ਅਮਰੀਕਾ ਅਤੇ ਇਰਾਨ ਵਿਚਾਲੇ ਸਿੱਧੀ ਗੱਲਬਾਤ ਸ਼ੁਰੂ ਛੇ ਹਫ਼ਤਿਆਂ ਦੀ ਜੰਗ ਨੂੰ ਖਤਮ ਕਰਨ ਦੀ ਕੋਸ਼ਿਸ਼
ਇਸਲਾਮਾਬਾਦ 11 ਅਪ੍ਰੈਲ (ਮਧੂਸਾਰ ਬਿਊਰੋ) ਅਮਰੀਕਾ ਅਤੇ ਇਰਾਨ ਦੇ ਵੱਡੇ ਅਧਿਕਾਰੀ ਸ਼ਨਿੱਚਰਵਾਰ ਨੂੰ ਇਸਲਾਮਾਬਾਦ ਵਿੱਚ ਗੱਲਬਾਤ ਦੇ ਮੇਜ਼ ਉੱਤੇ ਪਹੁੰਚ ਗਏ ਹਨ। ਪਿਛਲੇ 50 ਸਾਲਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਹ ਸਭ ਤੋਂ ਵੱਡੀ ਗੱਲਬਾਤ ਹੈ, ਜਿਸ ਦਾ ਮਕਸਦ ਪਿਛਲੇ ਛੇ ਹਫ਼ਤਿਆਂ ਤੋਂ ਜਾਰੀ ਜੰਗ ਨੂੰ ਰੋਕਣਾ ਅਤੇ ਸ਼ਾਂਤੀ ਕਾਇਮ ਕਰਨਾ ਹੈ।
ਇਸ ਤੋਂ ਪਹਿਲਾਂ ਅਮਰੀਕੀ ਸਰਕਾਰ ਦਾ ਇੱਕ ਵਿਸ਼ੇਸ਼ ਜਹਾਜ਼ ਅੱਜ ਉੱਚ ਪੱਧਰੀ ਅਧਿਕਾਰੀਆਂ ਨੂੰ ਲੈ ਕੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਹੁੰਚਿਆ। ਪਾਕਿਸਤਾਨੀ ਸੂਤਰਾਂ ਅਨੁਸਾਰ, ਇਹ ਵਫ਼ਦ ਇਰਾਨ ਨਾਲ ਹੋਣ ਵਾਲੀ ਅਹਿਮ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਰਹੇਗਾ। ਜ਼ਿਕਰਯੋਗ ਹੈ ਕਿ ਪਿਛਲੇ ਛੇ ਹਫ਼ਤਿਆਂ ਤੋਂ ਜਾਰੀ ਇਰਾਨ ਦੀ ਜੰਗ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਇਹ ਗੱਲਬਾਤ ਹੋਣ ਜਾ ਰਹੀ ਹੈ। ਇਸ ਭਿਆਨਕ ਜੰਗ ਕਾਰਨ ਮੱਧ ਪੂਰਬ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜੰਗ ਦੇ ਪ੍ਰਭਾਵ ਕਾਰਨ ਵਿਸ਼ਵ ਪੱਧਰ ’ਤੇ ਊਰਜਾ ਸਪਲਾਈ ਵਿੱਚ ਵਿਘਨ ਪਿਆ ਹੈ ਅਤੇ ਮਹਿੰਗਾਈ ਵਧਣ ਕਾਰਨ ਦੁਨੀਆ ਦੀ ਆਰਥਿਕਤਾ ਦੀ ਰਫ਼ਤਾਰ ਵੀ ਮੱਠੀ ਪਈ ਹੈ। ਇਸ ਵਾਰਤਾ ਨੂੰ ਵਿਸ਼ਵ ਭਰ ਵਿੱਚ ਸ਼ਾਂਤੀ ਬਹਾਲੀ ਲਈ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ
ਦੱਸ ਦਈਏ ਕਿ ਉਪ ਰਾਸ਼ਟਰਪਤੀ ਜੇਡੀ ਵਾਂਸ ਦੀ ਅਗਵਾਈ ਵਿੱਚ ਅਮਰੀਕੀ ਵਫ਼ਦ, ਜਿਸ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਤੇ ਜਵਾਈ ਜੇਰੇਡ ਕੁਸ਼ਨਰ ਸ਼ਾਮਲ ਹਨ ਕਾਲੀਬਾਫ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਵਾਸ਼ਿੰਗਟਨ ਪਹਿਲਾਂ ਇਰਾਨੀ ਸੰਪਤੀਆਂ ਨੂੰ ਬਹਾਲ ਕਰਨ ਅਤੇ ਲੈਬਨਾਨ ਵਿੱਚ ਜੰਗਬੰਦੀ ਲਈ ਸਹਿਮਤ ਹੋਇਆ ਸੀ, ਜਿੱਥੇ ਮਾਰਚ ਤੋਂ ਚੱਲ ਰਹੀ ਲੜਾਈ ਵਿੱਚ ਲਗਪਗ 2,000 ਲੋਕ ਮਾਰੇ ਗਏ ਹਨ ਅਤੇ ਜਦੋਂ ਤੱਕ ਇਹ ਵਾਅਦੇ ਪੂਰੇ ਨਹੀਂ ਹੁੰਦੇ, ਗੱਲਬਾਤ ਸ਼ੁਰੂ ਨਹੀਂ ਹੋਵੇਗੀ।
ਦੂਜੇ ਪਾਸੇ, ਟਰੰਪ ਨੇ ਸੋਸ਼ਲ ਮੀਡੀਆ ’ਤੇ ਸਖ਼ਤ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਇਰਾਨੀਆਂ ਕੋਲ ਕੋਈ ਮਜ਼ਬੂਤ ਪੱਖ ਨਹੀਂ ਹੈ ਅਤੇ ਉਹ ਸਿਰਫ ਅੰਤਰਰਾਸ਼ਟਰੀ ਜਲ ਮਾਰਗਾਂ ਦੀ ਵਰਤੋਂ ਕਰਕੇ ਦੁਨੀਆ ਨੂੰ ਪਰੇਸ਼ਾਨ ਕਰ ਰਹੇ ਹਨ। ਇਸਲਾਮਾਬਾਦ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਨੂੰ ਕਰੋ ਜਾਂ ਮਰੋ ਵਾਲੀ ਸਥਿਤੀ ਦੱਸਿਆ ਹੈ। ਹਾਲਾਂਕਿ ਟਰੰਪ ਨੇ ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ ਕੀਤਾ ਸੀ, ਪਰ ਹੋਰਮੁਜ਼ ਜਲਮਾਰਗ ਦੀ ਨਾਕਾਬੰਦੀ ਅਤੇ ਲਿਬਨਾਨ ਵਿੱਚ ਇਜ਼ਰਾਈਲ-ਹਿਜ਼ਬੁੱਲਾ ਦੀ ਲੜਾਈ ਅਜੇ ਵੀ ਜਾਰੀ ਹੈ, ਜਿਸ ਕਾਰਨ ਵਿਸ਼ਵ ਊਰਜਾ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਰਾਨ ਦੇ ਨਵੇਂ ਸੁਪਰੀਮ ਲੀਡਰ ਆਇਤੁੱਲਾ ਮੁਜਤਬਾ ਖਮੇਨੇਈ ਨੇ ਵੀ ਜੰਗ ਦੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ, ਜਦਕਿ ਟਰੰਪ ਦੇ ਕਈ ਮੁੱਖ ਉਦੇਸ਼ ਜਿਵੇਂ ਕਿ ਇਰਾਨ ਦੀ ਪਰਮਾਣੂ ਸਮਰੱਥਾ ਨੂੰ ਖ਼ਤਮ ਕਰਨਾ, ਅਜੇ ਵੀ ਪੂਰੇ ਨਹੀਂ ਹੋਏ ਜਾਪਦੇ।

