80 ਸਾਲਾ ਮਾਂ ਨੇ ਸ਼ਹੀਦ ਪੁੱਤਰ ਦੀ ਅਰਥੀ ਨੂੰ ਮੋਢਾ ਦੇ ਕੇ ਪੇਸ਼ ਕੀਤੀ ਮਿਸਾਲ
ਸ਼ਹੀਦ ਮਦਨ ਲਾਲ ਸ਼ਰਮਾ ਦਾ ਸੈਨਿਕ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ
ਅਤਿਵਾਦੀਆਂ ਦੀ ਘੁਸਪੈਠ ਨੂੰ ਰੋਕਣ ਸਮੇਂ ਹੋਈ ਮੁੱਠਭੇੜ ‘ਚ ਹੋਇਆ ਸੀ ਸ਼ਹੀਦ
ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਾਗਰ)
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਨੌਗਾਂਵ ਸੈਕਟਰ ਵਿੱਚ ਅਤਿਵਾਦੀਆਂ ਦੀ ਘੁਸਪੈਠ ਨੂੰ ਰੋਕਣ ਸਮੇਂ ਦੋਨਾਂ ਤਰਫ਼ੋਂ ਹੋਈ ਫ਼ਾਈਰਿੰਗ ‘ਚ ਸ਼ਹੀਦ ਹੋਏ ਕਸਬਾ ਘਰੋਟਾ ਦੇ ਹੌਲਦਾਰ ਮਦਨ ਲਾਲ ਸ਼ਰਮਾ ਦਾ ਅੱਜ ਪੂਰੇ ਸੈਨਿਕ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਹ ਫ਼ੌਜ ਦੀ 20 ਡੋਗਰਾ ਯੂਨਿਟ ਦੇ ਜਾਂਬਾਜ ਸਿਪਾਹੀ ਸਨ।
ਇਸ ਮੌਕੇ ਸੈਨਾ ਦੀ 21 ਸਬ ਏਰੀਆ ਦੇ ਐਡਮ ਕਮਾਂਡਰ ਕਰਨਲ ਸੰਜੇ ਪਾਂਡੇ, ਲੈਫ਼ਟੀਨੈਂਟ ਕਰਨਲ ਗੌਰਵ ਸ਼ਰਮਾ, ਸ਼ਹੀਦ ਦੀ ਯੂਨਿਟ ਦੇ ਸੂਬੇਦਾਰ ਸਤਪਾਲ ਸਿੰਘ, ਹਲਕਾ ਭੋਆ ਤੋਂ ਸੰਸਦੀ ਸਕੱਤਰ ਸੀਮਾ ਕੁਮਾਰੀ, ਡਿਪਟੀ ਕਮਿਸ਼ਨ ਅਮਿਤ ਕੁਮਾਰ, ਐਸਐਸਪੀ ਰਾਕੇਸ਼ ਕੌਸ਼ਲ, ਐਸਡੀਐਮ ਅਮਿਤ ਮਹਾਜਨ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਅਤੇ ਜ਼ਿਲ੍ਹਾ ਸੁਰੱਖਿਆ ਸੇਵਾਵਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਨਲ ਸਤਬੀਰ ਸਿੰਘ ਵੱਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਤੋਂ ਪਹਿਲਾਂ ਤਿਰੰਗੇ ਵਿੱਚ ਲਪੇਟੀ ਸ਼ਹੀਦ ਦੀ ਮ੍ਰਿਤਕ ਦੇਹ ਜਦੋਂ ਪਿੰਡ ਪਹੁੰਚੀ ਤਾਂ ਉੱਥੇ ਮੌਜੂਦ ਸੈਕੜੇ ਅੱਖਾਂ ਨਮ ਹੋ ਗਈਆਂ ਅਤੇ ਲੋਕਾਂ ਵਿੱਚ ਦਹਿਸ਼ਤੀ ਹਮਲੇ ਨੂੰ ਲੈ ਕੇ ਪਾਕਿਤਸਾਨ ਖ਼ਿਲਾਫ਼ ਗੁੱਸਾ ਫੁੱਟ ਪਿਆ। ਲੋਕਾਂ ਵੱਲੋਂ ਇਸ ਮੌਕੇ ਹੱਥਾਂ ਵਿੱਚ ਤਿਰੰਗੇ ਫੜ ਕੇ ਪਾਕਿਸਤਾਨ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਮਾਰੇ ਗਏ। ਇਸ ਤੋਂ ਇਲਾਵਾ ਫ਼ੌਜ ਦਾ ਹੌਸਲਾ ਵਧਾਉਣ ਲਈ ਭਾਰਤੀ ਫ਼ੌਜ ਜ਼ਿੰਦਾਬਾਦ ਤੇ ਸ਼ਹੀਦ ਮਦਨ ਲਾਲ ਅਮਰ ਰਹੇ ਦੇ ਨਾਰੇ ਵੀ ਲਗਾਏ ਗਏ। ਇਸ ਮੌਕੇ ਸ਼ਹੀਦ ਦੀ ਮਾਂ ਧਰਮੋ ਦੇਵੀ ਅਤੇ ਪਤਨੀ ਭਾਵਨਾ ਸ਼ਰਮਾ ਦਾ ਰੋ-ਰੋ ਕੇ ਬੁਰਾ ਹਾਲ ਸੀ ਜਦਕਿ ਪੰਜ ਸਾਲਾ ਬੇਟੀ ਸ਼ਵੇਤਾ ਅਤੇ ਢਾਈ ਸਾਲ ਦੇ ਬੇਟੇ ਕਨਵ ਇਸ ਦੁਖਦਾਈ ਘਟਨਾ ਤੋਂ ਅਣਜਾਨ ਸਨ। ਅੰਤਿਮ ਸਸਕਾਰ ਮੌਕੇ ਮਾਂ ਵੱਲੋਂ ਆਪਣੇ ਹੰਝੂਆਂ ਨੂੰ ਸੀਨੇ ਵਿੱਚ ਦਬਾਅ ਕੇ ਉਸ ਵੇਲੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਗਈ ਜਦੋਂ ਉਨ੍ਹਾਂ ਖ਼ੁਦ ਆਪਣੇ ਸ਼ਹੀਦ ਪੁੱਤਰ ਦੀ ਅਰਥੀ ਨੂੰ ਮੋਢਾ ਦਿੱਤਾ। ਬਾਅਦ ਵਿੱਚ ਸੈਨਾ ਦੀ 2 ਡੋਗਰਾ ਰੈਜੀਮੈਂਟ ਦੇ ਜਵਾਨਾਂ ਨੇ ਹਵਾ ਵਿੱਚ ਗੋਲੀਆਂ ਚਲਾ ਕੇ ਅਤੇ ਹੱਥਿਅਰ ਉਲਟੇ ਕਰਕੇ ਮਾਤਮੀ ਧੁੰਨ ‘ਤੇ ਸ਼ਹੀਦ ਨੂੰ ਸਲਾਮੀ ਦਿੱਤੀ। ਸ਼ਹੀਦ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਕਨਵ ਅਤੇ ਭਤੀਜੇ ਰੋਹਿਤ ਵੱਲੋਂ ਦਿੱਤੀ ਗਈ।
ਇਸ ਮੌਕੇ ਸੰਸਦੀ ਸਕੱਤਰ ਸੀਮਾ ਕੁਮਾਰੀ ਅਤੇ ਡੀਸੀ ਅਮਿਤ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਤਰਫ਼ੋਂ ਸ਼ਹੀਦ ਪਰਿਵਾਰ ਦੇ ਮਾਨ ਸਨਮਾਨ ਨੂੰ ਬਹਾਲ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਐਡਮ ਕਮਾਂਡਰ ਕਰਨਲ ਸੰਜੇ ਪਾਂਡੇ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ 15 ਦਿਨਾਂ ਦੇ ਅੰਦਰ ਸ਼ਹੀਦ ਪਰਿਵਾਰ ਨੂੰ ਦਿੱਤੀਆਂ ਜਾਣ ਵਾਲੀਆਂ ਤਮਾਮ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਹੀਦ ਮਦਨ ਲਾਲ ਸ਼ਰਮਾ ਦੀ ਯਾਦ ਵਿੱਚ ਪਿੰਡ ‘ਚ ਯਾਦਗਾਰੀ ਗੇਟ ਸਥਾਪਿਤ ਕੀਤਾ ਜਾਵੇ, ਤਾਂ ਜੋ ਨੌਜਵਾਨ ਪੀੜੀ ਪ੍ਰੇਰਣਾ ਲੈ ਕੇ ਅਪਣੇ ਅੰਦਰ ਦੇਸ਼ ਭਗਤੀ ਦੀ ਅਲਖ ਜਗਾ ਸਕੇ। ਇਸ ਮੌਕੇ ਜ਼ਿਲ੍ਹਾ ਐਨਆਈਆਰ ਸਭਾ ਦੇ ਪ੍ਰਧਾਨ ਐਨਪੀ ਸਿੰਘ ਸੈਣੀ, ਡੀਐਸਪੀ ਕੁਲਦੀਪ ਸਿੰਘ, ਐਸਐਚਓ ਵਿਪਨ ਕੁਮਾਰ, ਨਾਇਕ ਸੂਬੇਦਾਰ ਅਜੇ ਸਿੰਘ, ਦਿਲਬਾਗ ਸਿੰਘ, ਸੂਬੇਦਾਰ ਮੇਜਰ ਸ਼ਾਮ ਸਿੰਘ, ਠਾਕੁਰ ਵਿਜੇ ਸਿੰਘ, ਸ਼ਹੀਦ ਦੇ ਭਰਾ ਵੇਦ ਪ੍ਰਕਾਸ਼ ਤੇ ਰਾਮ ਲਾਲ, ਸਰਪੰਚ ਨਰੇਸ਼ ਕੁਮਾਰ, ਕਰਨਲ ਐਚਐਸ ਕਨਵਰ, ਸੂਬੇਦਾਰ ਐਮਐਲ ਸ਼ਰਮਾ, ਅਸ਼ੋਕ ਮਹਾਜਨ, ਦਰਸ਼ਨਾ ਕਾਟਲ ਅਤੇ ਠਾਕੁਰ ਸਵਰਨ ਸਿੰਘ ਤੋਂ ਇਲਾਵਾ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।

