ਪੰਜਾਬ

ਸਿੱਧੂ ਨੇ ਇਕਹਿਰੀ ਬੋਲੀ ਰਾਂਹੀ 18 ਖੱਡਾਂ ਕਾਂਗਰਸੀ ਵਿਧਾਇਕਾਂ ਨੂੰ ਦੇਣ ਦਾ ਵਿਰੋਧ ਕਿਉਂ ਨਹੀਂ ਕੀਤਾ: ਅਕਾਲੀ ਦਲ

ਚੰਡੀਗੜ੍ਹ 7 ਜੁਲਾਈ (ਮਧੂਸਾਰ ਬਿਊਰ) ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੂੰ ਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਉਸ ਨੇ ਕਾਂਗਰਸੀ ਵਿਧਾਇਕਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇਕਹਿਰੀ ਬੋਲੀ ਰਾਹੀਂ ਦਿੱਤੀਆਂ 18 ਰੇਤ ਦੀਆਂ ਖੱਡਾਂ ਦੇ ਖਿਲਾਫ ਕਿਉਂ ਅਵਾਜ਼ ਨਹੀਂ ਉਠਾਈ ਜਦਕਿ 4 ਨਿਗਰਾਨ ਇੰਜਨੀਅਰਾਂ ਖਿਲਾਫ ਸਿਵਲ ਵਰਕਸ ਦੀ ਅਲਾਟਮੈਂਟ ਨੂੰ ਲੈ ਕੇ ਉਸ ਨੇ ਇਸੇ ਆਧਾਰ ਉੱਤੇ ਕਾਰਵਾਈ ਕੀਤੀ ਹੈ।
ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਸਾਂਸਦਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਉਹ ਸਿਵਲ ਵਰਕਸ ਦੀ ਇਕਹਿਰੀ ਬੋਲੀ ਰਾਂਹੀ ਅਲਾਟਮੈਂਟ ਕਰਨ ਵਾਲੇ 4 ਨਿਗਰਾਨ ਇੰਜਨੀਅਰਾਂ ਦੀ ਬਰਤਰਫੀ ਦਾ ਸਵਾਗਤ ਕਰਦੇ ਹਨ। ਪਰ ਨਾਲ ਹੀ ਉਹਨਾਂ ਸਿੱਧੂ ਨੂੰ ਪੁੱਛਿਆ ਕਿ ਉਹ ਉਹਨਾਂ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਦੀ ਮੰਗ ਕਿਉਂ ਨਹੀਂ ਕਰ ਰਿਹਾ, ਜਿਹਨਾਂ ਨੇ ਇਕਹਿਰੀ ਬੋਲੀ ਰਾਹੀਂ 18 ਰੇਤ ਦੀਆਂ ਖੱਡਾਂ ਹਾਸਿਲ ਕੀਤੀਆਂ ਹਨ। ਉਹਨਾਂ ਕਿਹਾ ਕਿ ਕੀ ਇਹ ਕਾਨੂੰਨ ਸਾਰਿਆਂ ਲਈ ਬਰਾਬਰ ਨਹੀ ਹੈ? ਕਾਨੂੰਨ ਕਹਿੰਦਾ ਹੈ ਕਿ ਰੇਤ ਦੀਆਂ ਖੱਡਾਂ ਦੀ ਨੀਲਾਮੀ ਵਾਸਤੇ ਘੱਟੋ ਘੱਟ ਤਿੰਨ ਬੋਲੀਆਂ ਹੋਣੀਆਂ ਚਾਹੀਦੀਆਂ ਹਨ। ਇੱਥੋਂ ਤਕ ਕਿ ਰਾਜਸਥਾਨ ਦੀ ਸਰਕਾਰ ਨੇ ਵੀ ਪਿਛਲੇ ਸਾਲ ਆਪਣੀ ਬੋਲੀ ਰੱਦ ਕਰ ਦਿੱਤੀ ਸੀ , ਜਦੋ ਉਸ ਨੂੰ ਪਤਾ ਲੱਗਿਆ ਸੀ ਕਿ ਰੇਤ ਦੀਆਂ ਖੱਡਾਂ ਵਾਸਤੇ ਤਿੰਨ ਬੋਲੀਆਂ ਨਹੀਂ ਸੀ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਮੀਡੀਆ ਵਿਚ ਵਾਰ ਵਾਰ ਉੱਛਲਣ ਦੇ ਬਾਵਜੂਦ ਇਹ ਮੁੱਦਾ ਤੁਹਾਡੀਆਂ ਨਜ਼ਰਾਂ ਤੋਂ ਕਿਵੇਂ ਬਚ ਕੇ ਨਿਕਲ ਗਿਆ? ਕੀ ਰੇਤ ਖੱਡਾਂ ਦੀ ਨੀਲਾਮੀ ਵਿਚ ਹੋਈ ਘਪਲੇਬਾਜ਼ੀ ਨੂੰ ਤੁਸੀਂ ਇਸ ਨੂੰ ਜਾਣ ਬੁੱਝ ਕੇ ਅੱਖੋਂ-ਪਰੋਖੇ ਕੀਤਾ ਹੈ? ਜਾਂ ਫਿਰ ਤੁਸੀਂ ਦੋਸ਼ੀਆਂ ਦਾ ਬਚਾਅ ਕਰ ਰਹੇ ਹੋ? ਕਿਰਪਾ ਕਰਕੇ ਪੰਜਾਬੀਆਂ ਨੂੰ ਦੱਸੋ ਤਾਂ ਕਿ ਉਹ ਤੁਹਾਡੇ ਅਸਲੀ ਸੁਭਾਅ ਨੂੰ ਸਮਝ ਸਕਣ।
ਅਕਾਲੀ ਸਾਂਸਦਾਂ ਨੇ ਸਿੱਧੂ ਨੂੰ ਇਹ ਵੀ ਪੁੱਛਿਆ ਕਿ ਕੀ ਉਹ ਸਿਰਫ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਹੀ ਜ਼ਮੀਰ ਦੀ ਆਵਾਜ਼ ਸੁਣਨ ਦੀ ਦੁਹਾਈ ਦਿੰਦਾ ਹੈ? ਇਸ ਮੁੱਦੇ ਉੱਤੇ ਤੁਹਾਡੇ ਵਲੋਂ ਵੱਟੀ ਚੁੱਪ ਦਾ ਹੋਰ ਕੀ ਅਰਥ ਕੱਢਿਆ ਜਾਵੇ? ਤੁਸੀਂ ਮੰਤਰੀ ਮੰਡਲ ਵੀ ਇਸ ਮੁੱਦੇ ਨੂੰ ਉਠਾਉਣਾ ਭੁੱਲ ਗਏ। ਨਾ ਹੀ ਤੁਸੀਂ ਇਸ ਮੁੱਦੇ ਉਤੇ ਕਾਰਵਾਈ ਕਰਨ ਲਈ ਮੁੱਖ ਮੰਤਰੀ ਤਕ ਪਹੁੰਚ ਕੀਤੀ। ਇਹ ਸਿਰਫ ਇਸ ਲਈ ਕਿਉਂਕਿ ਦੋਸ਼ੀ ਵਿਅਕਤੀ ਕਾਂਗਰਸੀ ਹਨ? ਕੀ ਇਸ ਮਾਮਲੇ ਵਿਚ ਤੁਹਾਡੀ ਮਸ਼ਹੂਰ ਜ਼ਮੀਰ ਦੀ ਅਵਾਜ਼ ਖਰੀਦੀ ਜਾ ਚੁੱਕੀ ਹੈ?
ਉਹਨਾਂ ਕਿਹਾ ਕਿ ਇਕਹਿਰੀ ਬੋਲੀ ਦੇ ਮਾਮਲੇ ਵਿਚ ਦੋ ਤਰ•ਾਂ ਦੇ ਮਾਪਦੰਡ ਨਹੀਂ ਅਪਣਾਏ ਜਾ ਸਕਦੇ। ਉਹਨਾਂ ਕਿਹਾ ਕਿ ਸਿੱਧੂ ਨੂੰ ਨਿਗਰਾਨ ਇੰਜਨੀਅਰਾਂ ਵਾਂਗ ਉਹਨਾਂ ਸਾਰੇ ਕਾਂਗਰਸੀ ਵਿਧਾਇਕਾਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ, ਜਿਹਨਾਂ ਨੇ 18 ਖੱਡਾਂ ਦੀ ਬੋਲੀ ਜਿੱਤਣ ਲਈ ਗਿਰੋਹ ਬਣਾ ਲਿਆ ਸੀ। ਉਹਨਾਂ ਕਿਹਾ ਕਿ ਇੱਕ ਅਖੌਤੀ ਲੋਕ ਹਿਤੈਸ਼ੀ ਵਿਅਕਤੀ ਵਜੋਂ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿਉਂਕਿ ਇਕਹਿਰੀਆਂ ਬੋਲੀਆਂ ਨੇ ਅਜਾਰੇਦਾਰੀ ਕਾਇਮ ਕਰ ਦਿੱਤੀ ਹੈ, ਜਿਸ ਨਾਲ ਪੂਰੇ ਸੂਬੇ ਅੰਦਰ ਰੇਤ ਦੀਆਂ ਕੀਮਤਾਂ ਵਿਚ ਉਛਾਲ ਆ ਗਿਆ ਹੈ।
ਅਕਾਲੀ ਆਗੂਆਂ ਨੇ ਸਿੱਧੂ ਨੂੰ ਕਿਹਾ ਕਿ ਜੇਕਰ ਉਹ ਇਸ ਲਈ ਚੁੱਪ ਹੈ ਕਿਉਂਕਿ ਮੁੱਖ ਮੰਤਰੀ ਨੇ ਇਕਹਿਰੀ ਬੋਲੀਆਂ ਨੂੰ ਇਹ ਕਹਿੰਦਿਆਂ ਸਹੀ ਠਹਿਰਾ ਦਿੱਤਾ ਹੈ ਕਿ ਸਾਰੀਆਂ ਬੋਲੀਆਂ ਲੋੜੀਂਦੇ ਸਲਾਹ ਮਸ਼ਵਰੇ ਤੋਂ ਬਾਅਦ ਸਵੀਕਾਰ ਕੀਤੀਆਂ ਗਈਆਂ ਹਨ ਤਾਂ ਪੰਜਾਬੀ ਇਹ ਜਾਣਨਾ ਚਾਹੁੰਦੇ ਹਨ ਕਿ ਇਹ ਸਲਾਹ ਮਸ਼ਵਰਾ ਕੀ ਸੀ? ਕਿਉਂਕਿ ਸਾਰੀ ਨੀਲਾਮੀ ਇੱਕ ਵੱਡਾ ਘਪਲਾ ਸਾਬਿਤ ਹੋ ਚੁੱਕੀ ਹੈ, ਜਿਸ ਵਿਚ ਬਿਜਲੀ ਮੰਤਰੀ ਰਾਣਾ ਗੁਰਜੀਤ ਦੇ ਨੇਪਾਲੀ ਖਾਨਸਾਮੇ ਅਤੇ ਕਰਮਚਾਰੀਆਂ ਵੱਲੋਂ 50 ਕਰੋੜ ਰੁਪਏ ਦੀਆਂ ਖੱਡਾਂ ਲੈਣ ਲਈ ਬੇਨਾਮੀ ਤਬਾਦਲੇ ਕੀਤੇ ਗਏ ਸਨ।
ਸਿੱਧੂ ਨੂੰ ਇਕਹਿਰੀ ਬੋਲੀ ਰਾਂਹੀ 18 ਰੇਤ ਦੀਆਂ ਖੱਡਾਂ ਲੈਣ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਸਿਫਾਰਿਸ਼ ਕਰਨ ਲਈ ਆਖਦਿਆਂ ਅਕਾਲੀ ਸਾਂਸਦਾਂ ਨੇ ਕਿਹਾ ਕਿ ਜੇ ਉਹ ਅਜਿਹਾ ਨਹੀ ਕਰਦਾ ਤਾਂ ਉਹ ਇੱਕ ਵੱਡਾ ਡੀਂਗਮਾਰ ਸਾਬਿਤ ਹੋ ਜਾਵੇਗਾ ਜਿਹੜਾ ਕਿ ਸਿਰਫ ਫੋਕੀ ਸ਼ੁਹਰਤ ਹਾਸਿਲ ਕਰਨ ਲਈ ਵੱਡੇ ਵੱਡੇ ਦਮਗਜੇ ਮਾਰਦਾ ਹੈ। ਇਹ ਤੁਹਾਡੇ ਸੱਚ ਦੀ ਪਰਖ ਦੀ ਘੜੀ ਹੈ। ਜਾਂ ਤਾਂ ਦੋਸ਼ੀ ਕਾਂਗਰਸੀਆਂ ਖਿਲਾਫ ਕਾਰਵਾਈ ਲਈ ਦਬਾਅ ਪਾ ਕੇ ਪੰਜਾਬੀਆਂ ਦੀ ਮੱਦਦ ਕਰੋ ਜਾਂ ਫਿਰ ਸਵੀਕਾਰ ਕਰ ਲਓ ਕਿ ਤੁਸੀਂ ਇਸ ਸਿਸਟਮ ਨੂੰ ਸਾਫ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਭ੍ਰਿਸ਼ਟ ਮੰਤਰੀਆਂ ਦੇ ਜੋਟੀਦਾਰ ਹੋ।

Leave a Reply

Your email address will not be published. Required fields are marked *