ਓਡੀਸ਼ਾ ’ਚ ਵੱਡਾ ਹਾਦਸਾ: 40 ਫੁੱਟ ਡੂੰਘੀ ਖਾਈ ’ਚ ਡਿੱਗੀ ਸਰਕਾਰੀ ਬੱਸ, ਪੈ ਗਿਆ ਚੀਕ-ਚਿਹਾੜਾ
ਨਵੀਂ ਦਿੱਲੀ 11 ਅਪ੍ਰੈਲ (ਮਧੂਸਾਰ ਬਿਊਰੋ) ਓਡੀਸ਼ਾ ਦੇ ਕੋਰਾਪੁਰ ਜ਼ਿਲੇ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਰਾਜ ਟ੍ਰਾਂਸਪੋਰਟ ਦੀ ਇੱਕ ਬੱਸ ਬੇਕਾਬੂ ਹੋ ਕੇ 40 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂ ਕਿ 20 ਹੋਰ ਲੋਕ ਜ਼ਖਮੀ ਹੋ ਗਏ ਹਨ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਪੋਟਾਂਗੀ ਬਲਾਕ ਦੇ ਸੁਨਕੀ ਘਾਟ ਖੇਤਰ ਵਿੱਚ ਰਾਤ ਕਰੀਬ 2 ਵਜੇ ਵਾਪਰਿਆ। ਓਡੀਸ਼ਾ ਰਾਜ ਸੜਕ ਆਵਾਜਾਈ ਨਿਗਮ ਦੀ ਇਹ ਬੱਸ ਭਵਾਨੀਪਟਨਾ ਤੋਂ ਗੁਆਂਢੀ ਰਾਜ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਜਾ ਰਹੀ ਸੀ। ਸੁਨਕੀ ਥਾਣਾ ਇੰਚਾਰਜ ਨੇ ਦੱਸਿਆ ਕਿ ਇੱਕ ਤਿੱਖੇ ਮੋੜ ’ਤੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਖੋ ਦਿੱਤਾ, ਜਿਸ ਕਾਰਨ ਬੱਸ ਰਾਸ਼ਟਰੀ ਰਾਜਮਾਰਗ ਤੋਂ ਉਤਰ ਕੇ ਖਾਈ ਵਿੱਚ ਜਾ ਡਿੱਗੀ। ਹਾਦਸੇ ਤੋਂ ਤੁਰੰਤ ਬਾਅਦ ਜੈਪੁਰ ਅਤੇ ਸੇਮੀਲੀਗੁਡਾ ਤੋਂ ਫਾਇਰ ਬਿ੍ਰਗੇਡ ਦੇ ਕਰਮਚਾਰੀ ਬਚਾਅ ਕਾਰਜ ਲਈ ਮੌਕੇ ’ਤੇ ਪਹੁੰਚੇ। ਮਿ੍ਰਤਕ ਦੀ ਪਛਾਣ ਕਾਲਾਹਾਂਡੀ ਜ਼ਿਲੇ ਦੇ ਰਹਿਣ ਵਾਲੇ ਜਮਬਾਬ ਬਿਹਾਰੀ (40) ਵਜੋਂ ਹੋਈ ਹੈ। ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਚਾਰ ਯਾਤਰੀਆਂ ਨੂੰ ਕੋਰਾਪੁਰ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਹੈ, ਜਦੋਂ ਕਿ ਦੋ ਹੋਰਨਾਂ ਨੂੰ ਵਿਸ਼ਾਖਾਪਟਨਮ ਭੇਜਿਆ ਗਿਆ ਹੈ। ਬੱਸ ਵਿੱਚ ਸਵਾਰ ਇੱਕ ਯਾਤਰੀ ਅਨੁਸਾਰ ਇਹ ਹਾਦਸਾ ਇਸ ਲਈ ਵਾਪਰਿਆ ਕਿਉਂਕਿ ਸ਼ਾਇਦ ਡਰਾਈਵਰ ਨੂੰ ਨੀਂਦ ਆ ਗਈ ਸੀ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ।

