ਮੀਂਹ ਪੈਣ ਨਾਲ ਆਟੋਮੈਟਿਕ ਡਰਾਈਵਿੰਗ ਟੈਸਟ ਟਰੈਕ ਨੇ ਛੱਪੜ ਦਾ ਰੂਪ ਧਾਰਿਆ
ਪਟਿਆਲਾ (ਅਮਰਜੀਤ ਸਿੰਘ/ਮਧੂਸਾਰ ਬਿਊਰੋ)
ਨਾਭਾ ਰੋਡ ਸਥਿਤ ਟਰਾਂਸਪੋਰਟ ਵਿਭਾਗ ਦੇ ਆਟੋਮੈਟਿਕ ਡਰਾਈਵਿੰਗ ਟੈਸਟ ਟ੍ਰੈਕ ‘ਤੇ ਥੋੜ੍ਹੀ ਬਰਸਾਤ ਹੋਣ ਕਾਰਨ ਟ੍ਰੈਕ ਨੇ ਛੱਪੜ ਦਾ ਰੂਪ ਧਾਰ ਲਿਆ ਹੈ। ਟ੍ਰੈਕ ਚਾਲੂ ਹੋਏ ਨੂੰ 5 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਟਰਾਂਸਪੋਰਟ ਵਿਭਾਗ ਨੇ ਅਜੇ ਤੱਕ ਟ੍ਰੈਕ ਦੀ ਕੱਚੀ ਜਗ੍ਹਾ ਨੂੰ ਪੱਕਾ ਨਹੀਂ ਕੀਤਾ।
ਟ੍ਰੈਕ ‘ਤੇ ਪਾਣੀ ਖੜ੍ਹਨ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ।। ਟ੍ਰੈਕ ਦੀ ਕੱਚੀ ਜਗ੍ਹਾ ਦੀ ਖਸਤਾ ਹਾਲਤ ਨੂੰ ਦੇਖਦਿਆਂ ਟੈਸਟ ਦੇਣ ਆਈ ਪਬਲਿਕ ਵੀ ਟੈਸਟ ਦੇਣ ਤੋਂ ਕਤਰਾਉਂਦੀ ਰਹੀ, ਜਿਸ ਕਾਰਨ ਕੱਚੀ ਜਗ੍ਹਾ ਵਿਚ ਕਾਰ ਫੱਸ ਜਾਂਦੀ ਹੈ।
ਇਸ ਤੋਂ ਪਹਿਲਾਂ ਵੀ ਬਰਸਾਤੀ ਮੌਸਮ ਵਿਚ ਕਈ ਲੋਕਾਂ ਨੇ ਆਪਣੇ ਵਾਹਨ ਫਸਾ ਕੇ ਆਪਣਾ ਨੁਕਸਾਨ ਕਰਵਾਇਆ ਹੈ।। ਟ੍ਰੈਕ ‘ਤੇ ਬਰਸਾਤੀ ਪਾਣੀ ਖੜ੍ਹਾ ਰਹਿਣ ਕਾਰਨ ਪੈਦਲ ਚੱਲਣਾ ਵੀ ਮੁਸ਼ਕਲ ਹੈ। ਟ੍ਰੈਕ ਦੀ ਕੱਚੀ ਜਗ੍ਹਾ ਨੂੰ ਪੱਕਾ ਕਰਵਾਉਣ ਦੇ ਮਾਮਲੇ ਵਿਚ ਟਰਾਂਸਪੋਰਟ ਵਿਭਾਗ ਬਜਟ ਦੀ ਘਾਟ ਕਹਿ ਕੇ ਪੱਲਾ ਝਾੜ ਲੈਂਦਾ ਹੈ, ਜਿਸ ਦਾ ਖਮਿਆਜ਼ਾ ਆਮ ਪਬਲਿਕ ਨੂੰ ਹੀ ਭੁਗਤਣਾ ਪੈ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ, ਬਠਿੰਡਾ ਤੇ ਹੋਰ ਕਈ ਜ਼ਿਲਿਆਂ ਵਿਚ ਟ੍ਰੈਕ ਦੀ ਕੱਚੀ ਜਗ੍ਹਾ ‘ਤੇ ਟਾਈਲਾਂ ਲਾਈਆਂ ਹੋਈਆਂ ਹਨ ਪਰ ਜ਼ਿਲਾ ਪਟਿਆਲਾ ਵਿਖੇ ਟ੍ਰੈਕ ‘ਤੇ ਟਾਈਲਾਂ ਲਗਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਟ੍ਰੈਕ ‘ਤੇ ਆਈ ਆਮ ਪਬਲਿਕ ਦਾ ਕਹਿਣਾ ਹੈ ਕਿ ਸ਼ਾਇਦ ਟਰਾਂਸਪੋਰਟ ਵਿਭਾਗ ਕਿਸੇ ਹਾਦਸੇ ਦੀ ਉਡੀਕ ਵਿਚ ਹੈ।।

