂ ’ਤੇ ਤਾਲਮੇਲ ਬਣਾਉਣ ਲਈ ਇੱਕ ਮੁੱਖ ਮੰਚ ਵਜੋਂ ਕੰਮ ਕਰਦਾ ਹੈ।

